ਅਮਰੀਕਾ ਅਤੇ ਯੂਰੋਪ ਦੋਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਮੋਦੀ ਦਾ ਰੂਸੀ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਹਰਪ੍ਰੀਤ ਸਿੰਘ ਬਰਾੜ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸੀ ਦੌਰੇ ਤੋਂ ਬਾਅਦ ਅਮਰੀਕਾ ਬੁਰੀ ਤਰ੍ਰਾਂ ਖਿੰਝਿਆ ਹੋਇਆ ਹੈ। ਇਸ ਤਲਖੀ ਨੂੰ ਸਿੱਧ ਕਰਦਾ ਅਮਰੀਕਾ ਦਾ ਇਕ ਬਿਆਨ ਵੀ ਸਾਹਮਣੇ ਆਇਆ ਹੈ ਜਿਸ *ਚ ਅਮਰੀਕਾ ਨੇ ਇਹ ਕਿਹਾ ਹੈ ਕਿ ਭਾਰਤ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜੰਗ ਭਾਰਤ ਤੋਂ ਜਿਆਦਾ ਦੁੂਰ ਨਹੀਂ ਹੈ। ਦੇਖਿਆ ਜਾਵੇ ਤਾਂ ਅਰਮੀਕਾ ਵੱਲੋਂ ਇਹ ਸਿੱਧੇ ਤੌਰ *ਤੇ ਭਾਰਤ ਨੂੰ ਜੰਗ ਦੀ ਇਕ ਚਿਤਾਵਨੀ ਹੈ। ਇਕ ਤਰ੍ਹਾਂ ਨਾਲ ਅਮਰੀਕਾ ਧਮਕੀ ਦੇਣ *ਤੇ ਉਤਰ ਆਇਆ ਹੈ ਕਿਉਂਕਿ ਉਸ ਨੂੰ ਲੱਗਦਾ ਹੈੈ ਕਿ ਭਾਰਤ ਉਸਦੀਆਂ ਨੀਤੀਆਂ ਦੇ ਖਿਲਾਫ ਜਾ ਰਿਹਾ ਹੈ। ਅਮਰੀਕੀ ਰਾਜਦੂਤ ਦਾ ਬਿਆਨ ਇਸ ਲਈ ਅਜੀਬ ਹੈ ਕਿਉਂਕਿ ਇਕ ਪਾਸੇ ਅਮਰੀਕਾ ਭਾਰਤ ਨਾਲ ਦੋਸਤੀ ਵਧਾਉਣ ਦੀ ਗੱਲ ਕਰ ਰਿਹਾ ਹੈ, ਤਾਂ ਦੂਜੇ ਪਾਸੇ ਉਹ ਦੋਸਤ ਨੂੰ ਜੰਗ ਦੀ ਧਮਕੀ ਦੇ ਰਿਹਾ ਹੈ। ਅਮਰੀਕੀ ਰੱਖਿਆ ਸਲਾਹਕਾਰ ਨੇ ਕਿਹਾ ਹੈ ਕਿ ਰੂਸ ਜਰੂਰਤ ਪੈਣ *ਤੇ ਭਾਰਤ ਨੂੰ ਧੋਖਾ ਦੇਵੇਗਾ ਕਿਉਂਕਿ ਰੂਸ ਭਾਰਤ ਦਾ ਸੱਚਾ ਦੋਸਤ ਨਹੀਂ ਹੈ। ਅਮਰੀਕਾ ਦਾ ਕਹਿਣਾ ਹੈ ਕਿ ਰੂਸ ਚੀਨ *ਤੇ ਬਹੁਤ ਜਿਆਦਾ ਨਿਰਭਰ ਹੋ ਗਿਆ ਹੈ, ਜੇਕਰ ਭਾਰਤ ਅਤੇ ਚੀਨ ਵਿਚਕਾਰ ਜੰਗ ਹੋ ਜਾਂਦੀ ਹੈ ਤਾਂ ਰੂਸ ਭਾਰਤ ਦੀ ਮਦਦ ਨਹੀਂ ਕਰੇਗਾ।ਹਾਲਾਂਕਿ ਅਮਰੀਕਾ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ ਕਿ ਜੇਕਰ ਰੂਸ ਭਾਰਤ ਦਾ ਸਾਥ ਨਹੀ਼ ਦੇਵੇਗਾ ਤਾ ਕੀ ਅਮਰੀਕਾ ਚੀਨ ਦੇ ਖਿਲਾਫ ਭਾਰਤ ਦਾ ਸਾਥ ਦੇਵੇਗਾ? ਅਜਿਹਾ ਕੋਈ ਵਾਇਦਾ ਅਮਰੀਕਾ ਨੇ ਹਜੇ ਤੱਕ ਨਹੀਂ ਕੀਤਾ। ਦੇਖਿਆ ਜਾਵੇ ਤਾਂ ਭਾਰਤ ਆਪਣੀ ਸੁਰੱਖਿਆ ਦੇ ਲਈ ਕਿਸੇ ਦੂਜੇ ਦੇਸ਼ ਦੀ ਮਦਦ *ਤੇ ਨਿਰਭਰ ਨਹੀਂ ਹੈ ਅਤੇ ਹੋਣਾ ਵੀ ਨਹੀਂ ਚਾਹੀਦਾ। ਯੂਕਰੇਨ ਨੇੇ ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਦੇ ਭਰੋਸੇ ਰੂਸ ਨਾਲ ਜੰਗ ਛੇੜ ਤਾਂ ਲਈ ਪਰ ਉਹ ਪੁਰੀ ਤਰ੍ਹਾ ਬਰਬਾਦ ਹੋ ਗਿਆ। ਭਾਰਤ ਅਜਿਹੀ ਗਲਤੀ ਕਰਨ ਦੀ ਸੋਚ ਵੀ ਨਹੀਂ ਸਕਦਾ।ਭਾਰਤ ਚੀਨ ਦੇ ਨਾਲ ਆਪਣੇ ਵਿਵਾਦ ਨੂੰ ਖੁਦ ਹੀ ਸੁਲਝਾਉਣ *ਚ ਲੱਗਿਆ ਹੋਇਆ ਹੈ ਅਤੇ ਚੀਨ ਦੀ ਐਨੀ ਹਿੰਮਤ ਨਹੀਂ ਹੈ ਕਿ ਉਹ ਭਾਰਤ ਨਾਲ ਜੰਗ ਛੇੜ ਦੇਵੇ।ਚੀਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਨਾਲ ਜੰਗ ਸਿਰਫ ਭਾਰਤ ਨੂੰ ਹੀ ਨਹੀਂ ਸਗੋਂ ਉਸ ਨੂੰ ਵੀ ਬਰਬਾਦ ਕਰ ਦੇਵੇਗੀ। ਅਮਰੀਕਾ ਜਿੱਥੇ ਭਾਰਤ ਨੂੰ ਚੀਨ ਤੋਂ ਡਰਾ ਰਿਹਾ ਹੈ ਉਥੇ ਦੂਜੇ ਪਾਸੇ ਰੂਸ ਨੂੰ ਭਾਰਤ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਿਚ ਹੈ। ਅਮਰੀਕਾ ਅਤੇ ਯੂਰੋਪ ਨੇ ਪਹਿਲਾਂ ਕਦੇ ਭਾਰਤ ਅਤੇ ਰੂਸ ਦੀ ਦੋਸਤੀ *ਤੇ ਉਂਗਲ ਨਹੀਂ ਚੱਕੀ ਹੈ ਪਰ ਭਾਰਤ ਦੀ ਵਧਦੀ ਤਾਕਤ ਦਾ ਨਤੀਜਾ ਹੈ ਕਿ ਨਾਟੋ ਨਹੀਂ ਚਾਹੁ਼ੰਦਾ ਹੈ ਕਿ ਭਾਰਤ ਰੂਸ ਦੇ ਖੇਮੇ *ਚ ਚਲਾ ਜਾਵੇ। ਮੋਦੀ ਜੀ ਦੀ ਰੂਸ ਯਾਤਰਾ ਦੀ ਜਿੰਨੀ ਚਰਚਾ ਅੰਤਰਰਾਸ਼ਟਰੀ ਮੀਡੀਆ *ਚ ਹੋਈ ਹੈ, ਸ਼ਾਇਦ ਦੀ ਇਸਤੋਂ ਪਹਿਲਾਂ ਭਾਰਤ ਦੇ ਕਿਸੇ ਪ੍ਰਧਾਨਮੰਤਰੀ ਦੀ ਵਿਦੇਸ਼ ਯਾਤਰਾ ਦੀ ਹੋਈ ਹੋਵੇ। ਜਿਥੇ ਵਿਸ਼ਵ ਮੀਡੀਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪੁਤਿਨ ਦੇ ਗਲੇ ਮਿਲਣ ਲਈ ਉਨ੍ਹਾਂ ਨੂੰ ਕੋਸ ਰਿਹਾ ਹੈ, ਉਥੇ ਦੂਜੇ ਪਾਸੇ ਅਮਰੀਕਾ ਅਤੇ ਯੂਰੋਪ ਦੀ ਜਨਤਾ ਇਸ ਗੱਲ ਨਾਲ ਖੁਸ਼ ਹੈ ਕਿ ਮੋਦੀ ਜੀ ਨੇ ਪੁਤਿਨ ਦੇ ਸਾਹਮਣੇ ਬੈਠ ਕੇ ਜੰਗ ਦੀ ਨਿਖੇਦੀ ਕੀਤੀ ਹੈ। ਮੋਦੀ ਪੁਤਿਨ ਦੇ ਮੂੰਹ *ਤੇ ਪਹਿਲਾਂ ਵੀ ਕਹਿ ਚੁੱਕੇ ਹਨ ਅਤੇ ਇਸ ਵਾਰ ਵੀ ਕਿਹਾ ਹੈ ਕਿ ਇਹ ਦੌਰ ਜੰਗ ਦਾ ਨਹੀਂ ਹੈ ਸਗੋਂ ਸਾਰੇ ਮਾਮਲੇ ਗੱਲਬਾਤ ਨਾਲ ਤੈਅ ਹੋਣ ਚਾਹੀਦੇ ਹਨ।ਇਹ ਗੱਲ ਕਹਿਣ ਦੀ ਹਿੰਮਤ ਮੋਦੀ ਤੋਂ ਇਲਾਵਾ ਕੋਈ ਹੋਰ ਨੇਤਾ ਨਹੀਂ ਕਰ ਸਕਿਆ ਹੈ ਅਤੇ ਪੁਤਿਨ ਕਿਸੇ ਦੇ ਮੂੰਹੋਂ ਅਜਿਹੀ ਗੱਲ ਨਹੀਂ ਸੁਣ ਸਕਦੇ ਹਨ। ਨਾਟੋ ਦੇਸ਼ ਹੁਣ ਇਸ ਬਿਆਨ ਤੋਂ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੋਦੀ ਸਿਰਫ ਆਪਣੇ ਦੌਰੇ ਦਾ ਬਚਾਅ ਕਰ ਰਹੇ ਹਨ।

ਅਸਲ *ਚ ਦੁਨੀਆਂ ਦੇ ਕਈ ਦੇਸ਼ਾਂ ਦੀ ਜਨਤਾ ਮੰਨਦੀ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚੋਂ ਹੈ, ਜੋ ਜੰਗ ਨਹੀਂ ਸ਼ਾਤੀ ਚਾਹੁੰਦੇ ਹਨ। ਅਸਲ *ਚ ਭਾਰਤ ਦਾ ਹਿੱਤ ਵੀ ਇਸੇ *ਚ ਹੈ ਕਿ ਇਹ ਜੰਗ ਜਲਦ ਤੋਂ ਜਲਦ ਖਤਮ ਹੋ ਜਾਵੇ ਪਰ ਅਮਰੀਕਾ ਉਸਦੇ ਸਾਥੀ ਕਹਿੰਦੇ ਹਨ ਕਿ ਯੂਕਰੇਨ ਦੇ ਆਖ਼ਰੀ ਨਾਗਰਿਕ ਤੱਕ ਇਹ ਜੰਗ ਜਾਰੀ ਰਹੇਗੀ। ਇਸਦਾ ਮਤਲਬ ਹੈ ਕਿ ਇਹ ਦੇਸ਼ ਚੁਾੰਹੁਦੇ ਹਨ ਕਿ ਯੂਕਰੇਨ ਦਾ ਆਖ਼ਰੀ ਨਾਗਰਿਕ ਵੀ ਮਰ ਜਾਵੇ। ਇਕ ਕਮੇਡੀ ਕਰਨ ਵਾਲੇ ਨੇ ਨਾਟੋ *ਚ ਸ਼ਾਮਲ ਹੋਣ ਦੀ ਜਿੱਦ *ਚ ਆਪਣੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਪਰ ਅਜਿਹੀ ਗਲਤੀ ਦੀ ਉਮੀਦ ਭਾਰਤ ਤੋਂ ਨਹੀਂ ਕੀਤੀ ਜਾ ਸਕਦੀ।ਵਿਦੇਸ਼ ਨੀਤੀ *ਚ ਕਿਹਾ ਜਾਂਦਾ ਹੈ ਕਿ ਕੋਈ ਤੁਹਾਡਾ ਸਥਾਈ ਰੂਪ *ਚ ਨਾ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਦੋਸਤ ਹੁੰਦਾ ਹੈ। ਕਦੇ ਵੀ ਦੋਸਤ ਦੁਸ਼ਮਣ ਅਤੇ ਦੁਸ਼ਮਣ ਦੋਸਤ ਬਣ ਸਕਦਾ ਹੈ ਪਰ ਰੂਸ ਅਤੇ ਭਾਰਤ ਦੀ ਦੋਸਤੀ ਇਕ ਅਪਵਾਦ ਦੇ ਰੂਪ *ਚ ਸਾਹਮਣੇ ਆਈ ਹੈ। ਐਨੇ ਉਤਾਰ ਚੜਾਅ ਦੇ ਬਾਅਦ ਵੀ ਰੂਸ ਅਤੇ ਭਾਰਤ ਦੀ ਦੋਸਤੀ *ਚ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ। ਰੂਸ ਨੇ ਭਾਰਤ ਦੇ ਦੁਸ਼ਮਣਾਂ ਦੀ ਕਦੇ ਵੀ ਮਦਦ ਨਹੀਂ ਕੀਤੀ ਜਦਕਿ ਅਮਰੀਕਾ ਅਤੇ ਉਸਦੇ ਦੋਸਤ ਭਾਰਤ ਦੇ ਖਿਲਾਫ ਕਈ ਵਾਰ ਖੜ੍ਹੇ ਹੋ ਚੁੱਕੇ ਹਨ। ਭਾਰਤ ਇਹ ਕਿਵੇਂ ਭੁੱਲ ਸਕਦਾ ਹੈ ਕਿ ਜਦੋਂ ਭਾਰਤ ਬੰਗਲਾਦੇਸ਼ ਨੂੰ ਅਜਾਦ ਕਰਵਾ ਰਿਹਾ ਸੀ ਤਾ ਅਮਰੀਕਾ ਨੇ ਆਪਣਾ ਪਰਮਾਣੂ ਜੰਗੀ ਬੇੜਾ ਭੇਜਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਇਸੇ ਰੂਸ ਨੇ ਹੀ ਆਪਣੇ ਜੰਗੀ ਬੇੜੇ ਨਾਲ ਉਸ ਨੂੰ ਡਰਾ ਕੇ ਖਦੇੜ ਦਿੱਤਾ ਸੀ। ਇਸ ਤੋਂ ਇਲਾਵਾ ਭਾਰਤ ਦੇ ਖਿਲਾਫ ਪਾਕਿਸਤਾਨ ਦੀ ਅੱਤਵਾਦ ਨੀਤੀ ਦਾ ਅਮਰੀਕਾ ਨੇ ਦਹਾਕਿਆਂ ਤੱਕ ਅਪ੍ਰਤੱਖ ਰੂਪ ਵਿਚ ਸਮਰਥਣ ਕੀਤਾ ਹੈ। ਅਮਰੀਕਾ, ਭਾਰਤ ਅਤੇ ਰੂਸ ਦੇ ਰਿਸ਼ਤਿਆਂ ਨੂੰ ਹਥਿਆਰ ਵਿਕਰੇਤਾ ਅਤੇ ਗ੍ਰਾਹਕ ਦੇ ਰਿਸ਼ਤੇ ਦੇ ਵਾਂਗ ਦੇਖਦਾ ਹੈ। ਇਸ ਲਈ ਉਹ ਕਹਿ ਰਿਹਾ ਹੈ ਕਿ ਜੋੋ ਵੀ ਹਥਿਆਰ ਭਾਰਤ ਨੂੰ ਚਾਹੀਦੇ ਹਨ ਉਹ ਅਮਰੀਕਾ ਦੇਵੇਗਾ। ਉਹ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਰੂਸ ਨੂੰ ਛੱਡ ਕੇ ਭਾਰਤ ਪੂਰੀ ਤਰ੍ਹਾਂ ਨਾਲ ਅਮਰੀਕਾ ਖੇਮੇ *ਚ ਸ਼ਾਮਲ ਹੋ ਜਾਵੇ। ਭਾਰਤ ਆਪਣੀਆਂ ਸੁਰੱਖਿਆ ਲੋੜਾਂ ਦੇ ਲਈ ਪੂਰੀ ਤਰ੍ਹਾਂ ਨਾਟੋ ਦੇਸ਼ਾ *ਤੇ ਨਿਰਭਰ ਨਹੀਂ ਹੋਣਾ ਚਾਹੁੰਦਾ।ਭਾਰਤ ਨਾਟੋ ਦੇਸ਼ਾਂ ਦੇ ਹਥਿਆਰ ਖਰੀਦਦਾ ਹੈ ਪਰ ਰੂਸ ਨੂੰ ਆਪਣੇ ਅਹਿਮ ਸਹਿਯੋਗੀ ਦੇ ਰੂਪ *ਚ ਦੇਖਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਨੂੰ ਅਮਰੀਕਾ ਦੀ ਦੋਸਤੀ ਚਾਹੀਦੀ ਹੈ ਤਾਂ ਰੂਸ ਦਾ ਸਾਥ ਛੱਡਣਾ ਪਵੇਗਾ। ਅਮਰੀਕਾ ਖੁਦ ਨੂੰ ਦੁਨੀਆਂ ਦੀ ਇਕਮਾਤਰ ਸੂਪਰ ਪਾਵਰ ਮੰਨਦਾ ਹੈ ਪਰ ਉਹ ਇਹ ਸਮਝਣ ਨੂੰ ਤਿਆਰ ਨਹੀਂ ਹੈ ਕਿ ਰੂਸ ਦੁਬਾਰਾ ਖੜਾ ਹੋ ਗਿਆ ਹੈ ਅਤੇ ਚੀਨ ਵੀ ਵਿਸ਼ਵ ਸ਼ਕਤੀ ਬਣਨ ਵੱਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਨੇ ਵੀ ਵਿਸ਼ਵ ਸ਼ਕਤੀ ਬਣਨ ਵੱਲ ਕਦਮ ਵਧਾ ਦਿੱਤੇ ਹਨ। ਉਸਦੀ ਦਾਦਾਗਿਰੀ ਹੁਣ ਜਿਆਦਾ ਦੇਰ ਤੱਕ ਚੱਲਣ ਵਾਲੀ ਨਹੀਂ ਹੈ। ਦਰਅਸਲ ਅਮਰੀਕਾ ਇਹ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੈ ਕਿ ਭਾਰਤ ਤੇਜੀ ਨਾਲ ਅੱਗੇ ਵਧ ਰਿਹਾ ਹੈ। ਜਿਵੇਂ ਜਿਵੇਂ ਭਾਰਤ ਦਾ ਅਰਥਚਾਰਾ ਵਧ ਰਿਹਾ ਹੈ, ਭਾਰਤ ਆਪਣੀ ਅਜਾਦ ਵਿਦੇਸ਼ ਨੀਤੀ *ਤੇ ਚੱਲਦੇ ਹੋਏ ਵਿਸ਼ਵ ਪੱਧਰੀ ਸਿਆਸੀ ਮੰਚ *ਤੇ ਆਪਣੀ ਹਾਜ਼ਰੀ ਦਰਜ ਕਰਵਾ ਰਿਹਾ ਹੈ। ਅਮਰੀਕਾ ਅਤੇ ਉਸਦੇ ਸਾਥੀ ਦੇਸ਼ਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ। ਅਮਰੀਕਾ ਭਾਰਤ ਦੀ ਵਧਦੀ ਤਾਕਤ ਤੋਂ ਡਰਿਆ ਹੋਇਆ ਹੈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਭਾਰਤ ਇਕ ਵਿਸ਼ਵ ਸ਼ਕਤੀ ਬਣ ਜਾਵੇ ਅਤੇ ਦੁਨੀਆਂ ਦਾ ਸ਼ਕਤੀ ਸੰਚਾਲਣ ਉਸਦੇ ਪੱਖ *ਚ ਨਾ ਰਹੇ।ਭਾਰਤ ਅਮਰੀਕਾ ਅਤੇ ਯੂਰੋਪ ਦੇ ਹਿੱਤਾਂ ਦੇ ਲਈ ਆਪਣੇ ਹਿੱਤਾਂ ਦੀ ਅਣਦੇਖੀ ਨਹੀਂ ਕਰ ਸਕਦਾ।ਯੂਕਰੇਨ ਦੀ ਗਲਤੀ ਦੀ ਸਜਾ ਭਾਰਤ ਕਿਉ਼ਂ ਭੁਗਤੇ ।ਭਾਰਤ ਦੀਆਂ ਆਪਣੀਆਂ ਮਜਬੂਰੀਆਂ ਹਨ ,ਭਾਰਤ ਇਸ ਸਮੇਂ ਰੂਸ ਨੂੰ ਇਕੱਲਾ ਨਹੀਂ ਛੱਡ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਰੁੂਸ ਪੂਰੀ ਤਰ੍ਹਾਂ ਚੀਨ *ਤੇ ਨਿਰਭਰ ਹੋ ਜਾਵੇਗਾ। ਅਜਿਹਾ ਹੋਣਾ ਨਾ ਤਾਂ ਭਾਰਤ ਦੇ ਹਿੱਤ ਵਿਚ ਹੈ ਅਤੇ ਨਾ ਹੀ ਦੁਨੀਆਂ ਦੇ ਹਿੱਤ *ਚ ਹੈ। ਦੂਜੇ ਪਾਸੇ ਅਮਰੀਕਾ ਵੀ ਨਹੀਂ ਚਾਹੁੰਦਾ ਕਿ ਭਾਰਤ ਨੂੰ ਐਨਾ ਨਰਾਜ ਕਰ ਦਿੱਤਾ ਜਾਵੇ ਕਿ ਉਹ ਚੀਨ—ਰੂਸ ਦੇ ਖੇਮੇ *ਚ ਚਲਾ ਜਾਵੇ। ਦੇਖਿਆ ਜਾਵੇ ਤਾ ਅਮਰੀਕਾ ਭਾਰਤ ਦੀ ਅਖੰਡਤਾ ਨੂੰ ਖਤਮ ਕਰਕੇ ਯੂਰੋਪ ਵਾਂਗ ਬਣਾਉਣਾ ਚਾਹੁੰਦਾ ਹੈ। ਜਿਵੇਂ ਉਸਦੇ ਹੋਰ ਸਹਿਯੋਗੀ ਉਸਦੇ ਇਕ ਇਸ਼ਾਰੇ ਤੇ ਜੰਗ *ਚ ਉਤਰ ਜਾਂਦੇ ਹਨ ਅਤੇ ਆਪਣੇ ਹਿੱਤਾਂ ਦੀ ਵੀ ਅਣਦੇਖੀ ਕਰ ਦਿੰਦੇ ਹਨ, ਉਹ ਚਾਹੁੰਦਾ ਹੈ ਕਿ ਭਾਰਤ ਵੀ ਉਵੇਂ ਹੀ ਬਣ ਜਾਵੇ।ਹੁਣ ਯੂਰੋਪ ਦੀਆਂ ਵੀ ਅੱਖਾਂ ਖੁੱਲ ਰਹੀਆਂ ਹਨ ਕਿਉਂਕਿ ਯੂਕਰੇਨ ਜੰਗ ਦੇ ਕਾਰਨ ਜਿੱਥੇ ਉਸਦਾ ਅਰਥਚਾਰਾ ਬਰਬਾਦ ਹੋ ਰਿਹਾ ਹੈ, ਦੂਜੇ ਪਾਸੇ ਅੰਦਰੂਨੀ ਸ਼ਾਤੀ ਨੂੰ ਵੀ ਵੱਡਾ ਖਤਰਾ ਪੈਦਾ ਹੋ ਗਿਆ ਹੈ।ਮੋਦੀ ਜੀ ਦੇ ਆਉਣ ਤੋਂ ਬਾਅਦ ਭਾਰਤ ਦੀ ਵਿਦੇਸ਼ ਨੀਤੀ *ਚ ਵੱਡਾ ਬਦਲਾਅ ਆਇਆ ਹੈ। ਹੁਣ ਭਾਰਤ ਸਭ ਤੋਂ ਦੂਰ ਰਹਿਣ ਦੀ ਥਾਂ ਸਭ ਦੇ ਨਾਲ ਰਹਿਣਾ ਚਾਹੁੰਦਾ ਹੈ। ਭਾਰਤ ਦੋ ਦੁਸ਼ਮਣ ਦੇਸ਼ਾਂ ਨਾਲ ਵੀ ਦੋਸਤੀ ਰੱਖਣ *ਚ ਵਿਸ਼ਵਾਸ ਕਰ ਰਿਹਾ ਹੈ। ਭਾਰਤ ਨੇ ਅਮਰੀਕਾ ਅਤੇ ਯੂਰੋਪ ਦੇ ਵਿਰੋਧ ਦੇ ਬਾਵਜੂਦ ਰੂਸ ਤੋਂ ਤੇਲ ਖਰੀਦਕੇ ਜਿੱਥੇ ਆਪਣਾ ਅਰਥਚਾਰਾ ਬਚਾਇਆ ,ਉਥੇ ਭਾਰਤ ਨੇ ਯੂਰੋਪ ਨੂੰ ਵੀ ਮਹਿੰਗੇ ਤੇਲ ਦੇ ਸੰਕਟ ਤੋਂ ਬਚਾ ਲਿਆ।ਰੂਸ ਵੱਲੋਂ ਯੂਕਰੇਨ *ਚ ਬੱਚਿਆਂ ਦੇ ਹਸਪਤਾਲ *ਤੇ ਹਮਲਾ ਕਰਨ ਦੀ ਨਿੰਦਿਆ ਰੂਸ ਦੀ ਧਰਤੀ *ਤੇ ਮੋਦੀ ਜੀ ਨੇ ਕੀਤੀ, ਉਥੇ ਹੀ ਨਾਟੋ ਦੇਸ਼ ਇਜ਼ਰਾਇਲ ਵੱਲੋਂ ਗਾਜਾ *ਚ ਬੱਚਿਆਂ ਦੇ ਹਸਪਤਾਲ *ਤੇ ਹਮਲਾ ਕਰਨ *ਤੇ ਚੁੱਪ ਵੱਟ ਲੈਂਦੇ ਹਨ। ਭਾਰਤ ਨੇ ਦਿਖਾ ਦਿੱਤਾ ਹੈ ਕਿ ਭਾਰਤ ਦੀ ਰੂਸ ਨਾਲ ਦੋਸਤੀ ਮੁੱਦਿਆਂ *ਤੇ ਅਧਾਰਿਤ ਹੈ,।ਭਾਰਤ ਅਤੇ ਰੂਸ ਦੀ ਦੋਸਤੀ ਇਸ ਦੁਨੀਆਂ ਦੇ ਹਿੱਤ *ਚ ਹੈ ਅਤੇ ਸਾਡੇ ਦੇਸ਼ ਦਾ ਹਿੱਤ ਵੀ ਇਸੇ ਵਿਚ ਹੀ ਹੈ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ।

ਲੇਖਤ ਸਿਹਤ,ਸਿੱਖਿਆ ਅਤੇ ਸਮਾਜਿਕ ਵਿਸ਼ਿਆਂ *ਤੇ ਲਿਖਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਲਾਕ ਪੱਧਰੀ ਬਾਸਕਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਸੰਪੰਨ,14 ਤੇ 17 ਸਾਲ ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੈਦਪੁਰ ਦੀ ਟੀਮ ਰਹੀ ਜੇਤੂ
Next article“ਵੀਹਵੀਂ ਸਦੀ ਦਾ ਸੁਕਰਾਤ ਡਾ.ਨਰਿੰਦਰ ਦਭੋਲਕਰ”