(ਸਮਾਜ ਵੀਕਲੀ)
ਸਮਾਜ ਵਿੱਚ ਅਨੇਕਾਂ ਲੇਖਕ ਹਨ ਜੋ ਸਿਰਫ਼ ਮਨ ਪਰਚਾਵੇ ਲਈ ਲਿਖਦੇ ਹਨ ਜਾਂ ਉਹ ਸਿਰਫ ਅਜਿਹੀਆਂ ਹੀ ਗੱਲਾਂ ਨੂੰ ਸ਼ਬਦੀ ਰੂਪ ਦਿੰਦੇ ਹਨ ਜੋ ਉਨ੍ਹਾਂ ਨੇ ਸਿਰਫ਼ ਸੁਣੀਆਂ ਹੁੰਦੀਆਂ ਹਨ ਜਾਂ ਖਿਆਲੀ ਘੜੀਆਂ ਪਰ ਅਮਨ ਜੱਖਲਾਂ ਜੋ ਵੀ ਲਿਖਦੇ ਹਨ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਵਿੱਚੋਂ ਲਿਖਦੇ ਹਨ ਅਤੇ ਉਸ ਤੋਂ ਵੀ ਵੱਡੀ ਗੱਲ ਅਜੋਕੇ ਸਮਾਜਿਕ ਮੁੱਦਿਆਂ ਜਿਵੇਂ ਔਰਤਾਂ ਲਈ ਪੜਾਈ, ਬਲਾਤਕਾਰ ਪੀੜਤਾਂ ਲਈ ਇਨਸਾਫ਼, ਕਿਰਤੀਆਂ ਦਾ ਸ਼ੋਸਣ, ਸਿਹਤ ਅਤੇ ਸਿੱਖਿਆ ਸਮੱਸਿਆਵਾਂ, ਧਰਮ ਦੀ ਕੱਟੜਵਾਦੀ ਰਾਜਨੀਤੀ ਵਰਗੇ ਹੋਰ ਅਨੇਕਾਂ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਉਠਾਉਂਦੇ ਹਨ।
ਮੈਂ ਉਨ੍ਹਾਂ ਦੀ ਪਹਿਲੀ ਕਿਤਾਬ ਇਨਸਾਨੀਅਤ ਨੂੰ ਜਦੋਂ ਪੜਿਆ ਤਾਂ ਸਾਹਿਤ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਕਿ ਐਨੀ ਘੱਟ ਉਮਰ ਵਿੱਚ ਐਨੀ ਕਮਾਲ ਦੀ ਵਿਚਾਰਧਾਰਾ ਉਤਪੰਨ ਹੋਣਾ ਬਹੁਤ ਹੈਰਾਨੀਜਨਕ ਹੈ। ਉਹ ਇੱਕ ਗੰਭੀਰ ਪਾਠਕ ਵੀ ਹਨ। ਨਵੀਂ ਪੀੜੀ ਵਿੱਚ ਐਨੀ ਘੱਟ ਉਮਰ ਵਿੱਚ ਕੁਝ ਗਿਣਤੀ ਦੇ ਨੌਜਵਾਨ ਹੀ ਸਾਇਦ ਐਨਾ ਸਾਹਿਤ ਪੜਦੇ ਹੋਣਗੇ ਅਤੇ ਪੜਨ ਦੇ ਨਾਲ ਨਾਲ ਜੋ ਸਮਾਜ ਸੇਵੀ ਕੰਮ ਵੀ ਉਹ ਕਰਦੇ ਹਨ, ਉਹ ਬਹੁਤ ਸਲਾਹੁਣਯੋਗ ਹੈ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੀ ਦੂਜੀ ਪੁਸਤਕ ਲੋਕ ਅਰਪਣ ਹੋਣ ਜਾ ਰਹੀ ਹੈ।
ਮੈਂ ਕਿਤਾਬ ਦਾ ਨਾਮ ਸੁਣਦਿਆਂ ਹੀ ਸਮਝ ਗਿਆ ਸੀ ਕਿ ਇਸ ਮਹਾਨ ਸ਼ਬਦ ਕਿਰਤ ਦੀ ਵਡਿਆਈ ਉਹੀ ਮਨੁੱਖ ਕਰ ਸਕਦਾ ਹੈ ਜਿਸਨੇ ਕਿਰਤੀਆਂ ਦੇ ਸ਼ੋਸਣ ਅਤੇ ਦਰਦਾਂ ਨੂੰ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੋਵੇ। ਕਿਰਤ ਕਿਤਾਬ ਦੇ ਅੰਤ ਵਿੱਚ ਛਪੇ ਲੇਖ ਹਰ ਕਿਸੇ ਨੂੰ ਜਰੂਰ ਹੀ ਪੜ ਕੇ ਦੇਖਣੇ ਚਾਹੀਦੇ ਹਨ, ਜੋ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਨਵੀਂ ਉਮੀਦ ਦੀ ਕਿਰਨ ਪ੍ਰਦਾਨ ਕਰਨ ਦਾ ਸੁਚੱਜਾ ਕਾਰਜ ਕਰਦੇ ਹਨ। ਜੱਖਲਾਂ ਜੀ ਦੀ ਸਮਾਜਿਕ ਅਤੇ ਰਾਜਨੀਤਕ ਸੂਝ ਬਹੁਤ ਕਮਾਲ ਦੀ ਹੈ ਜਿਸ ਵਿੱਚ ਮਨੁੱਖਤਾ ਲਈ ਸਭ ਦੀ ਭਲਾਈ ਅਤੇ ਵਿਕਾਸ ਦੀ ਇੱਕ ਝਲਕ ਹੈ।
ਅਮਨ ਜੱਖਲਾਂ ਜੀ ਦੀਆਂ ਦੋਵੇਂ ਕਿਤਾਬਾਂ ‘ਇਨਸਾਨੀਅਤ’ ਅਤੇ ‘ਕਿਰਤ’ ਦੇ ਨਾਮ ਹੀ ਆਪਣੇ ਵਿੱਚ ਬਹੁਤ ਵੱਡੀ ਮਿਸਾਲ ਹਨ। ਮੇਰਾ ਮੰਨਣਾ ਹੈ ਕਿ ਹਰ ਨੌਜਵਾਨ ਨੂੰ ਅਮਨ ਜੱਖਲਾਂ ਦੀ ਤਰ੍ਹਾਂ ਨਿਰੰਤਰ ਨਵਾਂ ਸਿੱਖਦੇ ਰਹਿਣ ਅਤੇ ਨਵਾਂ ਸਿਰਜਦੇ ਰਹਿਣ ਦਾ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ਅਮਨ ਜੱਖਲਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਵਾਂ ਸਿਰਜਦੇ ਰਹਿਣਗੇ ਅਤੇ ਮਨੁੱਖਤਾ ਵਿੱਚ ਗਿਆਨ ਅਤੇ ਚੰਗਿਆਈ ਦੀ ਮਹਿਕ ਬਿਖੇਰਦੇ ਰਹਿਣਗੇ…
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ-9914880392
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly