ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਭਵਨ ਟਰੱਸਟ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਸਾਂਝੇ ਤੌਰ ਤੇ ਅੰਬੇਡਕਰ ਭਵਨ ਵਿਖੇ ਆਯੋਜਿਤ ਇੱਕ ਸਮਾਗਮ ਵਿਚ ਬਾਬਾਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਪੋਤਰੇ ਸ਼੍ਰੀ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਪੰਜਾਬੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ਤੇ ਬਾਬਾਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਪੰਜਾਬ ਦੇ ਕ੍ਰਿਆਸ਼ੀਲ ਅੰਬੇਡਕਰੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ. ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਅਨੁਸੂਚਿਤ ਤੇ ਪਛੜੀਆਂ ਜਾਤੀਆਂ ਦੇ ਲੋਕ ਰਾਜਨੀਤਕ, ਸਮਾਜਿਕ ਤੇ ਆਰਥਿਕ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ. ਸਦੀਆਂ ਤੋਂ ਪਿਛੜੇ ਤੇ ਲਤਾੜੇ ਗਏ ਇਨ੍ਹਾਂ ਵਰਗਾਂ ਵਿਚ ਆਪਣੇ ਸੰਵਿਧਾਨਕ ਹੱਕਾਂ ਪ੍ਰਤੀ ਚੇਤਨਾ ਤਾਂ ਪੈਦਾ ਹੋਈ ਹੈ, ਪਰ ਤਥਾਗਤ ਬੁੱਧ, ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਨਾਨਕ, ਮਹਾਤਮਾ ਜੋਤਿਰਾਓ ਫੁਲੇ ਅਤੇ ਬਾਬਾਸਾਹਿਬ ਡਾ. ਅੰਬੇਡਕਰ ਦੁਆਰਾ ਉਲੀਕੇ ਮਹਾਨ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਵਾਲੇ ਭਾਰਤੀ ਸਮਾਜ ਦੀ ਸਥਾਪਤੀ ਲਈ ਆਪਸੀ ਤਾਲ ਮੇਲ ਰਾਹੀਂ ਸਾਰੇ ਪੀੜਤਾਂ ਨੂੰ ਇੱਕ ਮੰਚ ਤੇ ਆਉਣ ਦੀ ਫੌਰੀ ਲੋੜ ਹੈ. ਉਨ੍ਹਾਂ ਨੇ ਕੌਮੀ ਪੱਧਰ ਤੇ ਇਨ੍ਹਾਂ ਵਰਗਾਂ ਦੁਆਰਾ ਇੱਕ ਵਿਉਪਾਰਕ ਅਦਾਰਾ ਸਥਾਪਤ ਕਰਨ ਦੀ ਲੋੜ ਤੇ ਸਹਿਯੋਗ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਇਸ ਪਾਸੇ ਕੁਝ ਯਤਨ ਅਰੰਭੇ ਗਏ ਹਨ. ਉਨ੍ਹਾਂ ਆਸ ਪ੍ਰਗਟਾਈ ਕਿ ਨੇੜਲੇ ਭਵਿੱਖ ਵਿਚ ਇਸਦੇ ਸਾਰਥਕ ਸਿੱਟੇ ਸਾਹਮਣੇ ਆਉਣਗੇ.
ਸ਼੍ਰੀ ਭੀਮ ਰਾਓ ਯਸ਼ਵੰਤ ਅੰਬੇਡਕਰ ਤੋਂ ਇਲਾਵਾ ਮਹਾਰਾਸ਼ਟਰ ਤੋਂ ਆਏ ਫਲਾਈਟ ਕੈਪਟਨ ਪ੍ਰਵੀਨ ਨਿਖੇੜੇ ਜੀ ਨੇ ਅੰਬੇਡਕਰ ਭਵਨ ਟਰੱਸਟ ਜਲੰਧਰ ਦੇ ਫਾਊਂਡਰ ਟਰੱਸਟੀ ਸ਼੍ਰੀ ਐੱਲ ਆਰ ਬਾਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ 1958 ਤੋਂ ਜਾਰੀ ਭੀਮ ਪਤ੍ਰਿਕਾ ਅਤੇ ਆਪਣੀਆਂ ਦਰਜਨਾਂ ਲਿਖੀਆਂ ਪੁਸਤਕਾਂ ਰਾਹੀਂ ਅੰਬੇਡਕਰੀ ਵਿਚਾਰਧਾਰਾ ਨੂੰ ਜਨ-ਜਨ ਤਕ ਪਹੁੰਚਾਉਣ ਲਈ ਭਰਪੂਰ ਯਤਨ ਕੀਤੇ ਹਨ. ਇਸ ਕਾਰਜ ਲਈ ਅਸੀਂ ਸਾਰੇ, ਵਿਸ਼ੇਸ਼ ਤੌਰ ਤੇ ਮਹਾਂਰਾਸ਼ਟਰ ਦੇ ਲੋਕ ਉਨ੍ਹਾਂ ਦੇ ਧੰਨਵਾਦੀ ਹਾਂ. ਸ਼੍ਰੀ ਬਾਲੀ ਜੀ ਨੇ ਕਿਹਾ ਕਿ ਸੱਚਾ ਅੰਬੇਡਕਰੀ ਹੀ ਉਹ ਹੈ ਜੋ ਬਾਬਾਸਾਹਿਬ ਦੁਆਰਾ ਜਗਾਈ ਕ੍ਰਾਂਤੀ ਦੀ ਮਿਸ਼ਾਲ ਨੂੰ ਪ੍ਰਜਵਲਿਤ ਰੱਖਣ ਲਈ ਆਪਣੇ ਜੀਵਨ ਦੇ ਹਰ ਪਲ ਨੂੰ ਪੀੜਤ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਕੁਰਬਾਨ ਕਰੇ. ਉਨ੍ਹਾਂ ਕਿਹਾ ਕਿ ਉਹ 92 ਸਾਲ ਦੀ ਉਮਰ ਵਿਚ ਵੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹਨ. ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਅੰਬੇਡਕਰ ਭਵਨ ਦੇ ਟਰੱਸਟੀਆਂ, ਡਾ.ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਸੋਹਨ ਲਾਲ ਸੇਵਾਮੁਕਤ ਡੀ.ਪੀ.ਆਈ.(ਕਾਲਜਾਂ), ਚਰਨ ਦਾਸ ਸੰਧੂ, ਹਰਮੇਸ਼ ਜੱਸਲ , ਅੰਬੇਡਕਰ ਮਿਸ਼ਨ ਸੋਸਾਇਟੀ ਦੇ ਮੈਡਮ ਸੁਦੇਸ਼ ਕਲਿਆਣ, ਡਾ. ਰਵੀਕਾਂਤ ਪਾਲ, ਡਾ. ਚਰਨਜੀਤ ਸਿੰਘ, ਐਡਵੋਕੇਟ ਕੁਲਦੀਪ ਭੱਟੀ, ਡਾ. ਮੋਹਿੰਦਰ ਸੰਧੂ, ਨਿਰਮਲ ਬਿਨਜੀ, ਡੀ.ਪੀ. ਭਗਤ, ਰਾਮ ਲਾਲ ਦਾਸ, ਆਰ ਐੱਲ ਜੱਸੀ (ਏ.ਡੀ.ਜੀ.ਪੀ./ਸੇਵਾਮੁਕਤ) , ਕਮਲ ਨੈਣ ਐਕਸੀਅਨ, ਚੌ. ਹਰੀ ਰਾਮ, ਮਥੁਰਾ ਦਾਸ, ਐਚ ਡੀ. ਮਹੇ, ਸਿੰਗਰ ਦਲਜੀਤ ਹੰਸ, ਚਰਨਜੀਤ ਸਿੰਘ ਆਈ.ਆਰ.ਐੱਸ., ਜੁਗਿੰਦਰ ਪਾਲ ਆਈ.ਆਰ.ਐੱਸ., ਡਾ. ਅਸ਼ਵਨੀ ਕੁਮਾਰ ਸੋਂਧੀ, ਡਾ. ਜੀਵਨ ਸਹੋਤਾ , ਅੰਮ੍ਰਿਤ ਭੱਟੀ, ਮਲਕੀਤ ਸਿੰਘ, ਪਰਮਜੀਤ ਕੁਮਾਰ, ਗੁਰਦਿਆਲ ਜੱਸਲ, ਐਡਵੋਕੇਟ ਰਾਮ ਸਰੂਪ, ਮਾਸਟਰ ਜੀਤ ਰਾਮ, ਪ੍ਰੇਮਜੀਤ, ਸੇਵਾ ਸਿੰਘ, ਬਲਜੀਤ ਸਿੰਘ, ਅਤੇ ਹੋਰ ਬਹੁਤ ਸਾਰਿਆਂ ਨੇ ਸ਼ਿਰਕਤ ਕੀਤੀ. ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ.
(ਜੀ. ਸੀ. ਕੌਲ)
ਜਨਰਲ ਸਕੱਤਰ,
ਅੰਬੇਡਕਰ ਭਵਨ ਟਰੱਸਟ (ਰਜਿ), ਜਲੰਧਰ.
ਭੀਮਰਾਓ ਯਸ਼ਵੰਤ ਅੰਬੇਡਕਰ, ਅੰਬੇਡਕਰ ਭਵਨ ਟਰੱਸਟ ਦੇ ਟਰੱਸਟੀਆਂ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਮੈਂਬਰਾਂ ਨਾਲ ਗੱਲ ਬਾਤ ਕਰਦੇ ਹੋਏ