(ਸਮਾਜ ਵੀਕਲੀ) ਅੱਜ ਮਿਤੀ 5 ਅਕਤੂਬਰ 2025 ਦਿਨ ਐਤਵਾਰ ਨੂੰ ਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਵਿਖੇ ਧੰਮ ਕ੍ਰਾਂਤੀ ਦਿਵਸ ਡਾ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਇੰਟਰਨੈਸ਼ਨਲ ਬੁੱਧੀਸ਼ਟ ਮਿਸ਼ਨ ਟਰੱਸਟ ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।ਜਿਸ ਵਿੱਚ ਬੋਧਿਸੱਤਵ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਧੰਮ ਕ੍ਰਾਂਤੀ ਦੇ ਵਿਸ਼ੇ ਤੇ ਬੜਾ ਡੂੰਘਾ ਅਤੇ ਗਿਆਨ ਭਰਪੂਰ ਪ੍ਰਵਚਨ ਧੰਮ ਚਾਰੀ ਅਚਲ ਕੀਰਤੀ ਜੀ ਦੁਆਰਾ ਦਿੱਤਾ ਗਿਆ।ਆਪਣੇ ਪ੍ਰਵਚਨ ਰਾਹੀਂ ਦਸਦੇ ਹੋਏ ਉਨ੍ਹਾਂ ਕਿਹਾ ਕਿ ਧੰਮ ਕ੍ਰਾਂਤੀ ਦਿਵਸ ਅੰਬੇਡਕਰਵਾਦੀ ਅਤੇ ਬੋਧੀ ਲੋਕਾਂ ਲਈ ਬੜਾ ਪਵਿੱਤਰ ਅਤੇ ਮਹਾਨ ਦਿਵਸ ਹੈ।ਮਹਾ ਮਾਨਵ ਬੁੱਧ ਨੇ ਬੌਧ ਗਯਾ ਵਿਖੇ ਗਿਆਨ ਪ੍ਰਾਪਤ ਕਰਨ ਤੋਂ ਬਾਅਦਸੋਚਿਆ, ਚਿੰਤਨ ਮੰਥਨ ਕੀਤਾ ਕਿ ਇਹ ਮਹਾਨ ਗਿਆਨ ਹੁਣ ਕਿਸ ਨਾਲ ਸਾਂਝਾ ਕੀਤਾ ਜਾਵੇ ਤਾਂ ਜ਼ੋ ਮਾਨਵਤਾ ਦਾ ਭਲਾ ਹੋ ਸਕੇ ਤਾਂ ਉਨ੍ਹਾਂ ਆਪਣੇ ਨਾਲ ਰਹੇ ਪੰਜ ਪ੍ਰੀਵਰਾਜਕਾਂ ਨੂੰ ਸਾਰਨਾਥ ਜਾਕੇ ਮਿਲਣ ਦਾ ਫੈਸਲਾ ਕੀਤਾ।ਬੁੱਧ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਸੱਚ ਦੀ ਖੋਜ ਵਿੱਚ ਉਹ ਏਨੀ ਦੇਰ ਤੋਂ ਤਪੱਸਿਆ ਕਰ ਰਹੇ ਸਨ ਉਹ ਸੱਚ ਉਨ੍ਹਾਂ ਨੂੰ ਪ੍ਰਾਪਤ ਹੋ ਗਿਆ ਹੈ। ਹੁਣ ਉਹ ਗਿਆਨਵਾਨ ਭਾਵ ਬੁੱਧ ਹੋ ਗਏ ਹਨ।ਬੁੱਧ ਨੇ ਜੋ ਉਪਦੇਸ਼ ਉਨ੍ਹਾ ਪੰਜ ਪ੍ਰੀਵਰਾਜਕਾਂ ਨੂੰ ਦਿੱਤਾ ਉਸਨੂੰ ਹੀ ਧੰਮ ਚੱਕ ਪਵੱਤਣ ਸੁੱਤ ਕਿਹਾ ਜਾਂਦਾ ਹੈ। ਬੁੱਧ ਨੇ ਦੱਸਿਆ ਕਿ ਮੈਂ ਇਹ ਗਿਆਨ ਪ੍ਰਾਪਤ ਕੀਤਾ ਹੈ ਕਿ ਇਹ ਦੁਨੀਆਂ ਜਾਂ ਪੂਰੀ ਸ਼੍ਰਿਸ਼ਟੀ ਨੂੰ ਬਣਾਉਣ ਵਾਲੀ ਕੋਈ ਅਦਿੱਖ ਸ਼ਕਤੀ, ਦੈਵੀ ਸ਼ਕਤੀ ਜਾਂ ਕੋਈ ਆਤਮਾ, ਈਸ਼ਵਰ,ਭਗਵਾਨ ਜਾਂ ਪਰਮਾਤਮਾ ਆਦਿ ਨਹੀਂ ਹੈ ਸਗੋਂ ਇਸ ਸਾਰੀ ਸ੍ਰਿਸ਼ਟੀ ਦਾ, ਸਾਰੇ ਬ੍ਰਹਿਮੰਡ ਦਾ ਸਦੀਆਂ ਤੋਂ ਹੌਲੀ ਹੌਲੀ ਵਿਕਾਸ ਹੋਇਆ ਹੈ। ਛੇ ਮੂਲ ਤੱਤ ਭਾਵ ਅੱਗ ,ਮਿੱਟੀ,ਹਵਾ,ਪਾਣੀ,ਅਕਾਸ਼ ਅਤੇ ਚਿੱਤ ਜਾਂ ਚੇਤਨਾ ਭਾਵ ਵਿਗਿਆਨ ਨੇ ਇਸ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਹੋ ਤੱਤ ਇਸ ਸ਼੍ਰਿਸ਼ਟੀ ਦੀ ਰਚਨਾ ਅਤੇ ਸੰਚਾਲਨ ਅਤੇ ਇਥੋਂ ਤੱਕ ਕਿ ਵਿਨਾਸ਼ ਕਰਨ ਅਤੇ ਫੇਰ ਇਸੇ ਚੱਕਰ ਨੂੰ ਦੁਬਾਰਾ ਪੈਦਾ ਕਰਨ ਤੇ ਸਦੀਆਂ ਬਾਦ ਵਿਨਾਸ਼ ਕਰਨ ਪੁਨਰਸੁਰਜੀਤ ਕਰਨ ਵਿੱਚ ਅਗਵਾਈ ਕਰਦੇ ਰਹਿਣਗੇ । ਭਾਵ ਇਹ ਛੇ ਤੱਤਵ ਹੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਸਾਰੇ ਸਿਸਟਮ ਨੂੰ ਪਰਭਾਵਿਤ ਕਰਦੇ ਰਹਿਣਗੇ।ਇਹ ਸੱਭ ਕਾਰਣ ਅਤੇ ਉਸਦੇ ਸਿੱਟੇ ਤੇ ਅਤੇ ਉਸਤੋਂ ਅੱਗੇ ਫੇਰ ਉਸੇ ਸਿੱਟੇ ਨੂੰ ਅਗਲੇ ਸਿੱਟੇ ਦੇ ਕਾਰਣ ਬਣਕੇ ਉਸਤੋਂ ਉਤਪੰਨ ਹੋਣ ਵਾਲੇ ਸਿੱਟਿਆਂ ਤੇ ਹੀ ਨਿਰਭਰ ਕਰਦਾ ਹੈ ।ਕਾਰਣ ਅਤੇ ਉਸਦੇ ਸਿੱਟੇ ਦੇ ਸਿਧਾਂਤ ਤੇ ਹੀ ਸਾਰੀ ਸ੍ਰਿਸ਼ਟੀ ਅਤੇ ਸਾਰਾ ਸਿਸਟਮ ਨਿਰਭਰ ਕਰਦਾ ਹੈ। ਕਿਸੇ ਘਟਨਾ ਜਾਂ ਵਸਤੂ ਦੇ ਨਿਰਮਾਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਅਤੇ ਇਹ ਕਾਰਣ ਅੱਗੇ ਜਾਕੇ ਕਿਸੇ ਹੋਰ ਨਵੀਂ ਵਸਤੂ ਜਾਂ ਘਟਨਾ ਦਾ ਕਾਰਣ ਬਣਦਾ ਹੈ। ਕਾਰਣ ਅਤੇ ਉਸਦੇ ਸਿੱਟੇ ਦਾ ਇਹ ਸਿਲਸਿਲਾ ਬਾਰਾਂ ਕੜੀਆਂ ਵਿੱਚ ਅੱਗੇ ਤੋਂ ਅੱਗੇ ਚਲਦਾ ਰਹਿੰਦਾ ਹੈ ਇਸ ਨੂੰ ਕੋਈ ਦੈਵੀ ਸ਼ਕਤੀ ਜਾਂ ਅਦਿੱਖ ਵਸਤੂ ਕੰਟਰੋਲ ਨਹੀਂ ਕਰਦੀ ਸਗੋਂ ਇਹ ਸਵੈਚਾਲਿਤ ਸਿਲਸਿਲਾ ਹੈ ਜਿਸਨੂੰ ਤਥਾਗਤ ਬੁੱਧ ਨੇ ਪ੍ਰਤਿਤਿਆ-ਸਮੁਤਪਾਦ ਕਿਹਾ ਹੈ । ਜੋ ਅਵਿੱਦਿਆ (ਅਗਿਆਨ),ਸੰਸਕਾਰ, ਵਿਗਿਆਨ,ਨਾਮ ਰੂਪ, ਛੜਾਯਤਨ , ਸਪਰਸ਼,ਵੇਦਨਾ, ਤ੍ਰਿਸ਼ਨਾ,ਉਪਾ ਦਾਨ,ਭਵ,ਜਾਤੀ ,ਅਤੇ ਮਰਨ ਤੱਕ ਆਪਣੇ ਆਪ ਚਲਦਾ ਰਹਿੰਦਾ ਹੈ।ਇਸ ਸਿਲਸਿਲੇ ਨੂੰ ਮਾਨਵ ਆਪਣੇ ਕਰਮਾਂ ਨਾਲ ਵੀ ਪ੍ਰਭਾਵਿਤ ਕਰਦਾ ਹੈ। ਮਾਨਵ ਦਾ ਕਰਮ ਹੀ ਉਸਦਾ ਗਰਭ ਬਣ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਫਲ ਭੋਗਣ ਤੋਂ ਬਿਨਾ ਉਹ ਵੀ ਇਸ ਆਟੋਮੈਟਿਕ ਪ੍ਰਣਾਲੀ ਤੋਂ ਬਚ ਨਹੀਂ ਸਕਦਾ।ਪ੍ਰਤੀਤਆ-ਸਮੁਤ ਪਾਦ ਦੀਆਂ ਇਹ ਬਾਰਾਂ ਕੜੀਆਂ ਭਵ ਚੱਕਰ ਦੀ ਵਿਆਖਿਆ ਕਰਦੀਆਂ ਹਨ। ਦੂਜੇ ਪਾਸੇ ਮਹਾ ਮਾਨਵ ਬੁੱਧ ਜੀ ਨੇ ਵੇਦਨਾ ਦੀ ਸਥਿਤੀ ਵਿੱਚ ਇਸ ਭਵ ਚੱਕਰ ਵਿੱਚੋਂ ਨਿਕਲਣ ਦੀ ਵੀ ਸਿੱਖਿਆ ਦਿੱਤੀ ਹੈ ਜਿਸਨੂੰ ਉਰਧ ਗਾਮੀ ਚੱਕਰਾਕਾਰ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਜਿਵੇਂ ਭਵ ਚੱਕਰ ਦੀਆਂ ਬਾਰਾਂ ਕੜੀਆਂ ਹਨ ਏਸੇ ਪ੍ਰਕਾਰ ਉਰਧਗਾਮੀ ਚੱਕਰਾਕਾਰ ਮਾਰਗ ਦੀਆਂ ਵੀ ਬਾਰਾਂ ਕੜੀਆਂ ਮਿਲਕੇ ਕੁੱਲ 24 ਕੜੀਆਂ ਬਣਦੀਆਂ ਹਨ। ਜਿਸ ਵਿੱਚ ਦੁੱਖ ਚੋਂ ਨਿਕਲਣ ਲਈ ਸ਼ਰਧਾ ਉਤਪੰਨ ਹੁੰਦੀ ਹੈ,ਸ਼ਰਧਾ ਤੋਂ ਅਨੰਦ,ਅਨੰਦ ਤੋਂ ਪ੍ਰੀਤੀ,ਪ੍ਰੀਤੀ ਤੋਂ ਪ੍ਰਸਵਧੀ,ਪ੍ਰਸਵਧੀ ਤੋਂ ਸੁੱਖ , ਸੁੱਖ ਤੋਂ ਸਮਾਧੀ , ਸਮਾਧੀ ਤੋਂ ਯਥਾ ਭੂਤ ਗਿਆਨ ਦਰਸ਼ਨ , ਯਥਾ ਭੂਤ ਗਿਆਨ ਦਰਸ਼ਨ ਤੋਂ ਨਿਵਿਦਾ,ਨੀਵਿਦਾ ਤੋਂ ਵੈਰਾਗ,ਵੈਰਾਗ ਤੋਂ ਵਿਮੁਕਤੀ,ਵਿਮੁਕਤੀ ਤੋਂ ਅਸ਼ਰਵ ਭਾਵ ਹੌਲੀ ਹੌਲੀ ਘਟਦੇ ਰਹਿਣਾ, ਅਤੇ ਆਸ਼ਰਵ ਤੋਂ ਕਸ਼ੈਅ ਜਾਂ ਅਣਹੋਂਦ ਭਾਵ ਸਭ ਕੁੱਝ ਵਿਲੀਨ ਹੋ ਜਾਣਾ, ਜਾਂ ਸਭ ਕੁੱਝ ਖਤਮ ਹੋ ਜਾਣਾ ਜਿਵੇਂ ਕਿ ਮੋਮਬੱਤੀ ਦਾ ਚੰਗੀ ਤਰ੍ਹਾਂ ਜਲਕੇ ਖ਼ਤਮ ਹੋ ਜਾਣਾ ਜਾਂ ਨਸ਼ਟ ਹੋ ਜਾਣਾ ਜਾਂ ਮੋਕਸ਼ ਹੋ ਜਾਣਾ ਜਾਂ ਬੁਧਤਵ ਦੀ ਪ੍ਰਾਪਤੀ ਹੋ ਜਾਣਾ। ਸੋ ਇਹ ਬਾਰਾਂ ਜਮ੍ਹਾ ਬਾਰਾਂ ਕੁਲ ਚੌਵੀ ਕੜੀਆਂ ਵਿੱਚ ਸੱਭ ਕੁੱਝ ਸਮੇਟਿਆ ਗਿਆ ਹੈ।ਸਾਰੀ ਸ੍ਰਿਸ਼ਟੀ ਦਾ ਸੱਚ ਵਰਨਣ ਕੀਤਾ ਗਿਆ ਹੈ।ਏਸੇ ਨੂੰ ਹੀ ਕਾਰਣ ਅਤੇ ਉਸਦੇਸਿੱਟੇ ਦਾ ਸਿਧਾਂਤ ਭਾਵ ਪ੍ਰਤੀਤਿਆ ਸਮੂਤਪਾਦ ਕਿਹਾ ਗਿਆ ਹੈ। ਬੁੱਧ ਨੇ ਦੁੱਖ ਨੂੰ ਚਾਰ ਆਰੀਆ ਸੱਚ, ਅਤੇ ਦੁੱਖ ਚੋਂ ਨਿਕਲਣ ਦੇ ਮਾਰਗ ਨੂੰ ਆਰੀਆ ਅਸ਼ਟਾਂਗਿਕ ਮਾਰਗ ਦੇ ਸਿਰਲੇਖ ਹੇਠ ਵਿਸਥਾਰ ਨਾਲ ਸਮਝਾਇਆ ਹੈ।ਜਿਸ ਵਿੱਚ ਉਨ੍ਹਾਂ ਨੇ ਸਮਯੱਕ ਦ੍ਰਿਸ਼ਟੀ,ਸਮਯੱਕ ਸੰਕਲਪ,ਸਮਯੱਕ ਵਾਣੀ,ਸਮਯੱਕ ਕਰਮ, ਸਮਯੱਕ ਆਜੀਵਿਕਾ, ਸਮਯੱਕ ਪ੍ਰਯਤਨ , ਸਮਯੱਕ ਸਮ੍ਰਿਤੀ ਅਤੇ ਸਮਯੱਕ ਇਕਾਗਰਤਾ ਦੀ ਸਿੱਖਿਆ ਦਿੰਦੇ ਹੋਏ ਦੋਨੋ ਪ੍ਰਕਾਰ ਦੀਆਂ ਅੱਤੀਆਂ ਅਰਥਾਤ ਸਿਰੇ ਦੀਆਂ ਹੱਦਾਂ ਪਾਰ ਕਰਕੇ ਜਿਉਣ ਦੀ ਬਜਾਏ ਉੱਤਮ ਅਤੇ ਮੱਧਮ ਮਾਰਗ ਦੀ ਸਿੱਖਿਆ ਦਿੱਤੀ ਹੈ।ਬੁੱਧ ਨੇ ਫਰਮਾਇਆ ਕਿ ਦੁਨੀਆਂ ਵਿੱਚ ਦੁੱਖ ਹੈ, ਇਸ ਦੁੱਖ ਦਾ ਕਾਰਣ ਹੈ ਤ੍ਰਿਸ਼ਨਾ ਅਤੇ ਇਸ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਮਾਰਗ ਹੈ ਆਰੀਆ ਅਸ਼ਟਾਂਗਿਕ ਮਾਰਗ। ਸੋ ਤਥਾਗਤ ਬੁੱਧ ਜੀ ਨੇ ਧੰਮ ਚੱਕ ਪਵੱਤਨ ਸੁੱਤ ਦੇ ਰੂਪ ਵਿੱਚ ਇਹੀ ਸਮਝਾਇਆ ਹੈ।ਇਸ ਪ੍ਰਕਾਰ ਉਨ੍ਹਾਂ ਨੇ ਧੰਮ ਦੇ ਚੱਕੇ ਨੂੰ ਗਤੀਮਾਨ ਕੀਤਾ। ਦੂਜੀ ਵਾਰੀ ਸਮਰਾਟ ਅਸ਼ੋਕ ਨੇ ਕਲਿੰਗਾ ਫਤਿਹ ਕਰਨ ਤੋਂ ਬਾਦ ਖੁਨੋ ਖੂਨ ਹੋਈ ਮਾਨਵਤਾ , ਧਰਤੀ ਅਤੇ ਦੁਨੀਆਂ ਦੇ ਦੁੱਖੀ ਲੋਕਾਂ ਦੇ ਦੁੱਖ ਤਕਲੀਫਾਂ ਦੀ ਵੇਦਨਾ ਦਾ ਆਪਣੇ ਗੁਰੂ ਭੰਤੇ ਜੀ ਦੇ ਸਮਝਾਉਣ ਕਾਰਣ ਅਹਿਸਾਸ ਕੀਤਾ ਤੇ ਚੰਡ ਅਸ਼ੋਕ ਤੋਂ ਧੰਮ ਅਸ਼ੋਕ ਦੀ ਸਥਿਤੀ ਨੂੰ ਪ੍ਰਾਪਤ ਕੀਤਾ। ਮਹਾਂਮਾਨਵ ਬੁੱਧ ਜੀ ਤੋਂ ਕਈ ਸਦੀਆਂ ਬਾਦ ਸਮਰਾਟ ਅਸ਼ੋਕ ਜੀ ਨੇ ਵੀ ਧੰਮ ਦੀ ਸ਼ਰਣ ਵਿੱਚ ਆਪ ਆਕੇ ਅਤੇ ਬਾਕੀ ਮਾਨਵਤਾ ਨੂੰ ਲਿਆਕੇ ਧੰਮ ਦੇ ਚੱਕੇ ਨੂੰ ਦੁਬਾਰਾ ਗਤੀਮਾਨ ਕੀਤਾ।ਇਸ ਤਰ੍ਹਾਂ ਇਹ ਦਿਨ ਅਸ਼ੋਕ ਵਿਜਯਾ ਦਸ਼ਮੀ ਕਹਾਇਆ।ਧੰਮ ਦਾ ਚੱਕਾ ਸਦੀਆਂ ਤੱਕ ਚਲਦਾ ਰਿਹਾ ਦੂਜੇ ਪਾਸੇ ਧੰਮ ਵਿਰੋਧੀ ਸ਼ਕਤੀਆਂ ਵੀ ਸਰਗਰਮ ਰਹੀਆਂ। ਬਾਬਾ ਸਾਹਿਬ ਤੱਕ ਆਉਂਦੇ ਆਉਂਦੇ ਭਾਰਤੀ,ਬਹੁਜਨ ਮੂਲਨਿਵਾਸੀ ਲੋਕਾਂ ਦੀ ਹਾਲਤ ਤਰਸਯੋਗ ਹੋ ਗਈ। ਆਖਿਰ ਬੋਧੀ ਸੱਤਵ ਦੇ ਰੂਪ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਏਸੇ ਦਿਨ ਤੇ ਫੇਰ ਮਹਾਂਮਾਨਵ ਬੁੱਧ,ਸਮਰਾਟ ਅਸ਼ੋਕ ਅਤੇ ਆਪਣੇ ਵੱਡੇ ਵਡੇਰਿਆਂ ਦੇ ਧੰਮ ਮਾਰਗ ਦੇ ਚੱਕੇ ਦੀ ਮੱਧਮ ਪੈ ਗਈ ਚਾਲ ਨੂੰ ਫੇਰ ਗਤੀਮਾਨ ਕਰਨਾ ਪਿਆ ਜਿਸਨੂੰ ਧੰਮ ਕ੍ਰਾਂਤੀ ਦੇ ਨਾਮ ਵਜੋਂ ਜਾਂਣਿਆਂ ਜਾਂਦਾ ਹੈ।ਸੋ ਇਹ ਧੰਮ ਕ੍ਰਾਂਤੀ ਦਿਵਸ ਦੀ ਸਾਰੇ ਸਾਥੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹੋਏ ਧੰਮ ਚਾਰੀ ਅੱਚਲ ਕੀਰਤੀ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਧੰਮ ਕ੍ਰਾਂਤੀ ਦੀ ਮਸ਼ਾਲ ਨੂੰ ਜਗਦੀ ਰੱਖਣ ਦੀ ਬੇਨਤੀ ਕਰਦੇ ਹੋਏ ਅਪੀਲ ਕੀਤੀ ਕੇ ਅੱਜ ਜਿਸ ਹਿਸਾਬ ਨਾਲ ਪੰਜਾਬ ਵਿੱਚ ਬੁੱਧ ਧੰਮ ਫੈਲ ਰਿਹਾ ਹੈ ਉਸ ਹਿਸਾਬ ਨਾਲ ਭਿੱਖੂ ਜਾਂ ਪ੍ਰਚਾਰਕ ਪੈਦਾ ਕਰਨੇ ਵੀ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਤ੍ਰਿਰਤਨ ਬੌਧ ਮਹਾਸੰਘ ਦੀ ਕ੍ਰਿਪਾ ਨਾਲ ਮੈਂ ਆਪ ਬੜੀ ਮੇਹਨਤ ਕਰਕੇ ਧੰਮ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਅੱਗੇ ਬਾਕੀ ਧੰਮਮਿੱਤਰ ਪੈਦਾ ਕਰਨ ਜਾਂ ਧੰਮ ਪ੍ਰਚਾਰਕ ਬਣਾਉਣ ਦੀ ਇਜਾਜਤ ਵੀ ਸੀਨੀਅਰ ਧੰਮ ਚਾਰੀਆਂ ਦੇ ਸੰਘ ਨੇ ਪੰਜਾਬ ਦੇ ਧੰਮ ਚਾਰੀਆਂ ਨੂੰ ਦਿੱਤੀ ਹੈ।ਸੋ ਵੱਧ ਤੋਂ ਵੱਧ ਸਾਥੀ ਬਿਨਾ ਕਿਸੇ ਖਰਚੇ ਤੋਂ ਧੰਮ ਦੀ ਸਿਖਲਾਈ ਪ੍ਰਾਪਤ ਕਰਕੇ ਧੰਮ ਮਿੱਤਰ, ਧੰਮ ਪ੍ਰਚਾਰਕ ਜਾਂ ਧੰਮ ਚਾਰੀ ਬਣਨਗੇ ਤਾਂ ਹੀ ਬਾਬਾ ਸਾਹਿਬ ਜੀ ਦੀ ਧੰਮ ਕ੍ਰਾਂਤੀ ਸਫ਼ਲ ਹੋ ਸਕਦੀ ਹੈ।ਇਸਦੇ ਲਈ ਜਿੰਨੀ ਵੀ ਹੋ ਸਕੇ ਉਹ ਸੇਵਾ ਕਰਨ ਲਈ ਧੰਮ ਚਾਰੀ ਜਾਂ ਭਿੱਖੂ ਸੰਘ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ ਅਤੇ ਹਰ ਇੱਕ ਅੰਬੇਡਕਰੀ ਸਾਥੀ ਜਾਂ ਬੋਧੀ ਧੰਮ ਬੰਧੂ ਨੂੰ ਵੀ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਧੰਮ ਕ੍ਰਾਂਤੀ ਦਾ ਮਤਲਵ ਧੰਮ ਪਰਿਵਰਤਨ ਬਿਲਕੁਲ ਵੀ ਨਹੀਂ ਹੈ।ਧੰਮ ਚੱਕ ਪਵੱਤਨ ਸੁੱਤ ਦੇ ਕਾਰਨ ਬਹੁਤ ਸਾਰੇ ਅਗਿਆਨੀ ਲੋਕ ਜਲਦੀ ਜਲਦੀ ਇਸਨੂੰ ਧਰਮ ਪਰਿਵਰਤਨ ਨਾਲ ਜੋੜ ਕੇ ਵਿਦਵਾਨ ਬਣਨ ਦੀ ਕੋਸ਼ਿਸ਼ ਕਰਦੇ ਹਨ। ਜਦਕਿ ਧੰਮ ਚੱਕ ਪਵੱਤਨ ਦਾ ਮਤਲਵ ਹੈ ਧੰਮ ਦੇ ਚੱਕੇ ਨੂੰ ਗਤੀਮਾਨ ਕਰਨਾ। ਸੋ ਧਰਮ ਪਰਵਰਤਨ ਨਹੀਂ ਸਗੋਂ ਇਹ ਤਾਂ ਧੰਮ ਕ੍ਰਾਂਤੀ,ਘਰ ਵਾਪਸੀ ਜਾਂ ਧੰਮ ਦੇ ਚੱਕੇ ਨੂੰ ਗਤੀਮਾਨ ਕਰਨ ਦਾ ਦਿਨ ਹੈ ਜੀ।ਸਮਾਗਮ ਦੇ ਪ੍ਰਬੰਧ ਲਈ ਸੋਸਾਇਟੀ ਦੇ ਮੈਂਬਰਾਂ,ਟਰੱਸਟ ਦੇ ਟਰੱਸਟੀਆਂ ਅਤੇ ਬੁੱਧ ਵਿਹਾਰ ਦੇ ਧੰਮ ਬੰਧੂ ਭੈਣਾਂ ਭਰਾਵਾਂ ਤੇ ਸਾਥੀਆਂ ਨੇ ਭਰਪੂਰ ਯੋਗਦਾਨ ਪਾਇਆ ਅਤੇ ਖੀਰ ਪ੍ਰਸਾਦ ਗ੍ਰਹਿਣ ਕਰਕੇ ਧੰਮ ਕ੍ਰਾਂਤੀ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਵਿਖੇ ਧੰਮ ਕ੍ਰਾਂਤੀ ਦਿਵਸ ਡਾ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਇੰਟਰਨੈਸ਼ਨਲ ਬੁੱਧੀਸ਼ਟ ਮਿਸ਼ਨ ਟਰੱਸਟ ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



