ਬੱਚਿਆਂ ਤੋਂ ਮੁਆਫ਼ੀ

ਸਵਾਮੀ ਸਰਬਜੀਤ ਸਿੰਘ

(ਸਮਾਜ ਵੀਕਲੀ)

ਮੇਰੇ ਬੱਚਿਓ ਮੈਨੂੰ ਮੁਆਫ਼ ਕਰਨਾ
ਇਹ ਮੇਰੀ ਹੀ ਬੁਜ਼ਦਿਲੀ ਏ
ਜੋ ਤੁਹਾਡੇ ਖਿਡੋਣਿਆਂ ਦੇ ਵੱਟੇ
ਤੁਹਾਡੇ ਪਾਲਣਿਆਂ ‘ਚ ਬੰਬ ਟਿਕਾਉਣ ਵਾਲ਼ਿਆਂ ਨੂੰ
ਮੈਂ ਰੋਕ ਨਾ ਸਕਿਆ।
ਮੈਂ ਰੋਕ ਨਾ ਸਕਿਆ
ਤੁਹਾਡੀਆਂ ਲੋਰੀਆਂ ਦੀ ਥਾਏਂ
ਤੁਹਾਡੇ ਕੰਨਾ ‘ਚ
ਧਮਾਕਿਆਂ ਦਾ ਸ਼ੋਰ ਭਰਨ ਵਾਲ਼ਿਆਂ ਨੂੰ।
ਤੁਹਾਡੇ ਰੰਗਾਂ ਦੀ ਹੋਲੀ ‘ਚ
ਤੁਹਾਡੇ ਖ਼ੂਨ ਦੇ ਰੰਗ ਦੀ ਮਿਲਾਵਟ ਕਰਨ ਵਾਲ਼ਿਆਂ ਨੂੰ
ਮੈਂ ਵਰਜ ਨਾ ਸਕਿਆ।
ਮੈਂ ਵਰਜ ਨਾ ਸਕਿਆ
ਤੁਹਾਡੇ ਤੋਤਲੇ ਬੋਲਾਂ ਨੂੰ
ਸਿਸਕੀਆਂ, ਚੀਕਾਂ, ਰੋਣਿਆਂ ‘ਚ
ਬਦਲਣ ਵਾਲ਼ਿਆਂ ਨੂੰ।
ਤੁਹਾਡੇ ਜ਼ਿਹਨ ‘ਚ ਉੱਡੀਆਂ ਫਿਰਦੀਆਂ ਪਰੀਆਂ ਦੇ ਕਾਤਲ
ਦਾਨਵਾਂ, ਦਿਓਆਂ, ਰਾਕਸ਼ਸ਼ਾਂ, ਚੰਡਾਲਾਂ ਨੂੰ
ਮੈਂ ਬਰੂਹਾਂ ਤੋਂ ਬਾਹਰ ਨਾ ਡੱਕ ਸਕਿਆ।
ਮੈਂ ਨਾ ਡੱਕ ਸਕਿਆ
ਤੁਹਾਡੀਆਂ ਲਾਸ਼ਾਂ ਦੇ ਅੰਬਾਰਾਂ ਦੀਆਂ ਪੌੜੀਆਂ ਬਣਾ ਕੇ
ਆਪਣੇ ਕੁ–ਹਿੱਤਾਂ ਦੀਆਂ ਮੰਜ਼ਿਲਾਂ ਛੂਹਣ ਵਾਲ਼ਿਆਂ ਨੂੰ।
ਮੈਂ ਬੱਸ ਸ਼ਰਮਿੰਦਾ ਹਾਂ,
ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਸਮੇਤ ਚੇਤਨ
ਆਪਣੇ ਮਰੇ ਜ਼ਮੀਰ ਸੰਗ ਜਿਊਂਦਾ–ਜਾਗਦਾ
ਮੈਂ ਦਿਮਾਗ਼ੋਂ ਅਪਾਹਜ ਹੋ ਗਿਆ….
ਚੰਦ ਠੀਕਰੀਆਂ ਦੇ ਏਵਜ਼ ‘ਚ
ਖ਼ੁਦ ਨੂੰ ਟਕਸਾਲ ਕੋਲ਼ ਵੇਚ ਆਇਆ ਹਾਂ
ਤੇ ਬੁੱਕਲ ਦੇ ਨਿੱਘ ਨੂੰ ਤਪਸ਼ ‘ਚ ਢਾਲ਼ ਲਿਆਇਆ ਹਾਂ।
(ਦੁਨੀਆ ਦੀ ਹਰੇਕ ਜੰਗ ਦੇ ਖ਼ਿਲਾਫ਼)

ਸਵਾਮੀ ਸਰਬਜੀਤ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੇ ਮਨ – ਮੋਹਣਿਆ ਬਾਲਕ ਨਾਥਾ….
Next articleਸੋਹਣਾ ਪੰਜਾਬ