HOME ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ: ਮਾਨਵਤਾ ਦੇ ਮੁਕਤੀਦਾਤਾ ਅਤੇ ਗਿਆਨ ਦੇ...

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ: ਮਾਨਵਤਾ ਦੇ ਮੁਕਤੀਦਾਤਾ ਅਤੇ ਗਿਆਨ ਦੇ ਵਿਸ਼ਵ-ਵਿਆਪੀ ਸੂਰਜ

3

 

ਪ੍ਰੋ. ਪਵਨ ਖਿੱਚੀ

  (ਸਮਾਜ ਵੀਕਲੀ)   ਜਦੋਂ ਅਸੀਂ ਭਾਰਤ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਰਾਜੇ-ਮਹਾਰਾਜੇ ਅਤੇ ਜੇਤੂ ਮਿਲਦੇ ਹਨ, ਪਰ ਡਾ. ਭੀਮ ਰਾਓ ਅੰਬੇਦਕਰ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਕਿਸੇ ਤਲਵਾਰ ਨਾਲ ਨਹੀਂ, ਸਗੋਂ ‘ਕਲਮ’ ਅਤੇ ‘ਗਿਆਨ’ ਨਾਲ ਇੱਕ ਅਜਿਹੀ ਜੰਗ ਜਿੱਤੀ ਜਿਸ ਨੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਦਿੱਤੀ। ਉਹ ਸਿਰਫ਼ ਇੱਕ ਵਿਅਕਤੀ ਨਹੀਂ ਸਨ, ਸਗੋਂ ਇੱਕ ‘ਵਿਚਾਰਧਾਰਾ’ ਅਤੇ ‘ਸੰਸਥਾ’ ਸਨ। ਉਹ ਉਸ ਸਮੇਂ ਪੈਦਾ ਹੋਏ ਜਦੋਂ ਮਨੁੱਖ ਦਾ ਪਰਛਾਵਾਂ ਵੀ ਦੂਜੇ ਮਨੁੱਖ ਲਈ ‘ਅਪਵਿੱਤਰ’ ਮੰਨਿਆ ਜਾਂਦਾ ਸੀ। ਅਜਿਹੇ ਗੂੜ੍ਹੇ ਹਨ੍ਹੇਰੇ ਵਿੱਚੋਂ ਨਿਕਲ ਕੇ ਗਿਆਨ ਦਾ ਸੂਰਜ ਬਣਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।

ਸੰਘਰਸ਼ ਦੀ ਭੱਠੀ ਵਿੱਚ ਤਪਿਆ ਜੀਵਨ (ਬਚਪਨ ਅਤੇ ਅਪਮਾਨ): ਬਾਬਾ ਸਾਹਿਬ ਦਾ ਬਚਪਨ ਅਪਮਾਨ ਦੇ ਉਸ ਜ਼ਹਿਰ ਨਾਲ ਭਰਿਆ ਹੋਇਆ ਸੀ, ਜੋ ਕਿਸੇ ਵੀ ਕਮਜ਼ੋਰ ਇਨਸਾਨ ਨੂੰ ਤੋੜ ਸਕਦਾ ਸੀ। ਸਕੂਲ ਵਿੱਚ ਪੀਣ ਵਾਲੇ ਪਾਣੀ ਦੇ ਘੜੇ ਨੂੰ ਨਾ ਛੂਹ ਸਕਣਾ, ਕਲਾਸ ਤੋਂ ਬਾਹਰ ਬੈਠਣਾ ਅਤੇ ਅਧਿਆਪਕਾਂ ਦਾ ਵਿਤਕਰਾ, ਇਹ ਸਭ ਉਨ੍ਹਾਂ ਦੇ ਕੋਮਲ ਮਨ ‘ਤੇ ਲੱਗੇ ਉਹ ਜ਼ਖ਼ਮ ਸਨ ਜਿਨ੍ਹਾਂ ਨੇ ਅੱਗੇ ਚੱਲ ਕੇ ‘ਸਮਾਜਿਕ ਇਨਕਲਾਬ’ ਦੀ ਨੀਂਹ ਰੱਖੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਗੁਲਾਮੀ ਕਿਸੇ ਬਾਹਰੀ ਦੁਸ਼ਮਣ ਦੀ ਨਹੀਂ, ਸਗੋਂ ਆਪਣੇ ਹੀ ਦੇਸ਼ ਦੀਆਂ ਗਲਤ ਰੀਤਾਂ ਦੀ ਹੈ। ਉਨ੍ਹਾਂ ਨੇ ਤੈਅ ਕੀਤਾ ਕਿ ਉਹ ਇਸ ਵਿਵਸਥਾ ਨੂੰ ਬਦਲਣਗੇ, ਪਰ ਗੋਲੀ ਨਾਲ ਨਹੀਂ, ਸਗੋਂ ਬੁੱਧੀ ਨਾਲ।

ਗਿਆਨ ਦਾ ਅਥਾਹ ਸਮੁੰਦਰ: ਬਾਬਾ ਸਾਹਿਬ ਦੀ ਵਿਦਵਤਾ ਦਾ ਲੋਹਾ ਅੱਜ ਪੂਰੀ ਦੁਨੀਆ ਮੰਨਦੀ ਹੈ। ਉਨ੍ਹਾਂ ਕੋਲ 32 ਡਿਗਰੀਆਂ ਸਨ ਅਤੇ ਉਹ 9 ਭਾਸ਼ਾਵਾਂ (ਜਿਵੇਂ ਮਰਾਠੀ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ੍ਰੈਂਚ, ਜਰਮਨ, ਗੁਜਰਾਤੀ, ਪਾਲੀ ਅਤੇ ਫਾਰਸੀ) ਦੇ ਮਾਹਿਰ ਸਨ। ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ‘ਡਾਕਟਰ ਆਫ਼ ਸਾਇੰਸ’ (D.Sc.) ਦੀ ਡਿਗਰੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ। ਡਾ. ਅੰਬੇਦਕਰ ਲਈ ਕਿਤਾਬਾਂ ਸਾਹਾਂ ਵਰਗੀਆਂ ਸਨ, ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ‘ਰਾਜਗ੍ਰਹਿ’ ਵਿੱਚ 50,000 ਤੋਂ ਵੱਧ ਕਿਤਾਬਾਂ ਸਨ ਅਤੇ ਉਹ ਰੋਜ਼ਾਨਾ 18 ਘੰਟੇ ਪੜ੍ਹਦੇ ਸਨ। ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਰਿਕਾਰਡ ਸਮੇਂ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਬਾਬਾ ਸਾਹਿਬ ਜਦੋਂ ਲੰਡਨ ਤੋਂ ਖਰੀਦੀਆਂ ਹਜ਼ਾਰਾਂ ਦੁਰਲੱਭ ਕਿਤਾਬਾਂ ਭਾਰਤ ਲਿਆ ਰਹੇ ਸਨ, ਤਾਂ ਜਹਾਜ਼ ਡੁੱਬਣ ਕਾਰਨ ਬਹੁਮੁੱਲੀਆਂ ਕਿਤਾਬਾਂ ਸਮੁੰਦਰ ਵਿੱਚ ਗਰਕ ਹੋ ਗਈਆਂ। ਇਹ ਘਟਨਾ ਉਨ੍ਹਾਂ ਲਈ ਕਿਸੇ ਵੱਡੇ ਨਿੱਜੀ ਸਦਮੇ ਤੋਂ ਘੱਟ ਨਹੀਂ ਸੀ।

ਗਿਆਨ ਦਾ ਪ੍ਰਤੀਕ (Symbol of Knowledge): ਕੋਲੰਬੀਆ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਬਾਬਾ ਸਾਹਿਬ ਦੀ ਤਸਵੀਰ ਹੇਠ ਲਿਖਿਆ ਹੈ ਕਿ ਸਾਨੂੰ ਮਾਣ ਹੈ ਕਿ ਅਜਿਹਾ ਵਿਦਿਆਰਥੀ ਸਾਡੀ ਯੂਨੀਵਰਸਿਟੀ ਵਿੱਚ ਪੜ੍ਹ ਕੇ ਗਿਆ ਹੈ, ਜਿਸ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਦੇਸ਼ ‘ਤੇ ਮਹਾਨ ਉਪਕਾਰ ਕੀਤਾ। ਡਾ. ਸਾਹਿਬ ਦੇ ਸਤਿਕਾਰ ਵਿੱਚ ਯੂਨੀਵਰਸਿਟੀ ਵਿੱਚ ਉਨ੍ਹਾਂ ਦਾ ਕਾਂਸੀ ਦਾ ਬੁੱਤ ਲਗਾਇਆ ਗਿਆ ਹੈ, ਜਿਸ ਦੇ ਹੇਠਾਂ ‘Symbol of Knowledge’ (ਗਿਆਨ ਦਾ ਪ੍ਰਤੀਕ) ਲਿਖਿਆ ਹੋਇਆ ਹੈ। ਇਹ ਬੁੱਤ ਉਨ੍ਹਾਂ ਦੀ ਵਿਦਵਤਾ ਅਤੇ ਸੰਘਰਸ਼ ਨੂੰ ਦਰਸਾਉਂਦਾ ਹੈ।

ਆਰਥਿਕ ਦੂਰਅੰਦੇਸ਼ੀ, RBI ਦੇ ਨਿਰਮਾਤਾ: ਅੱਜ ਜਿਸ “ਭਾਰਤੀ ਰਿਜ਼ਰਵ ਬੈਂਕ (RBI)” ‘ਤੇ ਦੇਸ਼ ਦੀ ਆਰਥਿਕਤਾ ਟਿਕੀ ਹੋਈ ਹੈ, ਉਸ ਦੀ ਨੀਂਹ ਬਾਬਾ ਸਾਹਿਬ ਦੇ ਥੀਸਿਸ “The Problem of the Rupee: Its Origin and Its Solution” ‘ਤੇ ਰੱਖੀ ਗਈ ਸੀ। ਉਨ੍ਹਾਂ ਨੇ ਹਿਲਟਨ ਯੰਗ ਕਮਿਸ਼ਨ ਅੱਗੇ ਜੋ ਵਿਚਾਰ ਪੇਸ਼ ਕੀਤੇ, ਉਨ੍ਹਾਂ ਦੇ ਅਧਾਰ ‘ਤੇ ਹੀ 1935 ਵਿੱਚ RBI ਦੀ ਸਥਾਪਨਾ ਹੋਈ।

ਸਮਾਜਿਕ ਇਨਕਲਾਬ ਅਤੇ ਮਨੁੱਖੀ ਅਧਿਕਾਰ: ਬਾਬਾ ਸਾਹਿਬ ਨੇ ‘ਸ਼ੂਦਰ’ ਸ਼ਬਦ ਨੂੰ ਗੁਲਾਮੀ ਦੀ ਗਾਲ੍ਹ ਤੋਂ ਕੱਢ ਕੇ ‘ਸਵੈ-ਮਾਣ’ ਦੇ ਪ੍ਰਤੀਕ ਵਿੱਚ ਬਦਲ ਦਿੱਤਾ। 1927 ਦਾ ‘ਮਹਾੜ ਸਤਿਆਗ੍ਰਹਿ’ ਸਿਰਫ਼ ਪਾਣੀ ਪੀਣ ਦਾ ਅੰਦੋਲਨ ਨਹੀਂ ਸੀ, ਇਹ ਮਨੁੱਖੀ ਬਰਾਬਰੀ ਦਾ ਐਲਾਨ ਸੀ। ਉਨ੍ਹਾਂ ਨੇ ‘ਮਨੁਸਮ੍ਰਿਤੀ’ ਦਾ ਦਹਿਨ ਕਰਕੇ ਇੱਕ ਬੌਧਿਕ ਬਗਾਵਤ ਕੀਤੀ। ਭਾਰਤ ਵਿੱਚ 8 ਘੰਟੇ ਕੰਮ ਕਰਨ ਦਾ ਨਿਯਮ, ਮਹਿਲਾ ਮਜ਼ਦੂਰਾਂ ਲਈ ਜਣੇਪਾ ਛੁੱਟੀ (Maternity Benefit) ਅਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਬਾਬਾ ਸਾਹਿਬ ਦੀ ਹੀ ਦੇਣ ਹੈ।

ਔਰਤਾਂ ਦੇ ਮੁਕਤੀਦਾਤਾ, ਹਿੰਦੂ ਕੋਡ ਬਿੱਲ: ਬਾਬਾ ਸਾਹਿਬ ਦਾ ਕਹਿਣਾ ਸੀ, “ਮੈਂ ਕਿਸੇ ਸਮਾਜ ਦੀ ਤਰੱਕੀ ਉਸ ਸਮਾਜ ਦੀਆਂ ਔਰਤਾਂ ਦੀ ਤਰੱਕੀ ਤੋਂ ਮਾਪਦਾ ਹਾਂ।” ਉਨ੍ਹਾਂ ਨੇ ‘ਹਿੰਦੂ ਕੋਡ ਬਿੱਲ’ ਰਾਹੀਂ ਔਰਤਾਂ ਨੂੰ ਜਾਇਦਾਦ ਵਿੱਚ ਹਿੱਸਾ, ਤਲਾਕ ਦਾ ਅਧਿਕਾਰ ਅਤੇ ਸਿੱਖਿਆ ਦਾ ਹੱਕ ਦਿਵਾਉਣ ਲਈ ਲੜਾਈ ਲੜੀ। ਜਦੋਂ ਇਹ ਬਿੱਲ ਪਾਸ ਨਾ ਹੋਇਆ, ਤਾਂ ਉਨ੍ਹਾਂ ਨੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਸੰਵਿਧਾਨ, ਭਾਰਤ ਦੀ ਆਤਮਾ: ਡਾ. ਬੀ.ਆਰ. ਅੰਬੇਡਕਰ ਜੀ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। 29 ਅਗਸਤ 1947 ਨੂੰ ਬਾਬਾ ਸਾਹਿਬ ਨੂੰ ਭਾਰਤੀ ਸੰਵਿਧਾਨ ਦੀ ‘ਡ੍ਰਾਫਟਿੰਗ ਕਮੇਟੀ’ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। ਆਪ ਜੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨੂੰ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਅਪਣਾ ਲਿਆ ਗਿਆ। ਉਨ੍ਹਾਂ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਬਰਾਬਰਤਾ ਦੀ ਲੜੀ ਵਿੱਚ ਪਰੋ ਕੇ ਇੱਕ ਅਜਿਹਾ ਮਹਾਨ ਗ੍ਰੰਥ ਲਿਖਿਆ, ਜਿਸ ਦੇ ਅਧਿਕਾਰ ਖੇਤਰ ਵਿੱਚ ਦੇਸ਼ ਦਾ ਹਰ ਨਾਗਰਿਕ ਬਰਾਬਰ ਆਉਂਦਾ ਹੈ। ਉਨ੍ਹਾਂ ਨੇ ਸੰਵਿਧਾਨ ਵਿੱਚ “ਇੱਕ ਵੋਟ, ਇੱਕ ਮੁੱਲ” ਦਾ ਸਿਧਾਂਤ ਦੇ ਕੇ ਦੇਸ਼ ਦੇ ਰਾਜੇ ਅਤੇ ਰੰਕ ਨੂੰ ਬਰਾਬਰ ਕਰ ਦਿੱਤਾ।

ਸਿੱਖੀ ਨਾਲ ਲਗਾਅ ਅਤੇ ਬੁੱਧ ਧੰਮ ਦੀ ਸ਼ਰਨ: ਬਾਬਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਹ ਚਾਹੁੰਦੇ ਸਨ ਕਿ ਅਛੂਤ ਸਮਾਜ ਸਿੱਖੀ ਧਾਰਨ ਕਰੇ ਕਿਉਂਕਿ ਸਿੱਖੀ ਵਿੱਚ ਕੋਈ ਜਾਤ-ਪਾਤ ਨਹੀਂ ਸੀ। ਪਰ ਕੁੱਝ ਰਾਜਨੀਤਿਕ ਅਤੇ ਸਮਾਜਿਕ ਹਾਲਾਤਾਂ ਕਾਰਨ ਅਜਿਹਾ ਨਾ ਹੋ ਸਕਿਆ। ਅੰਤ ਵਿੱਚ, ਉਨ੍ਹਾਂ ਨੇ ਬੁੱਧ ਧੰਮ ਨੂੰ ਚੁਣਿਆ, ਜਿੱਥੇ ‘ਵਹਿਮਾਂ-ਭਰਮਾਂ’ ਦੀ ਥਾਂ ‘ਤਰਕ’ ਅਤੇ ‘ਪਿਆਰ’ ਸੀ।

ਅਜੋਕੇ ਸਮੇਂ ਦੀ ਚੁਣੌਤੀ ਅਤੇ ਬਾਬਾ ਸਾਹਿਬ ਦੇ ਵਿਚਾਰ: ਅੱਜ ਦੇ ਦੌਰ ਵਿੱਚ ਬਾਬਾ ਸਾਹਿਬ ਦੀ ਲੋੜ ਪਹਿਲਾਂ ਨਾਲੋਂ ਵੀ ਜ਼ਿਆਦਾ ਹੈ। ਅਸੀਂ ਕਾਨੂੰਨੀ ਤੌਰ ‘ਤੇ ਆਜ਼ਾਦ ਹਾਂ, ਪਰ ਮਾਨਸਿਕ ਤੌਰ ‘ਤੇ ਅਜੇ ਵੀ ਜਾਤ ਅਤੇ ਧਰਮ ਵਿੱਚ ਵੰਡੇ ਹੋਏ ਹਾਂ। ਬਾਬਾ ਸਾਹਿਬ ਦਾ ਨਾਅਰਾ ਸੀ “ਸਿੱਖਿਅਤ ਬਣੋ, ਸੰਗਠਿਤ ਹੋਵੋ, ਸੰਘਰਸ਼ ਕਰੋ।” ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਸੀਂ ਸਮਾਜਿਕ ਅਤੇ ਆਰਥਿਕ ਸਮਾਨਤਾ ਨਾ ਲਿਆ ਸਕੇ, ਤਾਂ ਰਾਜਨੀਤਿਕ ਲੋਕਤੰਤਰ ਖਤਰੇ ਵਿੱਚ ਪੈ ਜਾਵੇਗਾ। ਅੱਜ ਬਾਬਾ ਸਾਹਿਬ ਨੂੰ ਸਿਰਫ਼ ਇੱਕ ਜਾਤ ਦੇ ਨੇਤਾ ਵਜੋਂ ਸੀਮਿਤ ਕਰਨਾ ਉਨ੍ਹਾਂ ਦੇ ਵਿਸ਼ਾਲ ਫਲਸਫੇ ਨਾਲ ਬੇਇਨਸਾਫ਼ੀ ਹੈ, ਉਹ ਹਰ ਉਸ ਮਨੁੱਖ ਦੇ ਨੇਤਾ ਹਨ ਜੋ ਅਨਿਆਂ ਵਿਰੁੱਧ ਲੜ ਰਿਹਾ ਹੈ।

ਮਸ਼ਾਲ ਜੋ ਕਦੇ ਨਹੀਂ ਬੁਝੇਗੀ: ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਅਤੇ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਜਨਮ ਦਿਨ 14 ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਆਪਣਾ ਸਾਰਾ ਜੀਵਨ ਦਲਿਤ ਸਮਾਜ ਅਤੇ ਮਨੁੱਖਤਾ ਦੀ ਤਰੱਕੀ ਲਈ ਸਮਰਪਿਤ ਕਰਨ ਵਾਲੇ ਬਾਬਾ ਸਾਹਿਬ, 6 ਦਸੰਬਰ 1956 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੁਧਾਰ ਨੀਤੀਆਂ ਅੱਜ ਵੀ ਦੇਸ਼ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਅਤੇ ਸਾਰਥਕ ਹਨ।

ਉਨ੍ਹਾਂ ਨੇ ਸਾਨੂੰ ਸਿਖਾਇਆ ਕਿ “ਜੀਵਨ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ ਹੈ।” ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਦੀ ਰਾਖੀ ਕਰੀਏ ਅਤੇ ਸਮਾਜ ਵਿੱਚੋਂ ਨਫ਼ਰਤ ਨੂੰ ਖ਼ਤਮ ਕਰਕੇ ਪਿਆਰ ਅਤੇ ਬਰਾਬਰੀ ਦਾ ਬੂਟਾ ਲਗਾਈਏ। ਉਨ੍ਹਾਂ ਦੇ ਸ਼ਬਦ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ “ਮੈਂ ਉਸ ਧਰਮ ਨੂੰ ਪਸੰਦ ਕਰਦਾ ਹਾਂ ਜੋ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਸਿਖਾਉਂਦਾ ਹੈ।”

ਪ੍ਰੋ. ਪਵਨ ਖਿੱਚੀ, ਮਾਨਸਾ   ਮੋਬਾ. 9478160786

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਸਿੰਬਲ ਮਜਾਰਾ ਵਿਖੇ 24.58 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
Next articleਬੇਮੌਸਮੀ ਮੀਂਹ ਨੇ ਕਿਸਾਨਾਂ ਦਾ ਕੀਤਾ ਭਾਰੀ ਨੁਕਸਾਨ