ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਹਾਕੀ ਖੇਡ ਨੂੰ ਵਿਸ਼ਵ ਪੱਧਰ ਤੇ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਹੋਣਹਾਰ ਖਿਡਾਰੀਆਂ ਵਲੋਂ ਸਥਾਪਤ ਕੀਤੀ ਗਈ ਮਾਸਟਰ ਹਾਕੀ ਐਸੋਸੀਏਸ਼ਨ ਪੰਜਾਬ ਨੇ ਆਪਣੇ ਦਾਇਰੇ ਨੂੰ ਹੋਰ ਵੀ ਮਜਬੂਤ ਕਰਨ ਹਿੱਤ ਅਰਜਨ ਐਵਾਰਡੀ ਅਤੇ ਦਰੋਣਾਚਾਰੀਆ ਐਵਾਰਡੀ ਹਾਕੀ ਦੀ ਪ੍ਰਸਿੱਧ ਸ਼ਖਸ਼ੀਅਤ ਓਲੰਪੀਅਨ ਸ. ਰਜਿੰਦਰ ਸਿੰਘ ਨੂੰ ਮਾਸਟਰ ਹਾਕੀ ਐਸੋਸੀਏਸ਼ਨ ਦਾ ਡਾਇਰੈਕਟਰ ਚੁਣਿਆ ਹੈ । ਪ੍ਰੈਸ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੁਲਵੰਤ ਯੂ ਕੇ ਨੇ ਦੱਸਿਆ ਕਿ ਓਲੰਪੀਅਨ ਰਜਿੰਦਰ ਸਿੰਘ ਨੂੰ ਇਸ ਨਿਯੁਕਤੀ ਤੇ ਸਮੁੱਚੀ ਮਾਸਟਰ ਹਾਕੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਆਸ ਜਤਾਈ ਗਈ ਇਸ ਵੱਡੀ ਜਿੰਮੇਵਾਰੀ ਨੂੰ ਓਲੰਪੀਅਨ ਰਜਿੰਦਰ ਸਿੰਘ ਬਾਖੂਬੀ ਨਿਭਾਉਣਗੇ । ਪੰਜਾਬ ਮਾਸਟਰ ਹਾਕੀ ਐਸੋਸੀਏਸ਼ਨ ਦੀ ਬਾਗਡੋਰ ਰਜਿੰਦਰ ਸਿੰਘ ਓਲੰਪੀਅਨ ਨੂੰ ਸੌਂਪ ਦਿੱਤੀ ਗਈ ਹੈ ਜੋ ਹੁਣ ਇਸ ਐਸੋਸੀਏਸ਼ਨ ਦਾ ਕਾਰਜਭਾਰ ਸਾਂਭਣਗੇ ਅਤੇ ਖਿਡਾਰੀਆਂ ਨੂੰ ਹੋਰ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਗੇ । ਇਸ ਮੌਕੇ ਸੁਰਜੀਤ ਸਟੇਡੀਅਮ ਬਰਟਨ ਪਾਰਕ ਜਲੰਧਰ ਵਿੱਚ ਓਵਰ ਫਿਫਟੀ ਅਤੇ ਓਵਰ ਫੋਰਟੀ ਦਾ ਫਰੈਂਡਲੀ ਮੈਚ ਖੇਡਿਆ ਗਿਆ, ਜਿਨਾਂ ਨੂੰ ਓਲੰਪੀਅਨ ਰਜਿੰਦਰ ਸਿੰਘ ਨੇ ਆਪਣਾ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਚੰਗੇ ਖੇਡ ਪ੍ਰਦਰਸ਼ਨ ਦੀ ਸਰਾਹਨਾ ਕੀਤੀ । ਇਸ ਮੌਕੇ ਗੁਰਮੁੱਖ ਸਿੰਘ ਪ੍ਰਧਾਨ, ਪਲਵਿੰਦਰ ਸਿੰਘ ਚੇਅਰਮੈਨ, ਕਿਰਪਾਲ ਸਿੰਘ ਸੈਕਟਰੀ ਨੇ ਓਲੰਪੀਅਨ ਰਾਜਿੰਦਰ ਸਿੰਘ ਨੂੰ ਜੀ ਆਇਆ ਕਰਦਿਆਂ ਉਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਮਾਸਟਰ ਹਾਕੀ ਐਸੋਸੀਏਸ਼ਨ ਪੰਜਾਬ ਹੁਣ ਪਹਿਲਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨੀ ਕਰਦਿਆਂ ਹਾਕੀ ਖੇਡ ਨੂੰ ਪ੍ਰਫੁੱਲਤ ਕਰੇਗੀ ।


