ਕੇਂਦਰ ਨੂੰ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਤੁਰੰਤ ਖੋਲ੍ਹਣ ਦੀ ਅਪੀਲ

ਨਵੀਂ ਦਿੱਲੀ (ਸਮਾਜ ਵੀਕਲੀ):  ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਅੱਜ ਰਾਜ ਸਭਾ ’ਚ ਕੇਂਦਰ ਨੂੰ ਅਪੀਲ ਕੀਤੀ ਕਿ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਤੁਰੰਤ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਸਿੱਖਿਆ ’ਤੇ ਮਾੜਾ ਅਸਰ ਪਿਆ ਹੈ। ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਝਾਅ ਨੇ ਕਿਹਾ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਵਿਦਿਅਕ ਅਦਾਰੇ ਬੰਦ ਰਹਿਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਆਨਲਾਈਨ ਪੜ੍ਹਾਈ ਵੀ ਫੌਰੀ ਬੰਦ ਕਰਨ ਲਈ ਕਿਹਾ। ‘ਅਧਿਆਪਕ ਹੋਣ ਦੇ ਨਾਤੇ ਮੈਂ ਦੇਖਿਆ ਹੈ ਕਿ ਕਈ ਵਿਦਿਆਰਥੀ ਆਪਣੇ ਵੀਡੀਓ ਬੰਦ ਰਖਦੇ ਹਨ। ਆਨਲਾਈਨ ਢੰਗ ਨਾਲ ਪੜ੍ਹਾਈ ਦਾ ਤਰੀਕਾ ਸਹੀ ਨਹੀਂ ਹੈ।’

ਸੀਪੀਐੱਮ ਦੇ ਜੌਹਨ ਬ੍ਰਿਟਾਸ ਨੇ ਸਰਕਾਰ ’ਤੇ ਸੀਨੀਅਰ ਸਿਟੀਜ਼ਨਸ ਨੂੰ ਕੋਵਿਡ ਮਹਾਮਾਰੀ ਦੌਰਾਨ ਅਣਗੌਲਿਆ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਯੋਜਨਾ ’ਚ ਯੋਗਦਾਨ ਨਹੀਂ ਵਧਾਇਆ ਹੈ ਕਿਉਂਕਿ ਜ਼ਿਆਦਾਤਰ ਨੇ ਅਸੰਗਠਿਤ ਕਿਰਤ ਕਰਦਿਆਂ ਆਪਣਾ ਜੀਵਨ ਗੁਜ਼ਾਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣਾ ਘੁਮੰਡ ਤਿਆਗ ਕੇ ਸੀਨੀਅਰ ਸਿਟੀਜ਼ਨਜ ਦੀ ਸਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਮੁਲਕ ਨੂੰ ਮਾਣ ਮਹਿਸੂਸ ਕਰਾਉਣ ’ਚ ਆਪਣਾ ਬੇਸ਼ਕੀਮਤੀ ਯੋਗਦਾਨ ਪਾਇਆ ਹੈ। ਸੀਪੀਐੱਮ ਦੇ ਹੀ ਝਰਨਾ ਦਾਸ ਬੈਦਿਆ ਨੇ ਪੁੱਛਿਆ ਕਿ ਬੰਗਲਾਦੇਸ਼ ਸਰਹੱਦ ਨਾਲ ਤ੍ਰਿਪੁਰਾ ’ਚ ਬਣੇ ਪੁਲ ਤੋਂ ਦਰਾਮਦ-ਬਰਾਮਦ ਕਦੋਂ ਤੋਂ ਸ਼ੁਰੂ ਹੋਵੇਗੀ। ਡੀਐੱਮਕੇ ਦੇ ਐੱਮ ਸ਼ਨਮੁਗਮ ਨੇ ਮੁੰਬਈ ’ਚ ਬੰਦ ਹੋਈਆਂ ਸਪਿਨਿੰਗ ਮਿੱਲਾਂ ’ਚ ਬੇਰੁਜ਼ਗਾਰ ਟੈਕਸਟਾਈਲ ਵਰਕਰਾਂ ਦਾ ਮੁੱਦਾ ਉਠਾਇਆ। ਬੀਜੇਡੀ ਦੇ ਸੁਜੀਤ ਕੁਮਾਰ ਨੇ ਉੜੀਸਾ ਦੀ ਕੇਂਦਰੀ ਯੂਨੀਵਰਿਸਟੀ ’ਚ ਖਾਲੀ ਪਈਆਂ ਅਸਾਮੀਆਂ ਦਾ ਮੁੱਦਾ ਉਠਾਇਆ। ਤ੍ਰਿਣਮੂਲ ਕਾਂਗਰਸ ਦੀ ਮੌਸਮ ਨੂਰ ਨੇ ਪੱਛਮੀ ਬੰਗਾਲ ’ਚ ਦਰਿਆਵਾਂ ਦੇ ਖੁਰਨ ਕਾਰਨ ਮਚੀ ਤਬਾਹੀ ਦਾ ਮੁੱਦਾ ਉਠਾਇਆ ਅਤੇ ਬੇਨਤੀ ਕੀਤੀ ਕਿ ਇਸ ਦਾ ਪੱਕਾ ਹੱਲ ਕੱਢਿਆ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਚਿੰਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ: ਹਾਈ ਕੋਰਟ
Next articleਤਿਰੰਗੇ ਦੀ ਥਾਂ ਲਵੇਗਾ ਭਗਵਾਂ ਝੰਡਾ: ਈਸ਼ਵਰੱਪਾ