HOME ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਜਾਂ...

ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਜਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ

2
25 ਤੋਂ 27 ਦਸੰਬਰ ਤੱਕ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼
  (ਸਮਾਜ ਵੀਕਲੀ)  ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਗਵਾਹ। ਸ਼ਹੀਦ ਸੂਰਮੇ, ਅਣਖੀ ਯੋਧੇ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਤਾਂ ਹੀ ਜ਼ਿੰਦਾ ਕੌਮਾਂ ਸ਼ਹੀਦਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ।
ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੋਵੇਂ ਛੋਟੇ ਸਾਹਿਬਜ਼ਾਦੇ ਸਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753, ਸੰਨ 1696 ਈ: ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ: ਨੂੰ ਮਾਤਾ ਜੀਤੋ ਜੀ ਦੇ ਉਦਰ ਤੋਂ ਹੋਇਆ।
ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਅਨੰਦਪੁਰ ਵਿੱਚ ਹੋਇਆ ਤੇ ਸ਼ਹੀਦੀ 3 ਪੋਹ ਸੰਮਤ 1762 ਬਿਕਰਮੀ ਨੂੰ ਸਰਹਿੰਦ ਵਿਖੇ ਹੋਈ। ਬਾਬਾ ਫਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ ਇਕਾਦਸ਼ੀ 1755 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਂਕਿ ਦੋ-ਦੋ ਸਾਹਿਬਜ਼ਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਹਨਾਂ ਨੂੰ ‘ਵੱਡੇ ਸਾਹਿਬਜ਼ਾਦੇ’ ਤੇ ‘ਛੋਟੇ ਸਾਹਿਬਜ਼ਾਦੇ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਲਗਭਗ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਲਗਭਗ 7 ਸਾਲ ਦੀ ਸੀ। ਲਾਸਾਨੀ ਕੁਰਬਾਨੀ ਦੇ ਕਾਰਨ ‘ਬਾਬਾ’ ਪਦ ਨਾਲ ਵੀ ਸਨਮਾਨਿਆ ਜਾਂਦਾ ਹੈ ਅਤੇ ਹਰ ਸਿੱਖ ਰੋਜ਼ਾਨਾ ਅਰਦਾਸ ਕਰਨ ਸਮੇਂ ਇਹਨਾਂ ਦਾ ਨਾਮ ਸ਼ਰਧਾ, ਸਤਿਕਾਰ ਨਾਲ ਲੈਂਦਾ ਹੈ।
ਸਾਕਾ ਸਰਹਿੰਦ ਅਤੇ ਇਸ ਨਾਲ ਸੰਬੰਧਿਤ ਘਟਨਾਵਾਂ ਦਾ ਸਿਲਸਿਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨ ਨਾਲ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਨੇ 19-20 ਦਸੰਬਰ, 5-6 ਪੋਹ 1704 ਈ: ਦੀ ਰਾਤ ਨੂੰ ਆਪਣੇ ਪਰਿਵਾਰ ਅਤੇ ਲਗਭਗ 1200 ਦੇ ਕਰੀਬ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਦ ਕੀਰਤਪੁਰ ਸਾਹਿਬ ਤੋਂ ਹੋ ਕੇ ਸਰਸਾ ਨਦੀ ਕੋਲ ਪਹੁੰਚੇ ਤਾਂ ਮੁਗ਼ਲ ਸੈਨਾ ਨੇ ਪਿਛਿਓਂ ਆ ਕੇ ਇੱਕ ਦਮ ਹਮਲਾ ਕਰ ਦਿੱਤਾ। ਘਮਸਾਨ ਦਾ ਯੁੱਧ ਹੋਇਆ। ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਗ਼ਲ ਸੈਨਾ ਦਾ ਟਾਕਰਾ ਕੀਤਾ। ਗੁਰੂ ਜੀ ਨੇ ਸਰਸਾ ਨਦੀ ਪਾਰ ਕੀਤੀ। ਅੰਮ੍ਰਿਤ ਵੇਲੇ ਭਾਵ 20 ਦਸੰਬਰ 1704 ਈ: (ਸ੍ਰ: ਕੁਲਬੀਰ ਸਿੰਘ ਸਿੱਧੂ ਸਾਬਕਾ ਆਈ.ਏ.ਐਸ ਨੇ ਆਪਣੀ ਪੁਸਤਕ ‘‘ਮਾਨਵਤਾ ਦਾ ਪ੍ਰਣਾਮ ਸਰਬੰਸਦਾਨੀ ਦੇ ਨਾਮ’’ ਵਿੱਚ ਸੰਨ 1705 ਦਿੱਤਾ ਹੈ।) ਨੂੰ ਸਵੇਰੇ ਪਰਿਵਾਰ ਵਿਛੋੜਾ ਹੋ ਗਿਆ। ਗੁਰੂ ਜੀ, ਵੱਡੇ ਸਾਹਿਬਜ਼ਾਦੇ ਤੇ ਕਈ ਸਿੰਘ ਚਮਕੌਰ ਵੱਲ ਚਲੇ ਗਏ। ਇਸ ਮੌਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਵਹੀਰ ਨਾਲੋਂ ਅਲੱਗ ਹੋ ਜਾਂਦੇ ਹਨ। ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਨੇੜੇ ਮੋਰਿੰਡਾ ਆਪਣੇ ਘਰ ਲੈ ਗਿਆ ਤੇ ਆਰਾਮ ਕਰਨ ਲਈ ਇੱਕ ਕਮਰਾ ਦਿੱਤਾ। ਗੰਗੂ ਬ੍ਰਾਹਮਣ ਆਖਰ ਇੱਕ ਨੌਕਰ ਸੀ, ਉਹ ਗੁਰੂ ਘਰ ਦਾ ਸਿੱਖ ਨਹੀਂ ਸੀ। ਇੱਥੇ ਉਸ ਨੇ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਕਿ ਪਹਿਲਾਂ ਤਾਂ ਮਾਤਾ ਗੁਜਰੀ ਜੀ ਕੋਲ ਜੋ ਕੁਝ ਨਕਦੀ ਅਤੇ ਸੋਨਾ ਸੀ, ਉਹ ਰਾਤ ਨੂੰ ਚੋਰ ਬਣ ਕੇ ਚੋਰੀ ਕਰ ਲਿਆ ਤੇ ਸਵੇਰੇ ਚੋਰੀ ਹੋਣ ਦਾ ਡਰਾਮਾ ਰਚਿਆ। ਮਾਤਾ ਜੀ ਤਾਂ ਗੰਗੁੂ ਦੇ ਮਨ ਦੀ ਮਰਜ਼ੀ ਨੂੰ ਪਹਿਲਾਂ ਹੀ ਸਮਝ ਗਏ ਸਨ ਪਰ ਇਹ ਘੋਰ ਵਿਸ਼ਵਾਸਘਾਤ ਹੈ। ਗੰਗੂ ਵੱਲੋਂ ਮੁਖਬਰੀ ਕਰਨ ’ਤੇ ਮੋਰਿੰਡੇ ਦਾ ਕੋਤਵਾਲ (ਥਾਣੇਦਾਰ) 9 ਪੋਹ 23 ਦਸੰਬਰ ਨੂੰ ਮਾਤਾ ਗੁਜਰੀ ਅਤੇ ਦੋਵੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਲੈ ਗਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਅਗਲੀ ਕਾਰਵਾਈ ਤੱਕ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਗੁਰੂ ਘਰ ਦਾ ਸੱਚਾ ਸ਼ਰਧਾਲੂ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਰਾਤ ਨੂੰ ਠੰਡੇ ਬੁਰਜ ਵਿੱਚ ਦਾਖ਼ਲ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ।
   ਅਗਲੇ ਦਿਨ 10 ਪੋਹ (24 ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹੁਕਮ ਨਾਲ ਉਸ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਕਈ ਤਰ੍ਹਾਂ ਦੇ  ਲਾਲਚ ਦਿੱਤੇ ਪਰ ਸਾਹਿਬਜ਼ਾਦਿਆਂ ਨੇ ਸਭ ਕੁਝ ਠੁਕਰਾ ਦਿੱਤਾ। 11 ਪੋਹ (25 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਦੁਬਾਰਾ ਫਿਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
ਕੁਝ ਇਤਿਹਾਸਕਾਰਾਂ ਨੇ ਇੱਕ ਹੋਰ ਘਟਨਾ ਲਿਖੀ ਹੈ:- ਨਵਾਬ ਦੇ ਅਹਿਲਕਾਰਾਂ ਨੇ ਇੱਕ ਗੋਂਦ (ਵਿਉਂਤ, ਤਜ਼ਵੀਜ਼) ਅਨੁਸਾਰ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਸਾਹਿਬਜ਼ਾਦਿਆਂ ਦੇ ਲੰਘਣ ਵਾਸਤੇ ਛੋਟੀ ਜਿਹੀ ਬਾਰੀ ਖੁੱਲ੍ਹੀ ਰੱਖੀ। ਵਿਉਂਤ ਇਹ ਸੀ ਕਿ ਅੰਦਰ ਦਾਖ਼ਲ ਹੋਣ ਲੱਗੇ ਸਾਹਿਬਜ਼ਾਦੇ ਸਿਰ ਝੁਕਾ ਕੇ ਲੰਘਣਗੇ ਤਾਂ ਸਾਰੇ ਦਰਬਾਰੀ ਰੌਲਾ ਪਾ ਦੇਣਗੇ, ਕਿ ਸਾਹਿਬਜ਼ਾਦੇ ਨਵਾਬ ਨੂੰ ਸਲਾਮ ਕਰ ਰਹੇ ਹਨ।
ਦੋ ਸਿਪਾਹੀ, ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਗਏ। ਪੋਤਰਿਆਂ ਨੂੰ ਵਿਦਾ ਕਰਦਿਆਂ ਮਾਤਾ ਗੁਜਰੀ ਜੀ ਨੇ ਏਨਾ ਕਿਹਾ, ‘‘ਮੇਰੇ ਲਾਲ ! ਏਨੀ ਗੱਲ ਯਾਦ ਰੱਖਣੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਗੁਰੂ ਤੇਗ਼ ਬਹਾਦਰ ਜੀ ਦੇ ਪੋਤਰੇ ਹੋ। ਮਰਦਾਂ ਵਾਂਗ ਅਡੋਲ ਰਹਿਣਾ। ਜ਼ਾਲਮ ਸਾਹਮਣੇ ਝੁਕਣਾ ਨਹੀਂ, ਗੱਜ ਕੇ ਫਤਹਿ ਬੁਲਾਉਣੀ।’’ ਸਾਰੇ ਰਾਹ ਸਿਪਾਹੀ ਧਮਕੀਆਂ ਦਿੰਦੇ ਗਏ ਕਿ ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰਨਾ, ਨਹੀਂ ਤਾਂ ਅਣਿਆਈ ਮੌਤ ਮਾਰੇ ਜਾਉਗੇ। ਇਸ ਸਿੱਖਿਆ ਦਾ ਅਸਰ ਸਾਹਿਬਜ਼ਾਦਿਆਂ ਦੇ ਮਨ ਤੇ ਉਲਟਾ ਹੀ ਹੋਇਆ। ਅੱਗੇ ਜਾਂਦਿਆਂ ਨੂੰ ਸਿਰਫ ਛੋਟੀ ਬਾਰੀ ਖੁੱਲ੍ਹੀ ਵੇਖ ਕੇ ਸਾਹਿਬਜ਼ਾਦੇ ਵੈਰੀ ਦੀ ਚਾਲ ਨੂੰ ਕੁਝ-ਕੁਝ ਸਮਝ ਗਏ। ਉਹਨਾਂ ਨੂੰ ਮਾਤਾ ਗੁਜਰੀ ਦੀ ਸੁਣਾਈ ਹੋਈ ਸਾਖੀ ਯਾਦ ਆ ਗਈ। ਵੱਡੇ ਭਰਾ (ਬਾਬਾ ਜ਼ੋਰਾਵਰ ਸਿੰਘ) ਨੇ ਛੋਟੇ (ਬਾਬਾ ਫਤਿਹ ਸਿੰਘ) ਦੇ ਕੰਨ ਵਿੱਚ ਕੁਝ ਸਮਝਾਇਆ। ਸਿਪਾਹੀ ਨੇ ਕੜਕ ਕੇ ਕਿਹਾ, ‘‘ਐਧਰ ਵੇਖੋ ! ਜਿਸ ਤਰ੍ਹਾਂ ਅਗਲਾ ਸਿਪਾਹੀ ਸਲਾਮ ਕਰਦਾ ਹੋਇਆ ਕਚਹਿਰੀ ਵਿੱਚ ਦਾਖ਼ਲ ਹੁੰਦਾ ਹੈ, ਉਸੇ ਤਰ੍ਹਾਂ ਸਲਾਮ ਕਰਨਾ ਹੋਵੇਗਾ।’’ ਇਸ ਢੰਗ ਨਾਲ ਸਾਹਿਬਜ਼ਾਦਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਇੱਕ ਸਿਪਾਹੀ ਉਹਨਾਂ ਦੇ ਅੱਗੇ-ਅੱਗੇ ਬਾਰੀ ਵਿੱਚ ਦੀ ਸਿਰ ਝੁਕਾ ਕੇ ਸਲਾਮ ਕਰਦਾ ਹੋਇਆ ਲੰਘਿਆ। ਉਹਨਾਂ ਦਾ ਖ਼ਿਆਲ ਸੀ ਕਿ ਵੇਖੋ ਵੇਖੀ ਸਾਹਿਬਜ਼ਾਦੇ ਵੀ ਉਸੇ ਤਰ੍ਹਾਂ ਕਰਨਗੇ।
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਛੋਟੇ ਭਰਾ ਦੇ ਅੱਗੇ ਚੱਲ ਪਿਆ। ਉਸ ਨੇ ਪਹਿਲਾਂ ਬਾਰੀ ਵਿੱਚੋਂ ਪੈਰ ਲੰਘਾਏ ਤੇ ਫਿਰ ਸਿਰ ਲੰਘਾਇਆ। ਵੱਡੇ ਭਰਾ ਵੱਲ ਵੇਖ ਕੇ ਛੋਟੇ ਨੇ ਵੀ ਉਸੇ ਤਰ੍ਹਾਂ ਕੀਤਾ। ਨਵਾਬ ਦੇ ਸਾਹਮਣੇ ਨਿਧੜਕ ਖੜ੍ਹੇ ਹੋ ਕੇ ਦੋਹਾਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ। ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ। ਗੁੱਸੇ ਨਾਲ ਬਹੁਤਿਆਂ ਦੇ ਮੱਥੇ ਉੱਤੇ ਵੱਟ ਪੈ ਗਏ। ‘‘ਤੁਹਾਨੂੰ ਸਮਝ ਨਹੀਂ ਕਿ ਮੁਲਜ਼ਮ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ।  ਵਜ਼ੀਰ ਖਾਂ ਨੇ ਮੱਥੇ ’ਤੇ ਤਿਉੜੀਆਂ ਪਾ ਕੇ ਲਿਆਉਣ ਵਾਲੇ ਸਿਪਾਹੀਆਂ ਨੂੰ ਕਿਹਾ। ਜਨਾਬ ! ਅਸੀਂ ਤਾਂ ਸਾਰੇ ਰਸਤੇ ਇਹਨਾਂ ਨੂੰ ਸਮਝਾਉਂਦੇ ਆਏ ਹਾਂ, ਪਰ ਇਹ….। ਸਿਪਾਹੀਆਂ ਨੇ ਆਪਣਾ ਪੱਖ ਪੇਸ਼ ਕੀਤਾ।”
ਵਜ਼ੀਰ ਖਾਂ ਦਾ ਪੇਸ਼ਕਾਰ (ਮੁਨਸ਼ੀ) ਇੱਕ ਹਿੰਦੂ, ਸੁੱਚਾ ਨੰਦ ਸੀ। ਉਸ ਨੇ ਸਾਹਿਬਜ਼ਾਦਿਆਂ ਨੂੰ ਪਲੋਸਦਿਆਂ ਬੜੀ ਮਿੱਠੀ ਸੁਰ ਵਿੱਚ ਕਿਹਾ, ‘‘ਬਾਲਕੋ ! ਮੈਂ ਹਿੰਦੂ ਹਾਂ। ਤੁਹਾਡੇ ਨਾਲ ਮੈਨੂੰ ਹਮਦਰਦੀ ਹੈ। ਜਾਣਦੇ ਓ, ਤੁਹਾਡੇ ਪਿਤਾ ਜੀ, ਤੇ ਦੋਵੇਂ ਵੱਡੇ ਭਰਾ ਚਮਕੌਰ ਵਿਖੇ ਸਾਰੇ ਸਿੱਖਾਂ ਸਮੇਤ ਮਾਰੇ ਗਏ ਹਨ। ਗੁਸਤਾਖ਼ੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਨਵਾਬ ਸਾਹਿਬ ਬੜੇ ਰਹਿਮ-ਦਿਲ ਹਨ। ਸਲਾਮ ਕਰਕੇ ਹਜ਼ੂਰ ਤੋਂ ਮਾਫ਼ੀ ਮੰਗ ਲਉ। ਨਹੀਂ ਤਾਂ ਬੜੇ ਤਸੀਹੇ ਦੇ ਕੇ ਮਾਰੇ ਜਾਉਗੇ।” ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਬੜੇ ਨਿਧੜਕ ਤੇ ਨਿਰਭੈਤਾ ਨਾਲ ਸੁੱਚਾ ਨੰਦ ਵੱਲ ਵੇਖਦਿਆਂ ਕਿਹਾ, ‘‘ਸਾਡੇ ਪਿਤਾ ਜੀ ਨੂੰ ਕੋਈ ਮਾਰ ਨਹੀਂ ਸਕਦਾ ਅਤੇ ਨਾ ਹੀ ਕਿਸੇ ਤੋਂ ਅਸੀਂ ਡਰਦੇ ਹਾਂ। ਅਸੀਂ ਫਤਿਹ ਬੁਲਾਈ ਹੈ ਤੇ ਫਤਿਹ ਬੁਲਾਉਂਦੇ ਰਹਾਂਗੇ। ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਅਸੀਂ ਨਹੀਂ। ਜੋ ਤੁਹਾਡਾ ਦਿਲ ਆਵੇ, ਕਰ ਲਵੋ।’’ ਇਸ ਦਲੇਰੀ ਭਰੇ ਉੱਤਰ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਇੱਕ ਪਾਸੇ ਸਾਹਿਬਜ਼ਾਦਿਆਂ ਨੂੰ ਰੱਜ ਕੇ ਧਮਕਾਇਆ ਗਿਆ ਤੇ ਦੂਸਰੇ ਪਾਸੇ ਹਰ ਤਰ੍ਹਾਂ ਦੇ ਲਾਲਚ ਵਿਖਾਏ ਗਏ। ਜਾਗੀਰਾਂ, ਨਵਾਬੀਆਂ ਤੇ ਅਣਡਿੱਠੇ ਬਹਿਸਤ (ਸਵਰਗ) ਦੇ ਲਾਰੇ ਲਾਏ ਗਏ, ਪਰ ਉਹ ਬੀਰ-ਬਾਲਕ ਕਿਸੇ ਝਾਂਸੇ ਵਿੱਚ ਨਾ ਆਏ। ਅੰਤ ਗੁੱਸੇ ਵਿੱਚ ਆ ਕੇ ਵਜ਼ੀਰ ਖਾਂ ਨੇ ਕਿਹਾ, ‘‘ਬੇ-ਸਮਝ ਬਾਲਕੋ ! ਮੇਰੀ ਆਖਰੀ ਸ਼ਰਤ ਸੁਣ ਲਵੋ, ਜਾਂ ਇਸਲਾਮ ਪ੍ਰਵਾਨ ਕਰ ਲਵੋ, ਨਹੀਂ ਤਾਂ ਸਖ਼ਤ ਤਸੀਹੇ ਦੇ ਕੇ ਮਾਰੇ ਜਾਉਗੇ।’’ ‘‘ਅਸੀਂ ਮੌਤ ਜਾਂ ਦੁੱਖਾਂ ਤਸੀਹਿਆਂ ਤੋਂ ਡਰਨ ਵਾਲੇ ਨਹੀਂ। ਆਪਣੇ ਦਾਦੇ ਵਾਂਗ ਸ਼ਹੀਦ ਹੋ ਜਾਵਾਂਗੇ ਪਰ ਤੇਰਾ ਦੀਨ ਨਹੀਂ ਮੰਨਾਂਗੇ।’’ ਸਾਹਿਬਜ਼ਾਦਿਆਂ ਨੇ ਉਸੇ ਤਰ੍ਹਾਂ ਹੀ ਦਲੇਰੀ ਨਾਲ ਉੱਤਰ ਦਿੱਤਾ।
       ਉਸ ਵੇਲੇ ਕਚਹਿਰੀ ਵਿੱਚ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ  ਵਾਲਾ ਵੀ ਬੈਠਾ ਸੀ। ਵਜ਼ੀਰ ਖ਼ਾਨ ਨੇ ਉਸ ਨੂੰ ਸੰਬੋਧਨ ਕਰਕੇ ਕਿਹਾ, “ਖ਼ਾਨ ਸਾਹਿਬ ! ਚਮਕੌਰ ਵਿੱਚ ਗੁਰੂ ਜੀ ਨੇ ਤੁਹਾਡੇ ਭਰਾ ਨਾਹਰ ਖਾਂ ਨੂੰ ਕਤਲ ਕੀਤਾ ਸੀ। ਤੁਸੀਂ ਇਹਨਾਂ ਦੋਹਾਂ ਨੂੰ ਕਤਲ ਕਰਕੇ ਭਰਾ ਦਾ ਬਦਲਾ ਲੈ ਲਵੋ ।” ਨਵਾਬ ਸਾਹਿਬ ! ਮੇਰੇ ਭਰਾ- ਭਤੀਜੇ ਮੈਦਾਨ ਵਿੱਚ ਲੜਦੇ ਹੋਏ ਮਾਰੇ ਗਏ ਹਨ । ਅੱਜ ਵੀ ਗੁਰੂ ਮੇਰੇ ਸਾਹਮਣੇ ਆ ਜਾਏ ਤਾਂ ਮੈਂ ਮਰਦਾਂ ਵਾਂਗ ਮੈਦਾਨ ਵਿੱਚ ਉਸ ਤੋਂ ਬਦਲਾ ਲਵਾਂਗਾ । ਇਹਨਾਂ ਮਸੂਮ ਬੱਚਿਆਂ ਨੂੰ ਇਹਨਾਂ ਦੇ ਪਿਤਾ ਦੀ ਕੀਤੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ । ਇਹ ਬੇਗੁਨਾਹ ਹਨ। ਇਸਲਾਮੀ ਸ਼ਰ੍ਹਾ ਵਿੱਚ ਮਾਸੂਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਪਾਪ ਹੈ । ਮੇਰੀ ਸਲਾਹ ਹੈ, ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ।” ਆਹ ਦਾ ਨਾਅਰਾ ਮਾਰ ਕੇ ਸ਼ੇਰ ਮੁਹੰਮਦ ਖਾਂ ਕਚਹਿਰੀ ਵਿੱਚੋਂ ਉੱਠ ਕੇ ਚਲਾ ਗਿਆ।
     ਸ਼ੇਰ ਮੁਹੰਮਦ ਖਾਂ ਦੀ ਰਾਏ ਦੀ ਕਿਸੇ ਪ੍ਰਵਾਹ ਨਾ ਕੀਤੀ । ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਸਤੇ ਕਚਹਿਰੀ ਦੇ ਹਾਤੇ ਵਿੱਚ ਹੀ ਕੰਧ ਉਸਾਰਨ ਦਾ ਪ੍ਰਬੰਧ ਕੀਤਾ ਗਿਆ । ਕੰਧ ਗਰਦਨ ਤੱਕ ਆ ਗਈ । ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਕੇ ਇੱਕ ਪਾਸੇ ਉਲਰ ਪਏ । ਉਹਨਾਂ ਦੇ ਭਾਰ ਨਾਲ ਉਸ ਪਾਸਿਓਂ ਕੰਧ ਵੀ ਡਿੱਗ ਪਈ । ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਕੰਧ ਉਸਾਰਨ ਦਾ ਮਕਸਦ ਸਾਹਿਬਜ਼ਾਦਿਆਂ ਨੂੰ ਡਰਾਉਣਾ ਹੀ ਸੀ । ਪ੍ਰਸਿੱਧ ਵਿਦਵਾਨ ਤੇ ਖੋਜੀ ਪ੍ਰੋਫ਼ੈਸਰ ਹਰਬੰਸ ਸਿੰਘ ਨੇ ਆਪਣੀ ਪੁਸਤਕ “ਗੁਰੂ ਗੋਬਿੰਦ ਸਿੰਘ ਜੀ” ਦੇ ਪੰਨਾ 12 ਉੱਤੇ ਲਿਖਿਆ ਹੈ ਕਿ “ਇਸੇ ਬੇਹੋਸ਼ੀ ਦੀ ਹਾਲਤ ਵਿੱਚ ਸਾਹਿਬਜ਼ਾਦਿਆਂ ਨੂੰ ਵਾਪਸ ਜੇਲ੍ਹ ਵਿੱਚ ਲੈ ਜਾਇਆ ਗਿਆ।  ਜਿੱਥੇ ਕੁਝ ਸਮੇਂ ਬਾਅਦ ਉਹ ਹੋਸ਼ ਵਿੱਚ ਆ ਗਏ।” ਉਹਨਾਂ ਨੇ ਕਚਹਿਰੀ ਵਿੱਚ ਹੋਈ ਬੀਤੀ ਸਾਰੀ ਵਾਰਤਾ ਮਾਤਾ ਗੁਜਰੀ ਜੀ ਨੂੰ ਕਹਿ ਸੁਣਾਈ।
      ਅਗਲੇ ਦਿਨ 12 ਪੋਹ (26 ਦਸੰਬਰ) ਨੂੰ ਚੁੱਪ ਵਰਤੀ । ਵਜ਼ੀਰ ਖਾਂ ਦੇ ਅਹਿਲਕਾਰਾਂ (ਸਿਪਾਹੀਆਂ) ਨੇ ਮਾਤਾ ਗੁਜਰੀ ਨੂੰ ਸੋਚਣ ਲਈ ਇੱਕ ਦਿਨ ਦੀ ਮੁਹਲਤ ਦਿੱਤੀ । ਆਪ ਇਸਲਾਮ ਕਬੂਲ ਕਰਕੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾ ਸਕਦੇ ਹੋ।
     13 ਪੋਹ (27 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਸਤੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।  ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਅਡੋਲ ਰਹੇ । ਸੂਬੇਦਾਰ ਨੇ ਆਪਣੀ ਹਾਰ ਦੇਖ ਕੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ।  ਕੋਈ ਵੀ ਜਲਾਦ ਇਸ ਅੱਤ ਦੇ ਜ਼ੁਲਮ ਵਾਸਤੇ ਤਿਆਰ ਨਹੀਂ ਸੀ ਸਮਾਣੇ ਦੇ ਦੋ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਕਿਸੇ ਮੁਕੱਦਮੇ ਵਿੱਚ ਫਸੇ ਹੋਏ ਸਨ । ਉਹਨਾਂ ਉੱਠ ਕੇ ਸੂਬੇਦਾਰ ਨੂੰ ਬੇਨਤੀ ਕੀਤੀ, “ਜੇਕਰ ਸਾਡਾ ਜ਼ੁਰਮ ਮਾਫ਼ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਕੰਮ ਕਰਨ ਵਾਸਤੇ ਤਿਆਰ ਹਾਂ।” ਉਹਨਾਂ ਦੀ ਇਹ ਬੇਨਤੀ ਮੰਨ ਲਈ ਗਈ ।
        ਜਲਾਦਾਂ ਨੇ ਸਾਹਿਬਜ਼ਾਦਿਆਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ । ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਸਾਹਿਬਜ਼ਾਦਿਆਂ ਦੇ ਸਿਰ ਕਲਮ ਕੀਤੇ ਗਏ ਦੱਸਿਆ ਹੈ । ਸਿੱਖ ਪੰਥ ਦਾ ਮਹਾਨ ਵਿਦਵਾਨ ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿੱਚ ਲਿਖਦਾ ਹੈ ।
                  ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ ।।
                  ਤੜਫ ਤੜਫ ਗਈ ਜਿੰਦ ਉਡਾਇ ।।
(ਜ਼ਿਬਹ, ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਛੁਰੀ ਨਾਲ ਹਲਾਲ ਕਰਨਾ) ਕਈ ਲੇਖਕਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਲਿਖਿਆ ਹੈ। ਅਨੇਕਾਂ ਚਿੱਤਰਕਾਰਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦਿਆਂ ਦੀਆਂ ਤਸਵੀਰਾਂ ਬਣਾਈਆਂ ਹਨ /ਤਿਆਰ ਕੀਤੀਆਂ ਹਨ । ਜਦੋਂ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਖ਼ਬਰ ਸੁਣੀ ਤਾਂ ਉਹ ਬੇਹੋਸ਼ ਹੋ ਗਏ ਤੇ ਦੁਬਾਰਾ ਹੋਸ਼ ਵਿੱਚ ਨਾ ਆਏ।
           ਗੁਰੂ ਘਰ ਦੇ ਅਨਿੰਨ ਸੇਵਕ ਦੀਵਾਨ ਟੋਡਰ ਮੱਲ ਨੇ ਤਿੰਨ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ 78,000 ਸੋਨੇ ਦੀਆਂ ਮੋਹਰਾਂ ਖੜ੍ਹੀਆਂ ਜ਼ਮੀਨ ਤੇ ਵਿਛਾ ਕੇ ਮੁਸਲਿਮ ਬਾਦਸ਼ਾਹ ਤੋਂ ਜ਼ਮੀਨ ਖਰੀਦੀ । ਸੋਨੇ ਦੀ ਕੀਮਤ ਦੇ ਮੁਤਾਬਕ ਇਸ ਚਾਰ ਸਕੇਅਰ ਮੀਟਰ ਜ਼ਮੀਨ ਦੀ ਕੀਮਤ ਦੋ ਅਰਬ ਪੰਜਾਹ ਕਰੋੜ ਰੁਪਏ ਬਣਦੀ ਹੈ। ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ, ਉਥੇ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਥਿਤ ਹੈ। ਜਿੱਥੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਥਾਪਿਤ ਹੈ। ਇਹ ਗੁਰਦੁਆਰਾ ਸਰਹਿੰਦ-ਚੂੰਗੀ ਸੜਕ ‘ਤੇ ਸਥਿਤ ਹੈ । ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹਿੰਦ-ਮੋਰਿੰਡਾ ਸੜਕ ‘ਤੇ ਸਥਿਤ ਹੈ ।
         ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਸਥਾਪਿਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜਦੀਆਂ ਹਨ । ਹਰ ਸਾਲ ਜਦੋਂ ਸ਼ਹੀਦੀ ਸਭਾ ਦਾ ਦਿਨ ਨੇੜੇ ਆਉਂਦਾ ਹੈ ਤਾਂ ਮੇਰੇ ਮਨ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾ ਅੱਖਾਂ ਅੱਗੇ ਆ ਜਾਂਦਾ ਹੈ। ਲੇਖ ਲਿਖਣ ਸਮੇਂ ਵੀ ਅੱਖਾਂ ਵਿੱਚੋਂ ਹੰਝੂ ਡਿੱਗਦੇ ਹਨ । ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸੂਬੇਦਾਰ ਦੇ ਹੁਕਮ ਨਾਲ ਠੰਡੇ ਬੁਰਜ ਵਿੱਚ ਰੱਖਿਆ ਗਿਆ । ਮਾਤਾ ਜੀ ਕੋਲ ਨਾ ਕੋਈ ਰਜਾਈ, ਨਾ ਤਲਾਈ, ਨਾ ਖੇਸ, ਨਾ ਕੋਈ ਗਰਮ ਕੱਪੜਾ । ਪੋਹ ਮਹੀਨੇ ਦੀ ਬਰਫੀਲੀ ਠੰਢ ਵਿੱਚ ਮਾਤਾ ਗੁਜਰੀ ਜੀ ਨੇ ਤੇ ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਰਾਤਾਂ ਕੱਟੀਆਂ ਇਹ ਵਾਹਿਗੁਰੂ ਹੀ ਜਾਣਦਾ ਹੈ । ਹਾਂ ਇੱਕ ਚਿੱਤਰਕਾਰ ਨੇ ਤਸਵੀਰ ਵਿੱਚ ਠੰਡੇ ਬੁਰਜ ਵਿੱਚ ਚਾਦਰ ਵਿਛਾਈ ਹੋਈ ਦਿਖਾਈ ਹੈ । 9 ਸਾਲ ਤੇ 7 ਸਾਲ ਦੀ ਉਮਰ ਵਿੱਚ ਸਾਹਿਬਜ਼ਾਦਿਆਂ ਨੇ ਸੂਬੇਦਾਰ ਦੀ ਕਚਹਿਰੀ ਵਿੱਚ ਜੋ ਜਵਾਬ ਦਿੱਤੇ ਉਹ ਰੌਂਗਟੇ ਖੜ੍ਹੇ ਕਰਨ ਵਾਲੇ ਸਨ । ਨਿੱਕੇ-ਨਿੱਕੇ ਬੱਚਿਆਂ ਨੂੰ ਇਹ ਜਵਾਬ ਕਿੱਥੋਂ ਸੁਝਦੇ ਸਨ, ਇਹ ਸਭ ਦਾਦੀ ਮਾਂ ਮਾਤਾ ਗੁਜਰੀ ਜੀ ਦੀ ਸਿੱਖਿਆ ਸੀ ਜੋ ਉਹਨਾਂ ਨੇ ਠੰਡੇ ਬੁਰਜ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਨੂੰ ਦਿੱਤੀ ।
       ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੇ ਇੱਕ ਹਫ਼ਤਾ (ਸਪਤਾਹ) ਬੱਸਾਂ, ਰੇਲਗੱਡੀਆਂ ਵਿੱਚ ਸ਼ਹੀਦੀ ਸਾਕੇ, ਸਾਹਿਬਜ਼ਾਦਿਆਂ ਦੇ ਜੀਵਨ, ਚਮਕੌਰ ਸਾਹਿਬ ਦੀ ਲੜਾਈ, ਫ਼ਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਨੀਂਹਾਂ ਵਿੱਚ ਚਿਣੇ ਜਾਣ ਦਾ ਸਾਕਾ ਸੁਣਾਇਆ ਜਾਵੇ । ਗਾਇਕਾਂ, ਰਾਗੀ ਜਥਿਆਂ ਵੱਲੋਂ ਇਸ ਸਾਕੇ ਬਾਰੇ ਜੋ ਗੀਤ /ਕਵਿਤਾਵਾਂ ਤਿਆਰ ਕੀਤੀਆਂ ਗਈਆਂ ਹਨ ਉਹ ਅਤੇ ਢਾਡੀ ਜਥਿਆਂ ਵੱਲੋਂ ਚਮਕੌਰ ਸਾਹਿਬ ਦਾ ਤੇ ਫ਼ਤਿਹਗੜ੍ਹ ਸਾਹਿਬ ਦਾ ਪ੍ਰਸੰਗ /ਇਤਿਹਾਸ ਬੱਸਾਂ, ਟੈਂਪੂਆਂ, ਆਟੋਆਂ ਵਿੱਚ ਸੁਣਾਇਆ ਜਾਵੇ।
           ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਹਫ਼ਤੇ ਦਾ ਦਰਦ ਮਹਿਸੂਸ ਕਰਨ ਲਈ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਜ਼ਿਆਦਾਤਰ ਸਿੱਖ ਪਰਿਵਾਰ ਸਦੀਆਂ ਤੋਂ ਸ਼ਹਾਦਤ ਦੇ ਇਹਨਾਂ ਦਿਨਾਂ ਦੌਰਾਨ ਜ਼ਮੀਨ ‘ਤੇ ਸੌਂਦੇ ਆ ਰਹੇ ਹਨ । ਤਿੰਨ ਸਦੀਆਂ ਪਹਿਲਾਂ ਪੰਜਾਬ ਦਾ ਹਰ ਸਿੱਖ ਪਰਿਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੋਹ ਦੇ ਮਹੀਨੇ ਜ਼ਮੀਨ ‘ਤੇ  ਸੌਂਦਾ ਸੀ। ਅੱਜ ਵੀ ਬਹੁਤ ਸਾਰੇ ਪਰਿਵਾਰ ਜ਼ਮੀਨ ‘ਤੇ ਸੌਂਦੇ ਹਨ।  ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਜ਼ਿਆਦਾਤਰ ਸਿੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀਆਂ ਸਰਾਵਾਂ ਵਿੱਚ ਵੀ ਜ਼ਮੀਨ ਤੇ ਸੌਂਦੇ ਹਨ । ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਔਰਤਾਂ ਵੀ ਫਰਸ਼ ਤੇ ਸੌਂਂਦੀਆਂ ਹਨ । ਸਿੱਖ ਪਰਿਵਾਰ ਇਸ ਮਹੀਨੇ ਦੌਰਾਨ ਆਪਣੇ ਬੱਚਿਆਂ ਦੇ ਵਿਆਹ ਕਰਨ ਤੋਂ ਪਰਹੇਜ਼ ਕਰਦੇ ਹਨ । ਨਾ ਉਹ ਖੁਸ਼ੀ ਦਾ ਇਕੱਠ ਕਰਦੇ ਹਨ ਅਤੇ ਨਾ ਹੀ ਸੁਆਦੀ ਪਕਵਾਨ ਬਣਾਉਂਦੇ ਹਨ। ਸਿਰਫ ਸਾਦਾ ਭੋਜਨ ਹੀ ਖਾਂਦੇ ਹਨ ।
          ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ 11, 12 ਤੇ 13 ਪੋਹ ਮੁਤਾਬਕ 25, 26 ਤੇ 27 ਦਸੰਬਰ ਨੂੰ ਬੜੇ ਸ਼ਰਧਾ, ਪ੍ਰੇਮ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 12 ਪੋਹ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਦਾ ਸਮਾਂ ਸਾਹਿਬਜ਼ਾਦਿਆਂ ਨੂੰ ਜਿਊਂਦੇ ਕੰਧਾਂ ਵਿੱਚ ਚਿਣੇ ਜਾਣ ਦਾ ਸਮਾਂ ਕਿਹਾ ਜਾਂਦਾ ਹੈ । ਇਸ ਸਮੇਂ ਦੌਰਾਨ “ਸਤਿਨਾਮ ਵਾਹਿਗੁਰੂ” ਦਾ ਜਾਪ ਕੀਤਾ ਜਾਵੇ । ਮੂਲ-ਮੰਤਰ, ਜਪੁਜੀ ਸਾਹਿਬ ਬਾਣੀ ਦੇ ਪਾਠ ਕੀਤੇ ਜਾਣ । “ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਨੇ ਪੰਜ ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਸਿੱਖ ਕੌਮ ਨੂੰ ਬੇਨਤੀ ਕੀਤੀ ਸੀ ਕਿ 26 ਦਸੰਬਰ ਨੂੰ ਸਵੇਰੇ 10 ਵੱਜ ਕੇ 45 ਮਿੰਟ ਤੇ ਹਰ ਇੱਕ ਸਿੱਖ ਜਿੱਥੇ ਵੀ ਹੋਵੇ, ਭਾਵੇਂ ਦੁਕਾਨ ਤੇ ਬੈਠਾ ਹੋਵੇ, ਕਾਰ ਚਲਾ ਰਿਹਾ ਹੋਵੇ, ਜਹਾਜ਼ ‘ਚ ਬੈਠਾ ਹੋਵੇ ਭਾਵ ਆਪਣੇ ਸਾਰੇ ਕੰਮ ਕਾਰ ਛੱਡ ਕੇ 10 ਮਿੰਟ ਲਈ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰੇ ਤਾਂ ਜੋ ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਉਹਨਾਂ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਨ ।”
      ਆਓ ! ਅੱਜ ਸ਼ਹੀਦੀ ਦਿਹਾੜੇ ਤੇ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਦੀਆਂ ਸਾਖੀਆਂ ਸੁਣਾਵਾਂਗੇ ਤੇ ਉਹਨਾਂ ਵਿੱਚ ਨਵਾਂ ਜੋਸ਼ ਭਰਾਂਗੇ । ਇਹ ਸਾਡੀ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਸਿੱਖ ਬੱਚਿਆਂ ਨੂੰ ਇੱਕ ਨਵੀਂ ਸੇਧ ਮਿਲੇਗੀ   ‌‌
ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ ਬਹਾਦਰ ਨਗਰ,ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਚਰਚ ਆਫ ਅਲਮਾਇਟੀ ਗੌਡ” ਵੈਲਫੇਅਰ ਸੋਸਾਇਟੀ ਤੂਰਾਂ ਵਿਖੇ ਅੱਜ ਮਨਾਇਆ ਜਾਵੇਗਾ ਕਿ੍ਸਮਿਸ ਦਾ ਤਿਉਹਾਰ
Next articleਇੰਜ ਵਿਸ਼ਾਲ ਖੈਰਾ ਵੱਲੋਂ ਲਿਖੀ ਕਿਤਾਬ”ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ” ਬਾਰੇ ਕੇ.ਸੀ ਸੁਲੇਖ ਜੀ ਦੁਆਰਾ ਲਿਖੀ ਭੂਮਿਕਾ ਅਤੇ ਧੰਮ ਬਾਰੇ ਵਿਚਾਰ।