(ਸਮਾਜ ਵੀਕਲੀ)
ਉਹ ਰੋੜੇ ਪਾਉਂਦੀਆਂ
ਬਜਰੀ ਵਿਛਾਉਂਦੀਆਂ
ਲੁੱਕ ਪਾਉਂਦੀਆਂ ਜਾਂਦੀਆਂ
ਤੇ ਉਹ ਖਿੱਲਰੇ ਵਾਲ਼ਾਂ ਵਾਲ਼ੇ ਬੱਚੇ
ਕੋਲ਼ ਹੀ ਖੇਡਦੇ ਰਹਿੰਦੇ ਸਾਰਾ ਦਿਨ
ਘਰ ਘਰ ਬਣਾਉਣ
ਪਿੰਡ ਤੋਂ ਪੜ੍ਹਨ ਜਾਂਦੇ ਬੱਚੇ ਉਨ੍ਹਾਂ ਨੂੰ
ਓਪਰੀਆਂ ਸ਼ੈਆਂ ਵਾਂਗ ਵੇਖਦੇ ਲੰਘ ਜਾਂਦੇ
ਫਿਰ ਰੋੜਾ ਆਪਣੀ ਜਗ੍ਹਾ ਪੈ ਗਿਆ
ਬਜਰੀ ਵਿੱਛ ਗਈ ਆਪਣੀ ਜਗ੍ਹਾ
ਲੁੱਕ ਰਚ ਗਈ ਜਿਥੇ ਸੀ ਰਚਣਾ
ਤੇ ਸੜਕ ਬਣ ਗਈ
ਫਿਰ ਟਰੱਕ ਆਇਆ
ਬਿਨਾਂ ਧੂੜ ਉਡਾਏ
ਪਲਾਂ ਚ ਭੂਚਾਲ ਜਿਹਾ ਵਾਪਰਿਆ
ਘੁਰਨਿਆਂ ਲਈ
ਸਭ ਕੁਝ ਲੱਦ ਹੋ ਗਿਆ
ਇੱਕੋ ਟਰੱਕ ਵਿਚ
ਫਿਰ ਉਨ੍ਹਾਂ ਖੇਡਦੇ ਬੱਚੇ
ਬਾਹੋਂ ਫੜ ਫੜ ਉਠਾ ਲਏ
ਕੁਝ ਰੋਏ ਕੁਝ ਚੀਕੇ
ਕੁਝ ਮੁੜ ਮੁੜ ਵੇਖਦੇ ਰਹੇ
ਮਿੱਟੀ ਚ ਬਣਾਏ ਆਪਣੇ ਘਰਾਂ ਨੂੰ
ਟਰੱਕ ਤੁਰ ਗਿਆ
ਬਹੁਤ ਸੜਕਾਂ ਬਣਨੀਆਂ ਸਨ ਅਜੇ
ਪਿੱਛੇ ਕੁਝ ਨਹੀਂ ਸੀ ਬਚਿਆ
ਨਾ ਇੱਟਾਂ
ਨਾ ਰੋੜੇ
ਨਾ ਬਜਰੀ
ਨਾ ਲੁੱਕ
ਟਰੱਕ ‘ਚ ਜਾਂਦੇ ਬੱਚੇ
ਦੂਰ ਤਕ ਵੇਖਦੇ ਰਹੇ ਜਿਨ੍ਹਾਂ ਨੂੰ
ਪਿੱਛੇ ਬਸ ਰਹਿ ਗਏ ਸਨ ਉਹ
ਮਿੱਟੀ ਉੱਤੇ ਖੇਡ ਖੇਡ ਚ
ਬਣਾਏ ਹੋਏ ਘਰ
ਅਮਰਜੀਤ ਸਿੰਘ ਅਮਨੀਤ
8872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly