(ਸਮਾਜ ਵੀਕਲੀ)
ਐਤਕੀਂ ਜਦ ਸਾਉਣ ਆਇਆ
ਦਿਲ ਨੇ ਝੋਰਾ ਲਾ ਲਿਆ.
ਤੂੰ ਜੁਦਾ ਸਾਡੇ ਤੋਂ ਹੋ ਕੇ,
ਦੱਸ ਕੀ ਹੈ ਰੱਬ ਪਾ ਲਿਆ ?
ਬਾਲ਼ ਕੇ ਦੀਵਾ ਇਸ਼ਕ ਦਾ ,
ਆਪੇ ਹੀ ਤੂੰ ਬੁਝਾ ਲਿਆ.
ਬਿਰਹਾ ਦੇ ਉਕਾਬ ਮੈਨੂੰ ,
ਖਾਂਦੇ-ਖਾਂਦੇ ਖਾ ਲਿਆ।
ਐਤਕੀਂ ਸੰਗਰਾਂਦ ਤੇ
ਪੰਨਿਆ ਵੀ ਲੱਗੀ ਮੱਸਿਆ.
ਤੂੰ ਵਿੱਛੜ ਕੇ ਹਾਲ,
ਨਾ ਹੀ ਪੁੱਛਿਆ ਨਾ ਦੱਸਿਆ.
ਨਾਂ ਤੇਰਾ ਲੈ-ਲੈ ਕੇ ਮੈਥੇ,
ਤਨਜ਼ ਸਭ ਨੇ ਕੱਸਿਆ.
ਮੇਰੀ ਬਰਬਾਦੀ ਤੇ ਜੀਕਣ,
ਸਾਰਾ ਆਲਮ ਹੱਸਿਆ।
ਐਤਕੀਂ ਦੀਵਾਲੀ ਤੇ ਵੀ
ਜਗਮਗਾਉਂਦਾ ਸ਼ਹਿਰ ਸੀ.
ਮੇਰੇ ਲਈ ਹਰ ਤਰਫ਼ ਨੇਰ੍ਹੇ,
ਹਰ ਤਰਫ਼ ਹੀ ਗਹਿਰ ਸੀ.
ਮੇਰਾ ਚਾਨਣ ਹੋਰ ਲੈ ਗਏ,
ਹੋਇਆ ਡਾਹਢਾ ਕਹਿਰ ਸੀ.
ਮਰਸੀਏ ਗਾਉਂਦੀ ਮੁਹੱਬਤ,
ਰੋਂਦੀ ਅੱਠੋ ਪਹਿਰ ਸੀ।
ਐਤਕੀਂ ਪੋਹ-ਮਾਘ ਵਿੱਚ
ਹੱਡੀਂ ਜਿਉਂ ਪਾਰਾ ਲਹਿ ਗਿਆ.
ਤੇਰੇ ਤੋਂ ਉਮੀਦਾਂ ਦਾ ਜੀਕਣ,
ਕਿਲ੍ਹਾ ਹੀ ਢਹਿ ਗਿਆ.
ਤੂੰ ਕਿਸੇ ਦੇ ਮਹਿਲਾਂ ਦੀ ਜਦ,
ਸ਼ਾਨ ਬਣ ਕੇ ਬਹਿ ਗਿਆ.
ਮੇਰੇ ਜੀਵਨ ਵਿੱਚ ਸੰਨਾਟਾ ,
ਕਬਰਾਂ ਵਾਂਗੂੰ ਰਹਿ ਗਿਆ।
ਐਤਕੀਂ ਫੱਗਣ ਮਹੀਨੇ
ਰੰਗ ਬੇਰੰਗ ਹੋ ਗਏ.
ਨਗਰ ਭਰ ਦੇ ਸੇਠ ਜਿੱਦਾਂ,
ਵੇਖਦੇ ਈ ਨੰਗ ਹੋ ਗਏ.
ਏਦਾਂ ਲੱਗਿਆ ਜਿੱਤੇ ਅਹੁਦੇ,
ਪਲ ‘ਚ ਹੀ ਭੰਗ ਹੋ ਗਏ.
ਮੇਰੀਆਂ ਗ਼ਜ਼ਲਾਂ ਦੇ ਸਾਰੇ ,
ਕਾਫ਼ੀਏ ਤੰਗ ਹੋ ਗਏ।
ਐਤਕੀਂ ਚੇਤਰ ਦੀ ਰੁੱਤੇ
ਹਰ ਤਰਫ਼ ਫੁੱਲ ਮਹਿਕਦੇ.
ਗੀਤ ਗਾਉਂਦੇ ਵਸਲਾਂ ਦੇ,
ਵੇਖੇ ਪਰਿੰਦੇ ਚਹਿਕਦੇ.
ਮੇਰੇ ਮੱਥੇ ਗ੍ਰਹਿਣ ਲੱਗਾ,
ਖ਼ਾਬ ਮੇਰੇ ਦਹਿਕਦੇ.
ਹੁਣ ਤਾਂ ਚਾਨਣ ਵਿੱਚ ਵੀ ‘ਰਾਣੇ’,
ਚਾਅ ਨੇ ਮੇਰੇ ਸਹਿਕਦੇ।
ਜਗਦੀਸ਼ ਰਾਣਾ
ਸੰਪਰਕ – 7986207849