ਵੇ ਮਨ – ਮੋਹਣਿਆ ਬਾਲਕ ਨਾਥਾ….

(ਸਮਾਜ ਵੀਕਲੀ)

ਜੈ ਗੁਰੂਦੇਵ – ਧੰਨ ਗੁਰੂਦੇਵ। ਪੌਣਾਹਾਰੀ ਬਾਬਾ ਜੀ ਦੀ ਜੈ , ਰਾਜਾ ਭਰਥਰੀ ਜੀ ਦੀ ਜੈ। ਰਤਨੋ ਮਾਈ ਜੀ ਦੀ ਜੈ। ਗੁਰੂ ਦੱਤਾਤ੍ਰੇਆ ਜੀ ਦੀ ਜੈ। ਉੱਤਰ ਭਾਰਤ ਦਾ ਪ੍ਰਸਿੱਧ ਸ਼ਕਤੀ ਪੀਠ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦਿਓਟਸਿੱਧ (ਹਿਮਾਚਲ ਪ੍ਰਦੇਸ਼) ਧਾਰਮਿਕ ਪੱਖੋਂ ਸੰਗਤਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਈਸ਼ਟ ਪ੍ਰਤੀ ਦ੍ਰਿੜ੍ਹ ਆਸਥਾ ਦਾ ਪ੍ਰਤੀਕ / ਸਥਾਨ ਹੈ। ਇਸ ਮਹਾਨ , ਧਾਰਮਿਕ , ਪਾਵਨ ਅਤੇ ਸ਼ਕਤੀਸ਼ਾਲੀ ਅਸਥਾਨ ‘ਤੇ ਚੇਤਰ ਮਹੀਨੇ ਭਗਤ – ਜਨਾਂ ਦਾ ਬਹੁਤ ਵੱਡਾ ਮੇਲਾ ਲੱਗਦਾ ਹੈ , ਜੋ ਕਿ ਆਪਣੇ ਈਸ਼ਟ ਪ੍ਰਤੀ ਉਨ੍ਹਾਂ ਦੀ ਵਿਸ਼ੇਸ਼ ਸ਼ਰਧਾ , ਆਸਥਾ ਅਤੇ ਭਾਵਨਾ ਦਾ ਪ੍ਰਤੀਕ ਹੈ।

ਇਸ ਮੌਕੇ ਆਪਣੇ ਇਸ਼ਟ ਪ੍ਰਤੀ ਆਪਣੀ ਭਗਤੀ , ਆਪਣੀ ਸ਼ਰਧਾ , ਆਪਣੀ ਭਾਵਨਾ , ਆਪਣਾ ਲਗਾਓ ਅਤੇ ਆਪਣੀ ਅੰਤਰ – ਆਤਮਾ ਦੇ ਜੁੜਾਵ ਅਨੁਸਾਰ ਭਗਤ – ਜਨ ਸ਼ਰਧਾਪੂਰਵਕ ਦੰਡਵਤ , ਪੈਦਲ ਜਾਂ ਬਹੁਤੇਰੀ ਗਿਣਤੀ ਵਿੱਚ ਨੰਗੇ – ਪੈਰ ਹੀ ਮੰਦਿਰ ਤੱਕ ਜਾਂਦੇ ਹਨ ਅਤੇ ਉੱਥੇ ਜਾ ਕੇ ਆਪਣੇ ਈਸ਼ਟ ਬਾਬਾ ਜੀ ਕੋਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਲੰਬੀ ਉਮਰ , ਤੰਦਰੁਸਤੀ ਅਤੇ ਬਰਕਤ ਦੀ ਦੁਆ ਕਰਦੇ ਹਨ ; ਭਾਵ ਕਿ ਸਮੁੱਚੇ ਭਗਤ – ਜਨ ਇੱਕ ਵਿਸ਼ੇਸ਼ ਆਸਥਾ ਲੈ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਖ਼ੁਸ਼ੀ ਲਈ ਬਾਬਾ ਜੀ ਅੱਗੇ ਨਤਮਸਤਕ ਹੁੰਦੇ ਹਨ , ਪ੍ਰੰਤੂ ਇਹ ਵੀ ਦੇਖਣ ਵਿੱਚ ਆ ਜਾਂਦਾ ਹੈ ਕਿ ਇਸ ਮੌਕੇ ‘ਤੇ ਕਈ ਵਾਰ ਅਸੀਂ ਆਮ ਤੌਰ ‘ਤੇ ਆਵਾਜਾਈ ਦੇ ਨਿਯਮਾਂ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ।

ਅਸੀਂ ਟਰੈਕਟਰ – ਟਰਾਲੀਆਂ ਜਾਂ ਹੋਰ ਢੋਆ – ਢੁਆਈ ਦੇ ਵਾਹਨਾਂ ‘ਤੇ ( ਜੋ ਕਿ ਸਵਾਰੀਆਂ ਲਈ ਉਪਯੁਕਤ ਨਹੀਂ ਹੈ ) ਅਤੇ ਦੋ – ਦੋ ਡੈਕਰ ਬਣਾ ਕੇ ਬਾਬਾ ਜੀ ਦੇ ਮੰਦਿਰ ਤੱਕ ਜਾਣ ਤੋਂ ਗੁਰੇਜ਼ ਨਹੀਂ ਕਰਦੇ। ਜਦੋਂਕਿ ਇਹ ਸਮੁੱਚੇ ਭਗਤ – ਜਨਾਂ ਲਈ ਖ਼ਤਰਾ ਬਣ ਸਕਦੇ ਹਨ। ਜਿੱਥੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਕੇ ਅਸੀਂ ਕੇਵਲ ਖ਼ੁਦ ਆਪਣੀ ਜਾਨ ਜੋਖ਼ਿਮ ਵਿੱਚ ਪਾ ਲੈਂਦੇ ਹਾਂ ਤੇ ਆਪਣੇ ਪਰਿਵਾਰ ਦੀ ਜਾਨ ਜੋਖ਼ਿਮ ਵਿੱਚ ਪਾ ਲੈਂਦੇ ਹਾਂ , ਉੱਥੇ ਹੀ ਅਸੀਂ ਦੂਸਰੇ ਭਗਤ – ਜਨਾਂ ਲਈ ਵੀ ਖਤਰਾ ਬਣ ਸਕਦੇ ਹਾਂ, ਜੋ ਕਿ ਪੈਦਲ , ਨੰਗੇ – ਪੈਰ ਜਾਂ ਦੰਡਵਤ ਪ੍ਰਣਾਮ ਕਰਦੇ ਹੋਏ ਬਾਬਾ ਜੀ ਦੀ ਗੁਫਾ ਤੱਕ ਜਾਂਦੇ ਹਨ।

ਭਾਵੇਂ ਕਿ ਸਮੇਂ – ਸਮੇਂ ‘ਤੇ ਮੰਦਿਰ ਪ੍ਰਸ਼ਾਸਨ ਜਾਂ ਪੁਲੀਸ – ਪ੍ਰਸ਼ਾਸਨ ਵੱਲੋਂ ਜਾਗਰੂਕਤਾ ਕੀਤੀ ਜਾਂਦੀ ਹੈ ਤੇ ਇਸ ਸੰਬੰਧੀ ਭਗਤ – ਜਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ; ਪਰ ਭੀੜ ਬਹੁਤੇਰੀ ਹੋਣ ਕਰਕੇ ਕਈ ਵਾਰ ਪੁਲਿਸ – ਪ੍ਰਸ਼ਾਸਨ ਵੀ ਲਾਚਾਰੀ ਮਹਿਸੂਸ ਕਰਦਾ ਹੈ ਅਤੇ ਬੇਵੱਸ ਹੋ ਕੇ ਕੇਵਲ ਤੇ ਕੇਵਲ ਵਾਹਨਾਂ ਦੇ ਚਲਾਨ ਕੱਟਣ ਦੀ ਕਾਰਵਾਈ ਕਰਦਾ ਹੈ ਤਾਂ ਜੋ ਸਾਨੂੰ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਥੋੜ੍ਹਾ – ਬਹੁਤ ਮਜਬੂਰ ਹੋਣਾ ਪਵੇ , ਪਰ ਇਹ ਗੱਲ ਸਹੀ ਨਹੀਂ ਹੈ। ਇਸ ਲਈ ਸਮੁੱਚੇ ਭਗਤ – ਜਨਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਬਾਬਾ ਜੀ ਦੇ ਦਰਬਾਰ ਲਈ ਜਾਣ ਤਾਂ ਜਿੱਥੇ ਸ਼ਰਧਾ ਲੈ ਕੇ ਜਾਂਦੇ ਹਨ , ਉਥੇ ਹੀ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਯਾਤਰਾ ਨੂੰ ਸੁਰੱਖਿਅਤ ਅਤੇ ਸ਼ਾਂਤਮਈ ਬਣਾਉਣ ਅਤੇ ਦੂਸਰੀ ਭਗਤ – ਜਨਾਂ ਦੇ ਲਈ ਵੀ ਸੁਰੱਖਿਆ ਮੁਹੱਈਆ ਕਰਵਾਉਣ।

ਦੂਸਰੀ ਗੱਲ , ਕਈ ਵਾਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਕਾਫ਼ੀ ਲੰਮਾ ਸਫ਼ਰ ਕਰਕੇ ਦੂਰ – ਦੁਰਾਡੇ ਤੋਂ ਬਾਬਾ ਜੀ ਦੇ ਦਰਬਾਰ ਤੱਕ ਪਹੁੰਚਦੇ ਹਾਂ ; ਪ੍ਰੰਤੂ ਕਈ ਵਾਰ ਕੁਝ ਭਗਤ – ਜਨ ਕਤਾਰ ਵਿੱਚ ਖੜ੍ਹੇ ਹੋ ਕੇ ਤਰਤੀਬਵਾਰ ਮੱਥਾ ਟੇਕਣ ਲਈ ਲਾਈਨ ਵਿੱਚ ਖੜ੍ਹੇ ਹੋਣ ਦੀ ਥਾਂ ਅੱਗੇ – ਪਿੱਛੇ ਜਾਂ ਹੋਰ ਵੱਖਰੀ ਲਾਈਨ ਬਣਾ ਕੇ ਖੜ੍ਹੇ ਹੋ ਜਾਂਦੇ ਹਨ , ਜਿਸ ਨਾਲ ਕਿ ਇੱਕ – ਅੱਧੇ ਘੰਟੇ ਵਿੱਚ ਹੋਣ ਵਾਲਾ ਕੰਮ ਕਈ ਵਾਰ ਬਹੁਤ ਜ਼ਿਆਦਾ ਸਮਾਂ ਲੈ ਲੈਂਦਾ ਹੈ ਅਤੇ ਅਸੀਂ ਮੱਥਾ ਟੇਕਣ ਵਿੱਚ ਕਾਹਲੀ / ਤੇਜੀ ਵੀ ਕਰ ਦਿੰਦੇ ਹਾਂ ; ਜੋ ਕਿ ਸਹੀ ਨਹੀਂ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਮੱਥਾ ਟੇਕਣ ਬਾਬਾ ਜੀ ਦੇ ਦਰਬਾਰ ਵਿੱਚ ਜਾਈਏ ਤਾਂ ਪੂਰੀ ਸ਼ਰਧਾ ਨਾਲ , ਸਾਰੇ ਭਗਤ – ਜਨਾਂ ਦਾ ਸਤਿਕਾਰ ਕਰਦੇ ਹੋਏ , ਲਾਈਨ ਵਿੱਚ ਹੀ ਖੜ੍ਹੇ ਹੋ ਕੇ ਤੇ ਬਿਨਾਂ ਕਿਸੇ ਬੇਸਬਰੀ ਤੋਂ ਤੇ ਤਰਤੀਬ ਅਨੁਸਾਰ ਬਾਬਾ ਜੀ ਦੀ ਗੁਫਾ ਵਿੱਚ ਮੱਥਾ ਟੇਕੀਏ , ਨਤਮਸਤਕ ਹੋਈਏ ਅਤੇ ਕੁਝ ਸਮਾਂ ਆਪਣੇ ਪਰਿਵਾਰ ਨਾਲ ਜਾਂ ਆਪਣੇ ਭਗਤ – ਜਨ ਸਾਥੀਆਂ ਨਾਲ ਬਾਬਾ ਜੀ ਦੇ ਦਰਬਾਰ ਵਿੱਚ ਅਤੇ ਬਾਬਾ ਜੀ ਦੇ ਦਰਬਾਰ ਤੋਂ ਬਾਹਰ ਅਤੇ ਹੋਰ ਨਜ਼ਦੀਕੀ ਇਲਾਕੇ ਵਿੱਚ ਘੁੰਮ – ਫਿਰ ਕੇ , ਉੱਥੋਂ ਦੇ ਇਤਿਹਾਸ ਅਤੇ ਉਥੋਂ ਦੀ ਕਥਾ ਨੂੰ ਸਮਝੀਏ , ਆਪਣੇ ਪਰਿਵਾਰ ਨੂੰ ਸਮਝਾਈਏ , ਆਪਣੇ ਬੱਚਿਆਂ ਨੂੰ ਸਮਝਾਈਏ ਤੇ ਨਵੀਆਂ ਪੀੜ੍ਹੀਆਂ ਨੂੰ ਦੱਸੀਏ ਤਾਂ ਜੋ ਸਾਨੂੰ ਬਾਬਾ ਜੀ ਨਾਲ ਜੁੜੀਆਂ ਕਹਾਣੀਆਂ , ਬਾਬਾ ਜੀ ਦੀ ਸ਼ਕਤੀ – ਮਹਾਨਤਾ , ਉਸ ਧਾਰਮਿਕ ਸਥਾਨ ਦੀ ਪਵਿੱਤਰਤਾ , ਉਸ ਧਾਰਮਿਕ ਸਥਾਨ ਦੀ ਮਹਾਨਤਾ ਬਾਰੇ ਸਾਨੂੰ ਖ਼ੁਦ ਨੂੰ ਅਤੇ ਸਾਡੇ ਪਰਿਵਾਰ ਨੂੰ , ਸੰਗਤਾਂ ਨੂੰ ਅਤੇ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ।

ਅਸੀਂ ਭਗਤੀ ਦੇ ਰੰਗ ਵਿੱਚ ਖੋਹ ਕੇ ਮਸਤ ਹੋ ਕੇ ਬਾਬਾ ਜੀ ਦੇ ਪਵਿੱਤਰ ਸਥਾਨ ਦੇ ਵਿੱਚ ਬਾਬਾ ਜੀ ਦੀ ਭਗਤੀ ਦੇ ਰੰਗ ਵਿੱਚ ਰੰਗ ਜਾਈਏ। ਇਸ ਤੋਂ ਇਲਾਵਾ ਸਾਨੂੰ ਇਹ ਵੀ ਚਾਹੀਦਾ ਹੈ ਕਿ ਕੁਝ ਕੁ ਫ਼ੋਟੋਆਂ ਖਿੱਚਣ ਤੋਂ ਇਲਾਵਾ ਮੋਬਾਇਲ ਫੋਨ ਦੀ ਵਰਤੋਂ ਨੂੰ ਉੱਥੇ ਬਿਲਕੁਲ ਬੰਦ ਕਰ ਕੀਤਾ ਜਾਵੇ ਤਾਂ ਜੋ ਸਾਡਾ ਪੂਰਨ ਧਿਆਨ ਬਾਬਾ ਜੀ ਦੀ ਭਗਤੀ , ਬਾਬਾ ਜੀ ਦੀ ਕਥਾ – ਕਹਾਣੀ , ਬਾਬਾ ਜੀ ਦੀ ਸੰਗਤ ਵਿੱਚ ਬੈਠਣ ਅਤੇ ਬਾਬਾ ਜੀ ਤੇ ਬਾਬਾ ਜੀ ਦੇ ਮਹਾਨ ਕਾਰਨਾਮਿਆਂ ਨੂੰ ਤੇ ਉਨ੍ਹਾਂ ਦੀ ਮਹਾਨਤਾ ਨੂੰ ਸਮਝਣ ਵਿੱਚ ਗੁਜ਼ਰ ਸਕੇ। ਤਦ ਹੀ ਯਾਤਰਾ ਦਾ ਅਸਲ ਲਾਭ ਮਿਲ ਸਕਦਾ ਹੈ। ਸਾਨੂੰ ਧਾਰਮਿਕ ਸਥਾਨ ‘ਤੇ ਬਾਂਦਰਾਂ ਜਾਂ ਹੋਰ ਜਾਨਵਰਾਂ ਆਦਿ ਨੂੰ ਕੁਝ ਵੀ ਖਾਣ – ਪੀਣ ਦੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਜਾਨਵਰਾਂ ਨੂੰ ਭੋਜਨ ਪਦਾਰਥ ਦੇਣ ਨਾਲ ਸਾਡਾ , ਮੰਦਿਰ ਪ੍ਰਸ਼ਾਸਨ ਦਾ ਜਾਂ ਹੋਰ ਭਗਤ – ਜਨਾਂ ਦਾ ਨੁਕਸਾਨ ਹੋ ਸਕਦਾ ਹੈ , ਜਿਸ ਬਾਰੇ ਕਿ ਵਾਰ – ਵਾਰ ਮੰਦਿਰ – ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਭਗਤ – ਜਨ ਕੋਵਿਡ ਦੀਆਂ ਸਾਵਧਾਨੀਆਂ ਨੂੰ ਵੀ ਜ਼ਰੂਰ ਅਪਣਾਉਣ , ਤਾਂ ਜੋ ਸਮੁੱਚੇ ਭਗਤ – ਜਨ ਸੁਰੱਖਿਆ , ਸ਼ਾਂਤੀ ਤੇ ਸਕੂਨ ਨਾਲ਼ ਯਾਤਰਾ ਦਾ ਅਨੰਦ ਲੈਣ।

ਜੇਕਰ ਹੋ ਸਕੇ ਤਾਂ ਕਿਸੇ ਗ਼ਰੀਬ /ਲੋੜਵੰਦ ਦੀ ਯਥਾਸੰਭਵ ਸਹਾਇਤਾ ਉੱਥੇ ਕੀਤੀ ਜਾ ਸਕਦੀ ਹੈ। ਸੋ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦੇ ਸਾਰੇ ਮਹਾਨ ਭਗਤ – ਜਨਾਂ ਨੂੰ ਦਾਸ ਵਲੋਂ ਇਹ ਛੋਟੀ ਜਿਹੀ ਬੇਨਤੀ ਹੈ ਜੋ ਕਿ ਜ਼ਰੂਰ ਕਬੂਲ ਕਰਨੀ ਜੀ ਤਾਂ ਜੋ ਸਾਰੇ ਭਗਤ – ਜਨ ਇੱਕ – ਮਿੱਕ ਹੋ ਕੇ , ਬਿਨਾਂ ਕਿਸੇ ਭੇਦਭਾਵ ਤੇ ਡਰ ਭਾਵਨਾ ਤੋਂ , ਆਰਾਮ ਨਾਲ ਤੇ ਮੰਦਿਰ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਜੈ ਬਾਬੇ ਦੀ।

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਤੱਥ
Next articleਬੱਚਿਆਂ ਤੋਂ ਮੁਆਫ਼ੀ