8 ਜੁਲਾਈ ਨੂੰ ਚੱਕ ਮਾਈਦਾਸ ਵਿਖੇ ਕੀਤੀ ਜਾਵੇਗੀ ਸਿਆਸੀ ਕਾਨਫਰੰਸ
ਨਵਾਂਂਸਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊਡੈਮੋਕਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ 28 ਜੁਲਾਈ ਨੂੰ ਪਿੰਡ ਚੱਕ ਮਾਈਦਾਸ (ਨਵਾਂਸ਼ਹਿਰ) ਵਿਖੇ ਬਾਬਾ ਬੂਝਾ ਸਿੰਘ ਦੀ 54ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਸ਼ਹੀਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਉਪਰੰਤ ਪਿੰਡ ਦੀ ਧਰਮਸ਼ਾਲਾ ਵਿਚ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਨੂੰ ਪਾਰਟੀ ਦੇ ਆਗੂ ਸੰਬੋਧਨ ਕਰਨਗੇ। ਕਲਾਕਾਰਾਂ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ।
ਪਾਰਟੀ ਦੇ ਜਿਲਾ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਬੂਝਾ ਸਿੰਘ ਉਮਰ ਭਰ ਦੇ ਸੰਘਰਸ਼ਾਂ ਦਾ ਨਾਂਅ ਹੈ। ਜਿਹਨਾਂ ਨੇ ਗਦਰ ਪਾਰਟੀ, ਕਿਰਤੀ ਪਾਰਟੀ, ਲਾਲ ਪਾਰਟੀ ਅਤੇ ਨਕਸਲਬਾੜੀ ਲਹਿਰ ਵਿਚ ਆਗੂ ਭੂਮਿਕਾਵਾਂ ਨਿਭਾਈਆਂ। ਦੇਸ਼ ਵਿਚੋਂ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਅਹਿਮ ਯੋਗਦਾਨ ਪਾਇਆ। ਪੈਪਸੂ ਦੀ ਮੁਜਾਰਾ ਲਹਿਰ ਵਿਚ ਅਮਿੱਟ ਪੈੜਾਂ ਪਾਈਆਂ। ਸੀ ਪੀ ਆਈ ਅਤੇ ਸੀ ਪੀ ਆਈ (ਐਮ) ਦੀਆਂ ਸੋਧਵਾਦੀ ਅਤੇ ਨਵਸੋਧਵਾਦੀ ਲਾਈਨਾਂ ਵਿਰੁੱਧ ਬੇਕਿਰਕ ਘੋਲ ਲੜੇ ਅਤੇ ਪੰਜਾਬ ਵਿਚ ਨਕਸਲਬਾੜੀ ਦਾ ਸੂਹਾ ਪਰਚਮ ਬੁਲੰਦ ਕੀਤਾ। ਪਿੰਡ-ਪਿੰਡ ਨਕਸਲਬਾੜੀ ਦੀ ਲੋਅ ਵੰਡਣ ਵਾਲੇ 80 ਸਾਲਾ ਬਾਬਾ ਬੂਝਾ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਵੇਲੇ ਜਾਬਰ ਪੰਜਾਬ ਪੁਲਸ ਨੇ ਪਿੰਡ ਨਗਰ ਤੋਂ ਗ੍ਰਿਫਤਾਰ ਕਰਕੇ 27-28 ਜੁਲਾਈ 1970 ਦੀ ਦਰਮਿਆਨੀ ਰਾਤ ਨੂੰ ਪਿੰਡ ਨਾਈਮਜਾਰਾ (ਨਵਾਂਸ਼ਹਿਰ) ਦੇ ਨਹਿਰ ਦੇ ਪੁਲ ਤੇ ਝੂਠਾ ਪੁਲਸ ਮੁਕਾਬਲਾ ਬਣਾਕੇ ਸ਼ਹੀਦ ਕਰ ਦਿੱਤਾ ਸੀ।
ਉਹਨਾਂ ਨੇ ਲੋਕਾਂ ਨੂੰ ਇਸ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਗੁਰਬਖਸ਼ ਕੌਰ ਸੰਘਾ ਅਤੇ ਹਰੀ ਰਾਮ ਰਸੂਲਪੁਰੀ ਪਾਰਟੀ ਆਗੂ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly