ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਕਈ ਅਹਿਮ ਫੈਸਲੇ ਲਏ ਗਏ। ਭਾਰਤ ਦੀ ਪਹਿਲੀ ਅਧਿਆਪਕਾ ਮਾਤਾ ਸਵਿਤਰੀ ਬਾਈ ਫੂਲੇ ਦੇ ਜਨਮ ਦਿਵਸ ਨੂੰ ਸਮਰਪਿਤ 3 ਜਨਵਰੀ 2025 ਨੂੰ ਬਾਅਦ ਦੁਪਹਿਰ 3 ਵਜੇ ਅੰਬੇਡਕਰ ਭਵਨ ਵਿਖੇ ਰਮਾ ਬਾਈ ਅੰਬੇਡਕਰ ਯਾਦਗਾਰ ਹਾਲ ਵਿੱਚ ਇੱਕ ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਨੀਤਾ ਸਾਵਰਕਰ, ਸਹਾਇਕ ਪ੍ਰੋਫੈਸਰ, ਇਤਿਹਾਸ ਵਿਭਾਗ, ਡਾ. ਬੀ. ਆਰ. ਅੰਬੇਡਕਰ ਮਰਾਠਵਾੜਾ ਯੂਨੀਵਰਸਿਟੀ, ਔਰੰਗਾਬਾਦ ਹੋਣਗੇ, ਜੋ ‘ਅੰਬੇਡਕਰੀ ਅੰਦੋਲਨ ਵਿੱਚ ਔਰਤਾਂ ਦਾ ਯੋਗਦਾਨ’ ਵਿਸ਼ੇ ਤੇ ਆਪਣਾ ਰਿਸਰਚ ਪੇਪਰ ਪ੍ਰਸਤੁਤ ਕਰਨਗੇ। ਡਾ. ਸਾਵਰਕਰ ਨੇ ਆਪਣੀਆਂ ਤਿੰਨ ਖੋਜ ਭਰਪੂਰ ਪੁਸਤਕਾਂ ਵਿੱਚ ਮਹਾਰਾਸ਼ਟਰ ਸਟੇਟ ਵਿੱਚ ਸਮੇਂ-ਸਮੇਂ ਤੇ ਹੋਏ ਸਮਾਜਿਕ ਅੰਦੋਲਨਾਂ ਵਿੱਚ ਆਦਿਵਾਸੀ, ਭੀਲ, ਪਿੱਛੜੇ ਵਰਗ, ਮਰਾਠਾ ਅਤੇ ਅਨੁਸੂਚਿਤ ਜਾਤਾਂ ਨਾਲ ਸੰਬੰਧਿਤ ਔਰਤਾਂ ਦੇ ਬੇਮਿਸਾਲ ਯੋਗਦਾਨ ਨੂੰ ਬਾਖੂਬੀ ਅੰਕਿਤ ਕੀਤਾ ਹੈ।
ਬਲਦੇਵ ਭਾਰਦਵਾਜ ਨੇ ਕਿਹਾ ਕਿ ਮੀਟਿੰਗ ਦੇ ਆਰੰਭ ਵਿੱਚ ਸ੍ਰੀ ਅਮਨ ਚੈਨ, ਵਾਸੀ ਪਿੰਡ ਤੱਲ੍ਹਣ (ਹਾਲ ਅਮਰੀਕਾ) ਜਿਨ੍ਹਾਂ ਦਾ ਲੰਬੀ ਬਿਮਾਰੀ ਕਾਰਨ ਅਮਰੀਕਾ ਦੇ ਸੈਕਰਾਮੈਂਟੋ ਵਿਖੇ 9 ਦਸੰਬਰ 2024 ਨੂੰ ਦੇਹਾਂਤ ਹੋ ਗਿਆ, ਨੂੰ ਅੰਬੇਡਕਰ ਮਿਸ਼ਨ ਸੁਸਾਇਟੀ, ਆਲ ਇੰਡੀਆ ਸਮਤਾ ਸੈਨਿਕ ਦਲ (ਪੰਜਾਬ ਇਕਾਈ) ਅਤੇ ਅੰਬੇਡਕਰ ਭਵਨ ਟਰੱਸਟ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸ੍ਰੀ ਅਮਨ ਚੈਨ ਜੀ 1982 ਵਿੱਚ ਉੱਘੇ ਅੰਬੇਡਕਰਵਾਦੀ, ਅੰਬੇਡਕਰ ਭਵਨ ਦੇ ਫਾਊਂਡਰ ਟਰੱਸਟੀ ਅਤੇ ‘ਭੀਮ ਪਤ੍ਰਿਕਾ’ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਜੀ ਨਾਲ ਜੁੜੇ ਅਤੇ 1992 ਤੱਕ ਲਗਾਤਾਰ ‘ਭੀਮ ਪਤ੍ਰਿਕਾ’ ਦੇ ਮੈਨੇਜਰ ਰਹੇ। 1990 ਦੇ ਦਹਾਕੇ ਵਿੱਚ ਸ੍ਰੀ ਅਮਨ ਚੈਨ ਜੀ ਆਪਣੇ ਪਿੰਡ ਤੱਲ੍ਹਣ ਦੀ ਪੰਚਾਇਤ ਦੇ ਸਰਪੰਚ ਵੀ ਰਹੇ ਅਤੇ 19 92 ਵਿੱਚ ਉਹ ਅਮਰੀਕਾ ਚਲੇ ਗਏ। ਅਮਨ ਚੈਨ ਜੀ ਭਾਰਤ ਰਹਿੰਦਿਆਂ ਅੰਬੇਡਕਰ ਮਿਸ਼ਨ ਸੋਸਾਇਟੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਸਰਗਰਮ ਮੈਂਬਰ ਰਹੇ ਅਤੇ ਹਮੇਸ਼ਾ ਅੰਬੇਡਕਰ ਭਵਨ ਨਾਲ ਜੁੜੇ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਮਾਜ, ਪਰਿਵਾਰ ਅਤੇ ਅੰਬੇਡਕਰ ਮਿਸ਼ਨ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਰਬ ਸ਼੍ਰੀ ਡਾ. ਜੀ. ਸੀ. ਕੌਲ, ਪ੍ਰੋ. ਬਲਬੀਰ, ਜਸਵਿੰਦਰ ਵਰਿਆਣਾ, ਪਰਮਿੰਦਰ ਸਿੰਘ ਖੁੱਤਨ ਅਤੇ ਡਾ. ਮਹਿੰਦਰ ਸੰਧੂ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly