ਲੇਖਕ ਸ ਕਸ਼ਮੀਰ ਸਿੰਘ ਭੁਲੱਥ
(ਸਮਾਜ ਵੀਕਲੀ) ਸਿਮਰਨ ਗ਼ਰੀਬ ਬਾਪ ਦੀ ਇਕਲੌਤੀ ਧੀ ਸੀ। ਦੋ ਭਰਾ ਰਮਨ ਤੇ ਅਮਨ । ਪਿਤਾ ਸੱਜਣ ਸਿੰਘ ਦਿਹਾੜੀ ਦੱਪਾ ਲਾ ਕੇ ਪਰਿਵਾਰ ਪਾਲ ਰਿਹਾ ਸੀ । ਪਰ ਸਿਮਰਨ ਦੀਆਂ ਇਛਾਵਾਂ ਬਹੁਤ ਉਚੀਆਂ ਸਨ। ਸਿਮਰਨ ਨੇ ਜਵਾਨੀ ਦੀਆਂ ਬਰੂਹਾਂ ਤੇ ਪੈਰ ਧਰਿਆ ਤਾਂ ਚੜਦੀ ਜਵਾਨੀ ਦੇ ਨਾਲ ਨਾਲ ਬਹੁਤ ਸੁੰਦਰ ਦਿਖਣ ਲੱਗੀ ਤਾਂ ਸੱਜਣ ਸਿੰਘ ਦੀਆਂ ਚਿੰਤਾਵਾਂ ਵੱਧਣੀਆ ਸੁਭਾਵਿਕ ਸੀ। ਘਰ ਵਿੱਚ ਗਰੀਬੀ ਸੀ ਤੇ ਧੀ ਕੋਠੇ ਜਿੱਡੀ ਹੋ ਗਈ ਸੀ। ਇੱਕ ਦਿਨ ਸੱਜਣ ਦੀ ਵੱਡੀ ਭੈਣ ਨੇ ਸਿਮਰਨ ਦੇ ਰਿਸ਼ਤੇ ਦੀ ਗੱਲ ਚਲਾਈ । ਤਾਂ ਸੱਜਣ ਦੇ ਚਿਹਰੇ ਤੇ ਰੌਣਕ ਆ ਗਈ ਸੀ। ਮੁੰਡਾ ਭਾਰਤੀ ਫੌਜ ਵਿੱਚ ਉਚ ਅਧਿਕਾਰੀ ਸੀ ਪਰ ਘਰਵਾਲੀ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜੋ ਪਿਛੇ ਇਕ ਬੇਟੇ ਨੂੰ ਛੱਡ ਗਈ ਸੀ। ਸਾਰੀ ਪੁਛਗਿੱਛ ਤੋਂ ਬਾਅਦ ਸੱਜਣ ਸਿੰਘ ਨੇ ਹਾਂ ਕਰ ਦਿੱਤੀ ਪਰ ਸਿਮਰਨ ਕੁੱਝ ਨਾਂਹ ਨੁੱਕਰ ਕਰਦੀ ਰਹੀ। ਫਿਰ ਸਾਰੇ ਪਰਿਵਾਰ ਦੇ ਦਬਾਅ ਹੇਠ ਮੰਨਣਾ ਪਿਆ। ਸੱਜਣ ਸਿੰਘ ਨੇ ਸਿਮਰਨ ਦੇ ਵਿਆਹ ਲਈ ਸਿਰਫ਼ ਇੱਕ ਸ਼ੂਟ ਹੀ ਖਰੀਦਿਆ ਸੀ ਬਾਕੀ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਦੇ ਪਰਿਵਾਰ ਨੇ ਕੀਤਾ ਸੀ। ਸਿਮਰਨ ਦਾ ਵਿਆਹ ਇੱਕ ਸ਼ਾਹੀ ਵਿਆਹ ਹੋ ਨਿਬੜਿਆ ਸੀ । ਵਿਆਹ ਦੇ ਚਰਚੇ ਕੀ ਦਿਨ ਦੂਰ ਦੂਰ ਤੱਕ ਹੁੰਦੇ ਰਹੇ। ਥੋੜੇ ਦਿਨਾਂ ਬਾਅਦ ਹੀ ਸਿਮਰਨ ਦਾ ਪਤੀ ਕਰਨਲ ਸੁਰਜੀਤ ਸਿੰਘ ਸਿਮਰਨ ਨੂੰ ਆਪਣੀ ਯੂਨਿਟ ਵਿੱਚ ਨਾਲ ਹੀ ਲ਼ੈ ਗਿਆ ਯੂਨਿਟ ਵਿੱਚ ਪਹੁੰਚਦਿਆਂ ਹੀ ਸ਼ਾਹੀ ਪਾਰਟੀਆਂ ਦਾ ਆਯੋਜਨ ਹੋਣ ਲੱਗਿਆ। ਹਰ ਰੋਜ਼ ਨਵੇਂ ਨਵੇਂ ਤੋਹਫਿਆ ਨਾਲ ਸਵਾਗਤ ਹੋਣ ਲੱਗਿਆ ਕਰਨਲ ਸੁਰਜੀਤ ਸਿੰਘ ਦੇ ਨਾਲ਼ ਨਾਲ਼ ਸਿਮਰਨ ਦੇ ਹੁਕਮ ਵੀ ਚੱਲਣ ਲੱਗੇ। ਸਿਮਰਨ ਆਪਣੇ ਅਤੀਤ ਨੂੰ ਬਿਲਕੁਲ ਭੁੱਲ ਚੁੱਕੀ ਸੀ। ਕਦੇ ਕਿਸੇ ਨੂੰ ਯਾਦ ਵੀ ਨਹੀ ਕੀਤਾ ਸੀ। ਇੱਕ ਦਿਨ ਪਿਤਾ ਸੱਜਣ ਸਿੰਘ ਨੇ ਫ਼ੋਨ ਕਰਕੇ ਦੱਸਿਆ ਪੁੱਤ ਤੇਰੀਆਂ ਚਾਚੀਆਂ ਤਾਈਆਂ, ਮਾਮੀਆਂ ਮਾਸੀਆਂ ਭੂਆਂ ਭਾਬੀਆਂ ਨੇ ਤੇਰੇ ਲਈ ਕੁੱਝ ਕੱਪੜਾ ਲੀੜਾ ਖ਼ਰੀਦਣਾ ਹੈ ਤੁਸੀਂ ਆ ਕੇ ਦੱਸ ਦਿਓ ਕਿਹੋ ਜਹੇ ਚਾਹੀਦੇ ਹਨ। ਸਿਮਰਨ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਜਦੋ ਦਾ ਤੁਸੀਂ ਮੇਰਾ ਵਿਆਹ ਕਰ ਦਿੱਤਾ ਹੈ ਸੱਚ ਪੁਛਿਓ ਕਿਸੇ ਵੀ ਚੀਜ਼ ਦੀ ਹੁਣ ਕੋਈ ਆਸ ਨਹੀਂ ਰਹੀ। ਨਾਲੇ ਸਰਦਾਰ ਸਾਬ ਇਹੋ ਜਹੇ ਰੀਤੀ ਰਿਵਾਜਾਂ ਨੂੰ ਪਸੰਦ ਨਹੀਂ ਕਰਦੇ। ਉਹ ਮੇਰੇ ਸ਼ੌਕ ਪੂਰੇ ਕਰਨ ਦੇ ਸਮਰੱਥ ਹਨ। ਉਹ ਨਹੀਂ ਚਾਹੁੰਦੇ ਕੇ ਮੈਂ ਕਿਸੇ ਤੋਂ ਕੋਈ ਆਸ ਰੱਖਾਂ। ਠੀਕ ਆ ਪਾਪਾ ਮੈਂ ਫਿਰ ਫ਼ੋਨ ਕਰਾਂਗੀ ਕਹਿ ਕੇ ਫੋਨ ਕੱਟ ਦਿੱਤਾ ਸਿਮਰਨ ਨੇ। ਸੱਜਣ ਸਿੰਘ ਦੇ ਕੰਨਾਂ ਵਿੱਚ ਕਈ ਦੇਰ ਤੱਕ ਇਹ ਗੱਲ ਗੂੰਜਦੀ ਰਹੀ ਹੁਣ ਸਿਮਰਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਸ ਨਹੀਂ ਰਹੀ। ਸਿਮਰਨ ਇਹ ਗੱਲਾਂ ਭੁੱਲ ਚੁੱਕੀ ਸੀ ਜਿਸ ਨੂੰ ਉਹ ਪਰਾਈ ਆਸ ਸਮਝ ਰਹੀ ਸੀ ਉਸ ਵਿੱਚ ਹੀ ਚਾਚੇ ਤਾਏ ਮਾਮੇ ਮਾਸੀਆਂ ਦਾ ਪਿਆਰ ਗੁਝਿਆ ਹੁੰਦਾ ਹੈ। ਸਿਮਰਨ ਆਪਣੇ ਅਤੀਤ ਨੂੰ ਐਨੀ ਜਲਦੀ ਕਿਵੇਂ ਭੁੱਲ ਗਈ ਸੱਜਣ ਸਿੰਘ ਮੰਨ ਹੀ ਮੰਨ ਸਿਮਰਨ ਦੀਆਂ ਉਚੀਆਂ ਇਛਾਵਾਂ ਤੇ ਪਰਿਵਾਰ ਤੋਂ ਮੋਹ ਭੰਗ ਹੋਣ ਬਾਰੇ ਸੋਚਦਾ ਸੋਚਦਾ ਕਦੋ ਗਹਿਰੀ ਨੀਂਦ ਦੇ ਆਗੋਸ਼ ਵਿਚ ਜਾ ਬਿਰਾਜਿਆ ਪਤਾ ਨਹੀਂ ਲੱਗਿਆ। ਦਿਨ ਚੜ੍ਹਿਆ ਤਾਂ ਫਿਰ ਉਹੀ ਗੱਲਾਂ ਦੀ ਘੁਮਣ ਘੇਰੀ ਨੇ ਆ ਕੇ ਘੇਰ ਲਿਆ ਸੀ ਸੱਜਣ ਸਿੰਘ ਨੂੰ ।
ਧੰਨਵਾਦ ਜੀ
ਸ ਕਸ਼ਮੀਰ ਸਿੰਘ ਭੁਲੱਥ
8146091954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



