ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.)– ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਹਲਕਾ ਪੱਛਮੀ ਦੀ ਉੱਪ ਚੋਣ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਦੋਸ਼ ਲਾਏ ਕਿ ਵੋਟਰਾਂ ਨੂੰ ਲੁਭਾਉਣ ਲਈ ਵਿਰੋਧੀ ਪਾਰਟੀਆਂ ਵੱਲੋਂ ਤੋਹਫੇ ਵੰਡ ਕੇ ਲੋਕਤੰਤਰ ਦੀ ਸਾਫ਼ ਤੌਰ ‘ਤੇ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਅਧੀਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਵੋਟਰਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ, ਜੋ ਕਿ ਗੰਭੀਰ ਲੋਕਤੰਤਰਕ ਨਿਯਮਾਂ ਦੀ ਉਲੰਘਣਾ ਹੈ । ਐਡਵੋਕੇਟ ਘੁੰਮਣ ਨੇ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਡਰਨ ਦੀ ਬਜਾਏ ਹੌਂਸਲੇ ਨਾਲ ਆਪਣਾ ਮਤਦਾਨ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੇ ਝੂਠੇ ਅਤੇ ਭ੍ਰਮਕ ਚੋਣ ਸਰਵੇਖਣ ਤੋਂ ਸੁਚੇਤ ਰਹਿਣ ਅਤੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ । ਐਡਵੋਕੇਟ ਘੁੰਮਣ ਨੇ ਭਰੋਸਾ ਜਤਾਇਆ ਕਿ ਹਲਕਾ ਪੱਛਮੀ ਦੇ ਵੋਟਰ ਸਚਾਈ ਅਤੇ ਨਿਆਂ ਦੇ ਹੱਕ ‘ਚ ਫੈਸਲਾ ਕਰਨਗੇ ।



