ਨਵੀਂ ਦਿੱਲੀ (ਸਮਾਜ ਵੀਕਲੀ): ਏਅਰ ਇੰਡੀਆ ਨੇ ਉੱਤਰੀ ਅਮਰੀਕਾ ’ਚ 5ਜੀ ਇੰਟਰਨੈੱਟ ਦੀ ਤਾਇਨਾਤੀ ਕਾਰਨ ਭਾਰਤ-ਅਮਰੀਕਾ ਰੂਟਾਂ ’ਤੇ ਆਪਣੀਆਂ ਅੱਠ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ 5ਜੀ ਦੀ ਤਾਇਨਾਤੀ ਨਾਲ ਜਹਾਜ਼ਾਂ ਦੇ ਨੇਵੀਗੇਸ਼ਨ ਪ੍ਰਣਾਲੀਆਂ ’ਚ ਦਖ਼ਲ ਦਿੱਤਾ ਜਾ ਸਕਦਾ ਹੈ ਜਿਸ ਕਾਰਨ ਏਅਰ ਇੰਡੀਆ ਨੇ ਇਹ ਫ਼ੈਸਲਾ ਲਿਆ ਹੈ। ਉਧਰ ਡੀਜੀਸੀਏ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਉਹ ਹਾਲਾਤ ਨਾਲ ਸਿੱਝਣ ਲਈ ਹਵਾਈ ਕੰਪਨੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰ ਰਹੇ ਹਨ। ਅਮਰੀਕਾ ਦੇ ਫੈਡਰਲ ਏਵੀਏਸ਼ਨ ਐਡਮਿਨੀਸਟਰੇਸ਼ਨ ਨੇ 14 ਜਨਵਰੀ ਨੂੰ ਕਿਹਾ ਸੀ ਕਿ ਜਹਾਜ਼ ਦੇ ਰੇਡੀਓ ਐਲਟੀਮੀਟਰ ’ਤੇ 5ਜੀ ਦੇ ਅਸਰ ਨਾਲ ਇੰਜਣ ਅਤੇ ਬਰੇਕਿੰਗ ਪ੍ਰਣਾਲੀ ਰੁਕ ਸਕਦੀ ਹੈ ਜਿਸ ਨਾਲ ਜਹਾਜ਼ ਨੂੰ ਰਨਵੇਅ ’ਤੇ ਰੋਕਣ ’ਚ ਦਿੱਕਤ ਆ ਸਕਦੀ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਕੁੱਲ ਤਿੰਨ ਕੰਪਨੀਆਂ ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼ ਅਤੇ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਹਨ। ਅਮਰੀਕਨ ਏਅਰਲਾਈਨਜ਼ ਅਤੇ ਡੈਲਟਾ ਏਅਰਲਾਈਨਜ਼ ਨੇ ਇਸ ਮਾਮਲੇ ’ਚ ਖ਼ਬਰ ਏਜੰਸੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਹਨ। ਏਅਰ ਇੰਡੀਆ ਦੀਆਂ ਅੱਠ ਉਡਾਣਾਂ ’ਚ ਦਿੱਲੀ-ਨਿਊਯਾਰਕ, ਨਿਊਯਾਰਕ-ਦਿੱਲੀ, ਦਿੱਲੀ-ਸ਼ਿਕਾਗੋ, ਸ਼ਿਕਾਗੋ-ਦਿੱਲੀ, ਦਿੱਲੀ-ਸਾਂ ਫਰਾਂਸਿਸਕੋ, ਸਾਂ ਫਰਾਂਸਿਸਕੋ-ਦਿੱਲੀ, ਦਿੱਲੀ-ਨੇਵਾਰਕ ਅਤੇ ਨੇਵਾਰਕ-ਦਿੱਲੀ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly