ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਬੀਤੇਂ ਦਿਨੀਂ ਦਸੂਹਾ ਦੇ ਪਿੰਡ ਮੀਰਪੁਰ ਵਿਖੇ ਛੁੱਟੀ ਲੈਕੇ ਆਏ ਫ਼ੌਜੀ ਹਰਭਜਨ ਸਿੰਘ ਦੇ ਘਰ ਤੇ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਸੀ ਉਸਦੇ ਮੁਕੱਦਮੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਅੰਬੇਡਕਰ ਸੈਨਾ ਆਫ਼ ਇੰਡੀਆ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਕੁਲਵੰਤ ਭੂੰਨੋਂ ਦੀ ਅਗਵਾਈ ਵਿੱਚ ਡੀਐਸਪੀ ਦਫ਼ਤਰ ਦਸੂਹਾ ਦਾ ਘਿਰਾਓ ਕੀਤਾ ਗਿਆ। ਜਿਸ ਵਿੱਚ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਉਚੇਚੇ ਤੌਰ ਪੁੱਜੇ ਅਤੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਅੰਦਰ ਕੋਈ ਸੁੱਰਖਿਅਤ ਨਹੀਂ ਹੈ ਜੇਕਰ ਬਾਰਡਰ ਤੇ ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿਥੋਂ ਸੁਰੱਖਿਅਤ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਫੌਜੀ ਹਰਭਜਨ ਸਿੰਘ ਮੀਰਪੁਰ ਦੇ ਮੁਕੱਦਮੇ ਵਿਚ ਧਰਾਵਾਂ ਸਹੀ ਨਾ ਲੱਗਣਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋ ਸਕਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਤੇ ਢਿੱਲ ਮੱਠ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਕਿ ਉਹ ਇਕ ਫੌਜੀ ਜਵਾਨ ਨੂੰ ਇਨਸਾਫ਼ ਦਿਵਾਉਣ ਲਈ ਸੁਹਿਰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ਼ ਸਖ਼ਤ ਧਰਾਵਾਂ ਤਹਿਤ ਕਾਰਵਾਈ ਕਰਕੇ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਮਜ਼ਬੂਰਨ ਜੱਥੇਬੰਦੀਆਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਅੰਮ੍ਰਿਤਪਾਲ ਭੌਂਸਲੇ ਨੇ ਅੱਗੇ ਕਿਹਾ ਦੋਸ਼ੀਆਂ ਖਿਲਾਫ਼ ਐਸ. ਸੀ., ਐਸ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਇਸ ਮੌਕੇ ਡੀਐਸਪੀ ਜਗਦੀਸ਼ ਅੱਤਰੀ ਮੌਕੇ ਤੇ ਹਾਜ਼ਰ ਨਹੀਂ ਸਨ ਤਾਂ ਐਸ.ਐਚ.ਓ. ਦਸੂਹਾ ਹਰਪ੍ਰੇਮ ਸਿੰਘ ਨੇ ਆਗੂਆਂ ਨੂੰ ਐਸ ਪੀ ਸ੍ਰੀ ਸਰਬਜੀਤ ਸਿੰਘ ਬਾਹੀਆ ਦੇ ਕਹਿਣ ਤੇ ਭਰੋਸਾ ਦਿੱਤਾ ਕਿ 2 ਦਿਨਾਂ ਵਿੱਚ ਵਾਧਾ ਜ਼ੁਰਮ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਿਰਾਓ ਕਰਨ ਸਮੇਂ ਵਿਸ਼ਵਾਸ ਦਿਵਾਉਣ ਕਰਕੇ ਆਗੂਆਂ ਵਲੋਂ 2 ਦਿਨਾਂ ਦਾ ਅਲਟੀਮੇਟਮ ਦੇ ਕੇ ਇਕ ਮੈਮੋਰੰਡਮ ਐਸ ਐਸ ਪੀ ਹੁਸ਼ਿਆਰਪੁਰ ਦੇ ਨਾਂ ਐੱਸ ਐਂਚ ਉ ਦਸੂਹਾ ਨੂੰ ਸੌਂਪਿਆ ਗਿਆ। ਇਸ ਮੌਕੇ ਹਰਜਿੰਦਰ ਸਿੰਘ, ਸੁਖਦੇਵ ਸਿੰਘ, ਲਾਲਾ ਦਾਤਾ, ਬਲਵਿੰਦਰ ਮਰਵਾਹਾ, ਗਣੇਸ਼ ਕੁਮਾਰ, ਬਿੰਦੂ ਭੰਗਾਲਾ, ਗੋਪੀ ਹਾਜੀਪੁਰ, ਬੌਬੀ ਖੁੱਡਾ, ਸੁਖਜਿੰਦਰ ਮੁਕੇਰੀਆਂ, ਦੀਪਾ ਰੀਲਾ, ਹਨੀ ਮਾਹਿਲਪੁਰ, ਨਵਜੋਤ ਜੀਣਪੁਰ, ਰੋਬਿਨ ਪੈਸਰਾ, ਪੰਕਜ ਅਟੱਲਗੜ੍ਹ, ਸੂਰਜ ਠੱਕਰਵਾਲ, ਦਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly