ਵਿਧਾਇਕ ਸੁਸ਼ੀਲ ਰਿੰਕੂ ਨੇ ਅੰਬੇਡਕਰ ਭਵਨ ਲਈ ਦਿਤੀ 50 ਲੱਖ ਦੀ ਗ੍ਰਾੰਟ
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਭਵਨ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ 66ਵੇਂ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਆਯੋਜਿਤ ਗਿਆ ਜਿਸ ਵਿਚ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਐੱਮ ਐੱਲ ਏ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ. ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਅੰਬੇਡਕਰੀ ਆਗੂ , ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ ਰਾਮ ਬਾਲੀ ਨੇ ਕਿਹਾ ਕਿ 27 ਅਕਤੂਬਰ 1951 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਇਸ ਸਥਾਨ ਤੇ ਆਏ ਸਨ ਅਤੇ ਉਨ੍ਹਾਂ ਨੇ ਲੱਖਾਂ ਪੰਜਾਬੀਆਂ ਨੂੰ ਸੰਬੋਧਨ ਕੀਤਾ ਸੀ. ਸ਼੍ਰੀ ਬਾਲੀ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਸੰਵਿਧਾਨ ਬਣਾਉਂਦੇ ਹੋਈਆਂ ਤਿੰਨ ਪ੍ਰਮੁੱਖ ਨੁਕਤਿਆਂ ਤੇ ਜ਼ੋਰ ਦਿੱਤਾ ਸੀ. ਉਹ ਚਾਹੁੰਦੇ ਸਨ ਕਿ ਹਰ ਭਾਰਤੀ ਰੂੜ੍ਹੀਵਾਦੀ ਫਲਸਫੇ ਦੀ ਮਾਨਸਿਕ ਗੁਲਾਮੀ ਤੋਂ ਸੁਤੰਤਰ ਹੋਵੇ ਅਤੇ ਉਹ ਵਿਗਿਆਨਿਕ ਤੇ ਤਰਕਸ਼ੀਲ ਸੋਚ ਦਾ ਧਾਰਣੀ ਬਣੇ. ਸੰਵਿਧਾਨ ਵਿਚ ਮਰਦ – ਔਰਤ ਦੀ ਆਜ਼ਾਦੀ ਦੇ ਨਾਲ ਹਰ ਭਾਰਤੀ ਲਈ ਸਮਾਨਤਾ ਦੇ ਸਿਧਾਂਤ ਨੂੰ ਪ੍ਰਮੁੱਖ ਪਹਿਲ ਦਿਤੀ ਜਾਵੇ ਅਤੇ ਸਮੁਚੇ ਭਾਰਤੀਆਂ ਨੂੰ ਦੇਸ਼ ਦੀ ਇਕਸਾਰ ਉੱਨਤੀ ਲਈ ਰਲ-ਮਿਲ ਕੇ ਰਹਿਣ ਅਰਥਾਤ ਮਜਬੂਤ ਭਾਈਚਾਰਾ ਕਾਇਮ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ. ਡਾ. ਰਾਮ ਲਾਲ ਜੱਸੀ ਨੇ ਆਪਣੇ ਭਾਸ਼ਣ ਵਿਚ ਸਮਾਜਿਕ ਨਿਆਇ ਲਈ ਜੁਡੀਸ਼ਰੀ ਨੂੰ ਹੋਰ ਵਧੇਰੇ ਕਾਰਗਾਰ ਬਣਾਉਣ ਲਈ ਸੁਤੰਤਰ ਜੁਡੀਸ਼ੀਅਲ ਅਯੋਗ ਸਥਾਪਤ ਕਰਨ ਤੇ ਬਲ ਦਿੱਤਾ.
ਪ੍ਰੋ. ਸੋਹਨ ਲਾਲ, ਚੇਅਰਮੈਨ, ਅੰਬੇਡਕਰ ਭਵਨ ਟਰੱਸਟ, ਨੇ ਬਾਬਾ ਸਾਹਿਬ ਦੁਆਰਾ ਸਿਖਿਆ, ਸੰਘਰਸ਼ ਅਤੇ ਸੰਗਠਨ ਦੇ ਨਾਅਰੇ ਦਾ ਜਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਨਵ ਉਸਾਰੀ ਲਈ ਬਿਜਲੀ ਦੇ ਗਰਿੱਡ ਸਿਸਟਮ, ਸਿੰਚਾਈ ਦੀਆਂ ਸਹੂਲਤਾਂ ਲਈ ਡੈਮ ਉਸਾਰਨ ਅਤੇ ਦਰਿਆਵਾਂ ਨੂੰ ਜੋੜਨ ਆਦਿ ਦੇ ਪ੍ਰੋਜੈਕਟ ਬਾਬਾ ਸਾਹਿਬ ਦੀ ਦੂਰ – ਅੰਦੇਸ਼ੀ ਸੋਚ ਦਾ ਹੀ ਸਿੱਟਾ ਹਨ. ਇਨ੍ਹਾਂ ਆਗੂਆਂ ਤੋਂ ਅਲਾਵਾ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਜੀ. ਸੀ. ਕੌਲ , ਮੈਡਮ ਸੁਦੇਸ਼ ਕਲਿਆਣ, ਸ਼੍ਰੀ ਹਰਮੇਸ਼ ਜੱਸਲ, ਸ਼੍ਰੀ ਚਰਨ ਦਾਸ ਸੰਧੂ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਵੱਖੋ ਵੱਖ ਪਹਿਲੂਆਂ ਤੇ ਵਿਚਾਰ ਪ੍ਰਗਟ ਕੀਤੇ. ਸਮਾਗਮ ਵਿਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਸਥਾਨਕ ਐੱਮ ਐੱਲ ਏ ਸ਼੍ਰੀ ਸੁਸ਼ੀਲ ਰਿੰਕੂ ਨੇ ਭਾਰਤ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਹੁ ਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ , ਕਿਸਾਨਾਂ ਮਜ਼ਦੂਰਾਂ ਅਤੇ ਵਿਸ਼ੇਸ਼ ਕਰਕੇ ਭਾਰਤੀ ਔਰਤ ਦੇ ਸਸ਼ਕਤੀਕਰਨ ਲਈ ਕੀਤੇ ਗਏ ਯਤਨਾਂ ਸਦਕਾ ਉਹ ਹਮੇਸ਼ਾਂ ਲਈ ਯਾਦ ਕੀਤੇ ਜਾਣਗੇ. ਸ਼੍ਰੀ ਰਿੰਕੂ ਜੀ ਨੇ ਬਾਬਾ ਸਾਹਿਬ ਨਾਲ ਜੁੜੇ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਨੂੰ ਹੋਰ ਸੁੰਦਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ 50 ਲੱਖ ਰੁਪਏ ਦੀ ਗ੍ਰਾੰਟ ਜਾਰੀ ਕਰਨ ਦਾ ਐਲਾਨ ਕੀਤਾ. ਅੰਬੇਡਕਰ ਭਵਨ (ਰਜਿ.) ਵਲੋਂ ਸ੍ਰੀ ਸੁਸ਼ੀਲ ਰਿੰਕੂ ਨੂੰ ਸ਼ਾਲ, ਯਾਦਗਾਰੀ ਚਿਨ੍ਹ ਅਤੇ ਸ਼੍ਰੀ ਐੱਲ ਆਰ ਬਾਲੀ ਦੁਆਰਾ ਲਿਖੀਆਂ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ. ਜਗਤਾਰ ਵਰਿਆਣਵੀ ਤੇ ਉਨ੍ਹਾਂ ਦੀ ਸੰਗੀਤ ਪਾਰਟੀ ਨੇ ਆਪਣੇ ਗੀਤਾਂ ਰਾਹੀਂ ਡਾ. ਅੰਬੇਡਕਰ ਸਾਹਿਬ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ. ਹੋਰਨਾਂ ਤੋਂ ਇਲਾਵਾ ਪ੍ਰਮੁੱਖ ਤੌਰ ਤੇ ਇਸ ਸ਼ਰਧਾਂਜਲੀ ਸਮਾਗਮ ਵਿਚ ਸਰਵ ਸ਼੍ਰੀ ਬਲਦੇਵ ਰਾਜ ਭਾਰਦਵਾਜ, ਡਾ. ਟੀ. ਐੱਲ ਸਾਗਰ, ਪ੍ਰਿੰਸੀਪਲ ਪਰਮਜੀਤ ਜੱਸਲ, ਸ਼੍ਰੀ ਰਮੇਸ਼ ਚੰਦਰ ਸਾਬਕਾ ਅੰਬੈਸਡਰ, ਦੇਵ ਰਾਜ ਨਈਅਰ, ਪਰਮਜੀਤ ਮਹੇ, ਐਡਵੋਕੇਟ ਯਾਗਿਆਦੀਪ ਨਈਅਰ ਸੁਰਿੰਦਰ ਸਲੇਮਪੁਰੀ , ਪ੍ਰੋਫ਼. ਬਲਬੀਰ ਚੰਦ, ਗੁਰਦਿਆਲ ਜੱਸਲ, ਮਥੁਰਾ ਦਾਸ, ਮਦਨ ਲਾਲ ਸਾਬਕਾ ਸੀਨੀਅਰ ਬੈਂਕ ਮੈਨੇਜਰ, ਵਿਸ਼ਾਲ ਗੋਰਕਾ, ਪ੍ਰਸ਼ੋਤਮ ਲਾਲ ਸਰੋਏ, ਮਨੋਹਰ ਚੰਦ ਇੰਸਪੈਕਟਰ (ਰਿਟਾ.) ,ਵਿਸ਼ਾਲ ਗੋਰਕਾ, ਚਮਨ ਸਾਂਪਲਾ , ਹਰਭਜਨ ਸਾਂਪਲਾ, ਕ੍ਰਿਸ਼ਨ ਕਲਿਆਣ, ਆਰ ਆਰ ਬੰਧਨ, ਚੋ. ਹਰੀ ਰਾਮ, ਅਨਿਲ ਮਹੇ, ਰਾਮ ਨਾਥ ਸੁੰਡਾ, ਜਸਵਿੰਦਰ ਵਰਿਆਣਾ, ਜੇ ਆਰ ਅੰਗਰੁਲਾ ਆਦਿ ਸ਼ਾਮਲ ਹੋਏ .
ਡਾ. ਜੀ. ਸੀ. ਕੌਲਜਨਰਲ ਸਕੱਤਰਅੰਬੇਡਕਰ ਭਵਨ ਟਰੱਸਟ (ਰਜਿ.) ਮੋਬਾਈਲ: 94632 23223