ਭਾਰਤ ’ਤੇ ਮਾੜੀ ਅੱਖ ਰੱਖਣ ਵਾਲੇ ਨੂੰ ਮੂੰਹ-ਤੋੜ ਜਵਾਬ ਮਿਲੇਗਾ: ਰਾਜਨਾਥ

ਚੰਡੀਗੜ੍ਹ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜ਼ੋਰ ਦੇ ਕਿਹਾ ਕਿ ਕੌਮੀ ਹਿੱਤਾਂ ਦੀ ਰਾਖੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮੰਤਵ ਹੈ ਤੇ ਜੋ ਕੋਈ ਵੀ ਭਾਰਤ ਉਤੇ ਮਾੜੀ ਅੱਖ ਰੱਖੇਗਾ, ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਰਾਜਨਾਥ ਨੇ ਕਿਹਾ, ‘ਭਾਰਤ ਹੁਣ ਕਮਜ਼ੋਰ ਨਹੀਂ ਹੈ। ਅਸੀਂ ਸ਼ਾਂਤੀ ਵਿਚ ਯਕੀਨ ਰੱਖਦੇ ਹਾਂ।’ ਰਾਜਨਾਥ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਵਾਰ-ਵਾਰ ਸਾਬਿਤ ਕੀਤਾ ਹੈ ਕਿ ਜੇ ਕੋਈ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਕਰੜਾ ਜਵਾਬ ਦਿੱਤਾ ਜਾਵੇਗਾ। ਰੱਖਿਆ ਮੰਤਰੀ ਨੇ ਇਸ ਮੌਕੇ 2016 ਦੀ ਸਰਜੀਕਲ ਸਟ੍ਰਾਈਕ ਤੇ 2019 ਦੇ ਬਾਲਾਕੋਟ ਹਮਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਗਲਵਾਨ ਵਾਦੀ ਵਿਚ ਭਾਰਤੀ ਸੈਨਿਕਾਂ ਵੱਲੋਂ ਦਿਖਾਈ ਬਹਾਦਰੀ ਤੇ ਪੂਰਬੀ ਲੱਦਾਖ ਦੇ ਟਕਰਾਅ ਦਾ ਵੀ ਜ਼ਿਕਰ ਕੀਤਾ। ਰਾਜਨਾਥ ਨੇ ਅੱਜ ਹਰਿਆਣਾ ਦੇ ਝੱਜਰ ਵਿਚ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਬੁੱਤ ਤੋਂ ਪਰਦਾ ਹਟਾਇਆ।

ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ. ਧਨਖੜ ਹਾਜ਼ਰ ਸਨ। ਰਾਜਨਾਥ ਨੇ ਇਸ ਮੌਕੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਨੂੰ ਪਿੱਛੇ ਛੱਡਣ ਲਈ ਨਰਿੰਦਰ ਮੋਦੀ ਸਰਕਾਰ ਨੇ ਕਈ ਕਦਮ ਚੁੱਕੇ ਹਨ। ਭਾਰਤੀ ਜਲ ਸੈਨਾ ਨੂੰ ਨਵਾਂ ਚਿੰਨ੍ਹ ਦਿੱਤਾ ਗਿਆ ਹੈ ਜੋ ਕਿ ਮਰਾਠਾ ਯੋਧਾ ਛੱਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਹੈ। ਪੰਦਰਾਂ ਸੌ ਤੋਂ ਵੱਧ ਬਰਤਾਨਵੀ ਰਾਜ ਵੇਲੇ ਦੇ ਕਾਨੂੰਨਾਂ ਨੂੰ ਖ਼ਤਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਪਥ ਦਾ ਨਾਂ ‘ਕਰਤੱਵਿਆ ਪਥ’ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸਤੀਵਾਦ ਵੇਲੇ ਦੇ ਕਈ ਹੋਰ ਕਾਨੂੰਨਾਂ ਨੂੰ ਵੀ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਿਆਣਾ ਦੇ ਝੱਜਰ ਨੂੰ ਬਹਾਦਰਾਂ ਦੀ ਧਰਤੀ ਕਰਾਰ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਇੱਥੋਂ ਕਈਆਂ ਨੇ ਦੇਸ਼ ਦੀਆਂ ਸਰਹੱਦਾਂ ਉਤੇ ਜਾਨ ਦਿੱਤੀ ਹੈ। ਰਾਜਨਾਥ ਨੇ ਦੋਸ਼ ਲਾਇਆ ਕਿ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਹੀ ਪਾਕਿਸਤਾਨ ਜੰਮੂ ਕਸ਼ਮੀਰ ਵਿਚ ਅਤਿਵਾਦੀ ਭੇਜਦਾ ਰਿਹਾ ਹੈ। 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮਾਚਲ ਪ੍ਰਦੇਸ਼ ’ਚ ਰਿਕਾਰਡ 75.6 ਫੀਸਦ ਪੋਲਿੰਗ
Next articleਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ: ਸੁਖਬੀਰ ਬਾਦਲ