*ਬੀਤੀ 4 ਫਰਵਰੀ ਤੋਂ ਸੀ ਘਰ ਤੋਂ ਲਾਪਤਾ*ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ‘ਯੁੱਧ ਨਸ਼ਾ ਵਿਰੁੱਧ’ ਮੁਹਿੰਮ ਛੇੜ ਕੇ ਬੈਠੀ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਜੇ. ਸੀ. ਬੀ ਨਾਲ ਢਾਹਿਆ ਜਾ ਰਿਹਾ ਹੈ ਪਰੰਤੂ ਇਸ ਸੱਭ ਦੇ ਬਾਵਜੂਦ ਵੀ ਨਸ਼ਾ ਤਸਕਰ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੇ, ਜਿਸ ਕਾਰਣ ਪੁਲਿਸ ਦੀ ਕਾਰਵਾਈ ਸਿਰਫ ‘ਦਿਖਾਵੇ’ ਤੱਕ ਹੀ ਸੀਮਤ ਰਹਿ ਗਈ ਹੈ | ਇਸ ਦੀ ਤਾਜਾ ਮਿਸਾਲ ਉਸ ਸਮੇਂ ਮਿਲੀ ਜਦੋਂ ਅੱਪਰਾ ਦੇ ਕਰੀਬੀ ਪਿੰਡ ਸਰਹਾਲ ਮੁੰਡੀ ਦੇ ਇੱਕ ਨੌਜਵਾਨ ਦਾ ‘ਪਿੰਜਰ’ ਲਗਭਗ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਪਿੰਡ ਚੱਕ ਰਾਮੂੰ ਵਿਖੇ ਕਮਾਦ ਦੇ ਖੇਤਾਂ ‘ਚ ਮਿਲਿਆ | ਥਾਣਾ ਬਹਿਰਾਮ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਗੋਰਾਇਆ ਦੇ ਪਿੰਡ ਸਰਹਾਲ ਮੁੰਡੀ ਦਾ ਰਹਿਣ ਵਾਲਾ ਨੌਜਵਾਨ ਪ੍ਰਵੀਨ ਕੁਮਾਰ ਪੁੱਤਰ ਜਸਵੀਰ ਰਾਮ ਨਸ਼ੇ ਕਰਨ ਦਾ ਆਦੀ ਸੀ | ਜਸਵੀਰ ਰਾਮ ਬੀਤੀ 4 ਫਰਵਰੀ ਤੋਂ ਹੀ ਘਰ ਤੋਂ ਗਾਇਬ ਸੀ, ਜਿਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਪਰਿਵਾਰਿਕ ਮੈਂਬਰਾਂ ਵਲੋਂ ਦਰਜ ਕਰਵਾਈ ਗਈ | ਅੱਜ ਉਸਦੇ ਸਰੀਰ ਦਾ ‘ਕੰਕਾਲ’ ਪਿੰਡ ਚੱਕ ਰਾਮੂੰ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਦੇ ਕਮਾਦ ਦੇ ਖੇਤਾਂ ‘ਚ ਬਰਾਮਦ ਹੋਇਆ | ਇਸ ਮੌਕੇ ਹਾਜ਼ਰ ਪਰਿਵਾਰਿਕ ਮੈਂਬਰਾਂ ਦੇ ਉਸਦੇ ਕੱਪੜਿਆਂ ਤੋਂ ਉਸਦੀ ਸ਼ਨਾਖਤ ਕੀਤੀ | ਇਸ ਮੌਕੇ ਘਟਨਾ ਸਥਾਨ ‘ਤੇ ਹਾਜ਼ਰ ਥਾਣਾ ਬਹਿਰਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸਦੇ ਕੰਕਾਲ ਕੋਲੋਂ ਨਸ਼ੇ ਦੇ ਟੀਕੇ ਤੇ ਸਰਿੰਜ ਬਰਾਮਦ ਹੋਏ ਹਨ | ਥਾਣਾ ਬਹਿਰਾਮ ਦੇ ਐੱਸ. ਐੱਚ ਓ ਰਾਜੀਵ ਕਪੂਰ ਨੇ ਕਿਹਾ ਕਿ ਪੁਲਿਸ ਨੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj