ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਉਪਰੋਕਤ ਉਦਾਹਰਨਾਂ ਵਿਚਲੇ ਜਿਨ੍ਹਾਂ ਸ਼ਬਦਾਂ ਦੇ ਸ਼ਬਦ-ਰੂਪਾਂ ਉੱਤੇ ਵਧੇਰੇ ਵਾਵੇਲਾ ਮੱਚਦਾ ਹੈ, ਉਹ ਹਨ: “ਸਲਾਨਾ” ਅਤੇ “ਦਿਵਾਲ਼ੀ”। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸਾਨੂੰ ਮੁੱਢ ਤੋਂ ਹੀ ਇਹਨਾਂ ਸ਼ਬਦਾਂ ਦੇ ਸ਼ਬਦ-ਜੋੜ ‘ਸਾਲਾਨਾ’ ਅਤੇ ‘ਦੀਵਾਲੀ’ ਦੇ ਤੌਰ ‘ਤੇ ਹੀ ਸਿਖਾਏ ਜਾਂਦੇ ਰਹੇ ਹਨ ਜਿਸ ਕਾਰਨ ਉਪਰੋਕਤ ਸ਼ਬਦਾਂ ਦੇ ਬਦਲੇ ਹੋਏ ਸ਼ਬਦ-ਜੋੜ (ਸਲਾਨਾ ਅਤੇ ਦਿਵਾਲ਼ੀ) ਸਾਡੀ ਮਾਨਸਿਕਤਾ ਦਾ ਅੰਗ ਹੀ ਨਹੀਂ ਬਣ ਸਕੇ। ਇਸੇ ਕਾਰਨ ਇਹਨਾਂ ਅਤੇ ਅਜਿਹੇ ਕਈ ਹੋਰ ਸ਼ਬਦਾਂ ਦੇ ਸ਼ਬਦ-ਜੋੜਾਂ ਬਾਰੇ ਸਾਡੀ ਧਾਰਨਾ ਅਜੇ ਵੀ ਬਦਲ ਨਹੀਂ ਸਕੀ। ਇਸ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਸਾਨੂੰ ਸ਼ੁਰੂ ਤੋਂ ਹੀ ਇਹ ਗੱਲ ਵੀ ਦੱਸੀ ਜਾਂਦੀ ਰਹੀ ਹੈ ਕਿ ਕਿਉਂਕਿ ਇਹ ਸ਼ਬਦ ‘ਸਾਲ’ ਅਤੇ ‘ਦੀਵਾ’ ਸ਼ਬਦਾਂ ਤੋਂ ਬਣੇ ਹੋਏ ਹਨ ਇਸ ਲਈ ਇਹਨਾਂ ਸ਼ਬਦਾਂ ਵਿਚਲੇ ਪਹਿਲੇ ਦੋਂਹਾਂ ਅੱਖਰਾਂ (ਸਾਲਾਨਾ ਦੇ ‘ਸਾ’ ਅਤੇ ਦੀਵਾਲੀ ਵਿਚਲੇ ‘ਦੀ’) ਨਾਲ਼ ਲੱਗੀਆਂ ਦੀਰਘ ਮਾਤਰਾਵਾਂ ਹਟਾਈਆਂ ਨਹੀਂ ਜਾ ਸਕਦੀਆਂ। ਪੰਜਾਬੀ ਸ਼ਬਦ-ਜੋੜਾਂ ਬਾਰੇ ਸਾਨੂੰ ਅਜਿਹੀ ਸੋਚ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ। ਨਿਯਮ ਹਰ ਸ਼ਬਦ ਲਈ ਇਕਸਮਾਨ ਹੀ ਹੁੰਦੇ ਹਨ। ਦਰਅਸਲ ਭਾਸ਼ਾ ਨਾਲ਼ ਸੰਬੰਧਿਤ ਸ਼ਬਦ – ਜੋੜਾਂ ਦੇ ਅਜਿਹੇ ਨਿਯਮ ਸ਼ੁਰੂ – ਸ਼ੁਰੂ ਵਿੱਚ ਹੀ ਜ਼ਰਾ ਔਖੇ ਜਾਪਦੇ ਹਨ ਪਰ ਜਦੋਂ ਸਾਨੂੰ ਤਕਨੀਕੀ ਅਤੇ ਭਾਸ਼ਾ – ਵਿਗਿਆਨਿਕ ਪੱਖ ਤੋਂ ਇਹਨਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਅਜਿਹੀਆਂ ਗ਼ਲਤੀਆਂ ਕਦੇ ਭੁੱਲ ਕੇ ਵੀ ਨਹੀਂ ਦੁਹਰਾਉਂਦੇ।
ਅਜਿਹੇ ਸ਼ਬਦਾਂ ਉੱਤੇ ਸ਼ਬਦ-ਜੋੜਾਂ ਸੰਬੰਧੀ ਇੱਕ ਹੋਰ ਨਿਯਮ ਵੀ ਲਾਗੂ ਹੁੰਦਾ ਹੈ- “ਜਿਵੇਂ ਬੋਲੋ, ਤਿਵੇਂ ਲਿਖੋ”। ਸੋ, ਕਿਉਂਕਿ ਦਿਵਾਲ਼ੀ ਦਾ ਉਚਾਰਨ ਅਸੀਂ ਦਿਵਾਲ਼ੀ ਅਤੇ ਸਾਲਾਨਾ ਦਾ ਉਚਾਰਨ ਸਲਾਨਾ ਹੀ ਕਰਦੇ ਹਾਂ ਇਸ ਲਈ ਉਪਰੋਕਤ ਕਾਰਨਾਂ ਕਰਕੇ ਅਤੇ ਇਸ ਤੋਂ ਬਿਨਾਂ ਕਿਉਂਕਿ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ (ਪੰ.ਯੂ.ਪ.) ਅਨੁਸਾਰ ਵੀ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਜੋੜ ਹੀ ਸਹੀ ਮੰਨੇ ਗਏ ਹਨ ਇਸ ਲਈ ਅਜਿਹੇ ਸ਼ਬਦਾਂ ਦੇ ਸ਼ਬਦ-ਜੋੜਾਂ ਲਈ ਸਾਨੂੰ ਭਾਸ਼ਾ -ਵਿਗਿਆਨੀਆਂ ਅਤੇ ਵਿਦਵਾਨਾਂ ਦੁਆਰਾ ਘੜੇ ਗਏ ਉਪਰੋਕਤ ਵਿਆਕਰਨਿਕ ਨਿਯਮਾਂ ਦੇ ਪਾਬੰਦ ਹੋਣਾ ਹੀ ਪਵੇਗਾ। ਅਜਿਹੇ ਉੱਦਮ ਤੋਂ ਬਿਨਾਂ ਪੰਜਾਬੀ ਸ਼ਬਦ-ਜੋੜਾਂ ਵਿੱਚ ਇਕਸਾਰਤਾ ਲਿਆਉਣ ਦੀ ਗੱਲ ਅਸਾਨ ਨਹੀਂ ਹੈ।
ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿੱਚ ਫ਼ਰਕ ਪੈਣ ਦਾ ਡਰ ਹੈ, ਉਹਨਾਂ ਉੱਤੇ ਉਪਰੋਕਤ ਨਿਯਮ ਲਾਗੂ ਨਹੀਂ ਹੁੰਦਾ:
“”””””””””””””””””””””””””””””
ਉਪਰੋਕਤ ਨਿਯਮ ਦੇ ਸੰਬੰਧ ਵਿੱਚ ਇੱਕ ਹੋਰ ਗੱਲ ਜਿਹੜੀ ਯਾਦ ਰੱਖਣਯੋਗ ਹੈ, ਉਹ ਇਹ ਹੈ ਕਿ ਇਸ ਨਿਯਮ ਅਧੀਨ ਜਿਨ੍ਹਾਂ ਸ਼ਬਦਾਂ ਦੇ ਅਰਥਾਂ ਵਿਚ ਫ਼ਰਕ ਪੈਣ ਦਾ ਖ਼ਦਸ਼ਾ ਹੈ, ਉਹਨਾਂ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਅਜਿਹੇ ਸ਼ਬਦਾਂ ਨੂੰ ਉਹਨਾਂ ਦੇ ਪਹਿਲੇ ਅਰਥਾਤ ਮੂਲ ਰੂਪ ਅਨੁਸਾਰ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਅਜਿਹੇ ਸ਼ਬਦਾਂ ਵਿੱਚ ਪਹਿਲੇ ਅੱਖਰ ਨਾਲ਼ ਲੱਗੀ ਦੀਰਘ ਮਾਤਰਾ ਨੂੰ ਲਘੂ ਮਾਤਰਾ ਵਿੱਚ ਨਹੀਂ ਬਦਲਿਆ ਜਾ ਸਕਦਾ ਜਾਂ ਅਲੋਪ ਕੀਤਾ ਜਾ ਸਕਦਾ, ਜਿਵੇਂ:
ਆਲੋਚਨਾ, ਆਲੋਚਕ, ਆਧਾਰ, ਆਕਾਰ, ਆਚਾਰ (ਚਾਲ-ਚਲਣ ਵਾਲ਼ਾ), ਆਸਾਰ, ਆਵੇਗ, ਆਵੇਸ਼, ਆਦੇਸ਼, ਆਵੇਦਨ, ਆਗਾਮੀ, ਭੂਗੋਲ, ਬੇਗਾਨਾ, ਨਾਜਾਇਜ਼, ਨਾਚੀਜ਼, ਤਾਦਾਦ, ਮਾਮੂਲੀ, ਬਾਕਾਇਦਾ, ਆਜੀਵਨ, ਸਾਕਾਰ, ਸਾਕਾਰਾਤਮਿਕ, ਤਾਮੀਲ, ਤਾਮੀਰ, ਤਾਸੀਰ, ਤਾਰੀਫ਼, ਤਾਰੀਖ਼ (‘ਕ’ ਨਾਲ਼ ਤਰੀਕ’ ਵੀ ਸਹੀ ਹੈ), ਮਾਲੂਮ, ਨਾਮਾਲੂਮ, ਨਾਦਾਨ, ਨਾਲਾਇਕ ਲਾਵਾਰਸ, ਲਾਚਾਰ ਆਦਿ। ਇਹਨਾਂ ਅਤੇ ਇਹਨਾਂ ਤੋਂ ਬਿਨਾਂ ਕੁਝ ਹੋਰ ਸ਼ਬਦਾਂ ਦੇ ਅਜਿਹੇ ਸ਼ਬਦ-ਰੂਪ ਹੀ ਸ਼ੁੱਧ ਮੰਨੇ ਗਏ ਹਨ।
ਕੁਝ ਸ਼ਬਦਾਂ ਦੇ ਆਖ਼ਰੀ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਜਾਂ ਔਂਕੜ ਦੀ ਲਗ ਖ਼ਤਮ ਕਰ ਦਿੱਤੀ ਗਈ ਹੈ:
“”””””””””””””””””””””””””””””
ਉਪਰੋਕਤ ਤੋਂ ਬਿਨਾਂ ਪੰਜਾਬੀ ਸ਼ਬਦਾਵਲੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ਼ ਲੱਗਣ ਵਾਲ਼ੀ ਸਿਹਾਰੀ ਜਾਂ ਔਂਕੜ ਦੀ ਮਾਤਰਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਵੇਂ:
ਮੰਦਿਰ= ਮੰਦਰ, ਪੰਡਿਤ= ਪੰਡਤ, ਮਸਜਿਦ= ਮਸਜਦ, ਜ਼ਾਲਿਮ= ਜ਼ਾਲਮ, ਕਠਿਨ= ਕਠਨ, ਮਾਹਿਰ=ਮਾਹਰ, ਸ਼ਾਮਿਲ= ਸ਼ਾਮਲ, ਕੋਸ਼ਿਸ਼= ਕੋਸ਼ਸ਼, ਵਾਰਿਸ= ਵਾਰਸ, ਬਾਰਿਸ਼= ਬਾਰਸ਼, ਖ਼ਾਲਿਸ= ਖ਼ਾਲਸ, ਜ਼ਾਹਿਰ= ਜ਼ਾਹਰ, ਕਾਤਿਲ= ਕਾਤਲ, ਹਾਸਿਲ= ਹਾਸਲ, ਚਤੁਰ= ਚਤਰ, ਚਤੁਰਾਈ= ਚਤਰਾਈ, ਚਿੰਤਾਤੁਰ= ਚਿੰਤਾਤਰ, ਠਾਕੁਰ= ਠਾਕਰ, ਭਾਵੁਕ= ਭਾਵਕ ਆਦਿ।
ਉਪਰੋਕਤ ਸ਼ਬਦਾਂ ਤੋਂ ਬਿਨਾਂ “ਦਸਹਿਰਾ” (ਦਸ+ਅਹਿਰ) ਸ਼ਬਦ ਨੂੰ ਵੀ ਬਿਨਾਂ ਔਂਕੜ ਤੋਂ ਹੀ ਲਿਖਣਾ ਹੈ ਕਿਉਂਕਿ ਇਹ ਸ਼ਬਦ ਦਸ ਦੀ ਗਿਣਤੀ (ਦਸਹਿਰੇ ਤੋਂ ਪਹਿਲਾਂ ਨੌਂ ਦਿਨਾਂ ਦੀਆਂ ਧਾਰਮਿਕ ਰਵਾਇਤਾਂ ਨਿਭਾਉਣ ਉਪਰੰਤ ਆਉਣ ਵਾਲ਼ਾ ਤਿਉਹਾਰ) ਨਾਲ਼ ਸੰਬੰਧਿਤ ਹੈ। ‘ਅਹਿਰ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ: ਦਿਨ। ਇਸ ਤੋਂ ਬਿਨਾਂ ਅਨੰਦ, ਅਨੰਦ-ਕਾਰਜ, ਅਨੰਦਪੁਰ ਸਾਹਿਬ ਆਦਿ ਸ਼ਬਦ ਵੀ ‘ਜਿਵੇਂ ਬੋਲੋ, ਤਿਵੇਂ ਲਿਖੋ’ ਦੇ ਨਿਯਮ ਤਹਿਤ ਬਿਨਾਂ ਕੰਨੇ ਤੋਂ ਹੀ ਲਿਖਣੇ ਹਨ।
ਸੋ, ਅਸੀਂ ਦੇਖਦੇ ਹਾਂ ਕਿ ਸਮੇਂ ਦੇ ਨਾਲ ਭਾਸ਼ਾ ਅਤੇ ਉਸ ਦੇ ਵਿਆਕਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਜੋੜਾਂ ਜਾਂ ਸ਼ਬਦ-ਰੂਪਾਂ ਵਿੱਚ ਤਬਦੀਲੀ ਆਉਣੀ ਵੀ ਅਜਿਹੇ ਵਰਤਾਰਿਆਂ ਵਿੱਚੋਂ ਇੱਕ ਹੈ। ਮਾਂ-ਬੋਲੀ ਪੰਜਾਬੀ ਨਾਲ਼ ਪਿਆਰ ਕਰਨ ਵਾਲ਼ਿਆਂ ਨੂੰ ਵੀ ਅਜਿਹੀਆਂ ਤਬਦੀਲੀਆਂ ਨੂੰ ਧਿਆਨ ਨਾਲ਼ ਵਾਚਦੇ ਰਹਿਣਾ ਚਾਹੀਦਾ ਹੈ ਅਤੇ ਬਦਲ ਚੁੱਕੇ ਅਜਿਹੇ ਨਿਯਮਾਂ ਉੱਤੇ ਅਮਲ ਕਰਨ ਦੀ ਵੱਧ ਤੋਂ ਵੱਧ ਕੋਸ਼ਸ਼ ਕਰਨੀ ਚਾਹੀਦੀ ਹੈ ਤਾਂਜੋ ਆਪਣੀ ਮਾਤ-ਭਾਸ਼ਾ ਨੂੰ ਅਸੀਂ ਹੋਰ ਵਧੇਰੇ ਖ਼ੂਬਸੂਰਤ ਅਤੇ ਸੁਹਜ-ਭਰਪੂਰ ਬਣਾ ਸਕੀਏ ਅਤੇ ਹਿੰਦੀ/ਅੰਗਰੇਜ਼ੀ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵਿੱਚ ਵੀ ਇਕਸਾਰਤਾ ਪੈਦਾ ਕਰ ਸਕੀਏ।
……………………….
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly