ਲੋਕਾਂ ਨੂੰ ਏਡਜ਼ ਤੋਂ ਬਚਾਉਣ ਲਈ ਸਰਕਾਰਾਂ ਨੂੰ ਜੰਗੀ ਪੱਧਰ ‘ਤੇ ਪ੍ਰਚਾਰ ਕਰਨਾ ਚਾਹੀਦਾ ਹੈ – ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਏਡਜ਼ ਜਿੰਨੀ ਭਿਆਨਕ, ਦਰਦਨਾਕ ਅਤੇ ਬਦਨਾਮੀ ਭਰੀ ਬਿਮਾਰੀ ਦੇ ਬਰਾਬਰ ਦੁਨੀਆਂ ਵਿੱਚ ਹੋਰ ਕੋਈ ਬਿਮਾਰੀ ਨਹੀਂ ਹੈ। ਇਹ ਰੋਗ ਹਰ ਇਨਸਾਨ ਖੁਦ ਸਹੇੜਦਾ ਹੈ। ਏਡਜ਼ ਲਾ-ਇਲਾਜ਼ ਹੈ। ਛੋਟੀ ਉਮਰ ਦੇ ਬੱਚੇ ਅਣਜਾਣ ਪੁਣੇ ਵਿੱਚ ਅਤੇ ਵੱਡੀ ਉਮਰ ਦੇ ਵਿਅਕਤੀ ਲਾਪਰਵਾਹੀ ਕਾਰਨ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਜਦੋਂ ਐੱਚ.ਆਈ.ਵੀ ਦੇ ਜੀਵਾਣੂੰ ਏਡਜ਼ ਵਿੱਚ ਤਬਦੀਲ ਹੋ ਜਾਂਦੇ ਹਨ ਫਿਰ ਉਸ ਇਨਸਾਨ ਨੂੰ ਦਰਦਨਾਕ, ਭਿਆਨਕ ਅਤੇ ਬਦਨਾਮੀ ਭਰੀ ਮੌਤ ਮਿਲਦੀ ਹੈ। ਇਹਨਾਂ ਸ਼ਬਦਾਂ ਦਾ ਉਚਾਰਣ ਡਿਸਟ੍ਰਿਕਟ 321-ਡੀ ਦੇ ਸੀਨੀਅਰ ਲਾਇਨ ਮੈਂਬਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਵੱਲੋਂ ਉਚੇਚੇ ਤੌਰ ‘ਤੇ ਆਯੋਜਤ ਐੱਚ.ਆਈ.ਵੀ/ ਏਡਜ਼ ਖਿਲਾਫ ਪ੍ਰੋਗਰਾਮ ਦੌਰਾਨ ਕੀਤੇ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਕਿਹਾ ਕਿ ਕਿ ਜਿਸ ਤਰੀਕੇ ਨਾਲ ਪਹਿਲਾਂ ਐੱਚ.ਆਈ.ਵੀ / ਏਡਜ਼ ਦੇ ਪ੍ਰਮਾਣ ਖਤਰਨਾਕ ਹਨ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਓਨੀਆਂ ਵੱਡੀਆਂ ਹੀ ਅਸਫਲ ਹਨ, ਨਤੀਜਨ ਨਿਆਣੇ-ਸਿਆਣੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਅਤੇ ਤੜਫ-ਤੜਫ ਕੇ ਮਰਨ ਦੇ ਨਾਲ ਨਾਲ ਸ਼ਰਮਿੰਦਗੀ ਦੀ ਮੌਤ ਮਰ ਰਹੇ ਹਨ, ਹਰ ਘਰ ਦਾ ਜੀਅ ਹਰ ਪਰਿਵਾਰ ਲਈ ਬਹੁਤ ਵੱਡਮੁੱਲਾ ਹੁੰਦਾ ਹੈ। ਏਡਜ਼ ਦਾ ਰੋਗੀ ਖੁਦ ਤਾਂ ਮਰਦਾ ਹੀ ਹੈ ਪਰ ਆਪਣੇ ਟੱਬਰ ਦੇ ਪੱਲੇ ਬਦਨਾਮੀ ਪਾ ਜਾਂਦਾ ਹੈ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਇਨ ਦਿਨਕਰ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਨਸ਼ੇ ਨੂੰ ਨੱਥ ਪੈ ਜਾਵੇ ਤਾਂ ਵੱਡੀ ਪੱਧਰ ‘ਤੇ ਏਡਜ਼ ਤੋਂ ਨੌਜਵਾਨ ਲੜਕੇ ਲੜਕੀਆਂ ਬਚ ਸਕਦੇ ਹਨ। ਨਸ਼ੇੜੀ ਨਸ਼ੇ ਕਾਰਣ ਇੱਕ ਦੂਜੇ ਦੀਆਂ ਇੰਜੈਕਸ਼ਨ ਸੂਈਆਂ ਵਰਤ ਲੈਂਦੇ ਹਨ ਅਤੇ ਏਡਜ਼ ਦਾ ਇੱਕ ਵੱਡਾ ਕਾਰਣ ਬਣਦੇ ਹਨ। ਇਸ ਮੌਕੇ ਨਵੀਂ ਵਿਆਹੀ ਜੋੜੀ ਸ਼ਿਵਮ-ਏਕਤਾ ਅਰੋੜਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਆਹ ਹੋਣ ਤੱਕ ਸੰਜਮ ਰੱਖਣਾ ਚਾਹੀਦਾ ਹੈ। ਗੈਰ ਔਰਤ-ਮਰਦਾਂ ਨਾਲ ਨਾਜਾਇਜ਼ ਸੰਬੰਧ ਬਣਾਉਣ ਤੋਂ ਬਚਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਅਸਲ ਜੀਵਨ ਸਾਥੀ ਨਾਲ ਆਨੰਦਮਈ ਅਤੇ ਏਡਜ਼ ਮੁਕਤ ਜੀਵਨ ਬਿਤਾ ਸਕਦੇ ਹਾਂ। ਕਲੱਬ ਦੀ ਡਾਇਰੈਕਟਰ ਲਾਇਨ ਬਬਿਤਾ ਸੰਧੂ ਨੇ ਕਿਹਾ ਕਿ ਭਾਵੇਂ ਸਰਕਾਰੀ ਡਾਕਟਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਏਡਜ਼ ਪ੍ਰਤੀ ਬਹੁਤਾ ਗੰਭੀਰ ਨਹੀਂ ਫਿਰ ਵੀ ਸਰਕਾਰੀ ਹਸਪਤਾਲਾਂ ਵਿੱਚ ਏਡਜ਼ ਦਾ ਟੈਸਟ ਅਤੇ ਇਲਾਜ਼ ਮੁਫਤ ਕੀਤਾ ਜਾਂਦਾ ਹੈ। ਮਰੀਜ ਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਬਿੱਲਾ ਅਤੇ ਪਤਨੀ ਸ਼ਕਤੀ ਅਰੋੜਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹਰ ਇਨਸਾਨ ਨੂੰ ਆਪਣੀ ਤੰਦਰੁਸਤੀ ਜਾਨਣ ਲਈ 6 ਮਹੀਨੇ ਵਿੱਚ ਇੱਕ ਵਾਰ ਏਡਜ਼ ਸਮੇਤ ਹੋਰ ਜਰੂਰੀ ਟੈਸਟ ਜਰੂਰ ਕਰਵਾ ਲੈਣੇ ਚਾਹੀਦੇ ਹਨ। ਕਲੱਬ ਦੀ ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ ਨੇ ਸਭ ਹਾਜ਼ਰੀਨ ਦੇ ਏਡਜ਼ ਜਾਗਰੂਕਤਾ ਰਿਬਨ ਲਗਾਏ ਅਤੇ ਸਭ ਨੇ ਮਿਲਕੇ ਖੁੱਲ੍ਹੇ ਅਸਮਾਨ ਵਿੱਚ ਏਡਜ਼ ਵਿਰੋਧੀ ਗੁਬਾਰੇ ਛੱਡੇ। ਨੰਨ੍ਹੀ ਪਰੀ ਗੁਰਛਾਇਆ ਸੋਖਲ ਨੇ ਇਸ ਪੂਰੇ ਪ੍ਰੋਗਰਾਮ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਕਲੱਬ ਪ੍ਰਧਾਨ ਸੋਖਲ ਨੇ ਕਿਹਾ ਕਿ ਜੇਕਰ ਬਚਪਨ ਤੋਂ ਹੀ ਬੱਚਿਆਂ ਵਿੱਚ ਸਹੀ ਜਾਣਕਾਰੀ ਮੁਹਈਆ ਕੀਤੀ ਜਾਵੇ ਤਾਂ ਸਾਡਾ ਪੰਜਾਬ ਤਾਂ ਇੱਕ ਪਾਸੇ ਪੂਰਾ ਭਾਰਤ ਏਡਜ਼ ਮੁਕਤ ਹੋ ਜਾਵੇਗਾ। ਲੋਕਾਈ ਦੇ ਭਲੇ ਲਈ ਮੀਡੀਆ ਨੂੰ ਵੀ ਏਡਜ਼ ਦੀਆਂ ਖਬਰਾਂ ਅਤੇ ਜਾਣਕਾਰੀਆਂ ਨੂੰ ਖਾਸ ਤੌਰ ‘ਤੇ ਪਬਲਿਸ਼ ਕਰਨਾ ਚਾਹੀਦਾ ਹੈ। ਕਲੱਬ ਦੀ ਤਤਕਾਲੀਨ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਦੱਸਿਆ ਕਿ ਦੁਨੀਆਂ ਵਿੱਚ 42 ਲੱਖ ਤੋਂ ਵੱਧ ਲੋਕ ਏਡਜ਼ ਨਾਲ ਮਰ ਚੁੱਕੇ ਹਨ। 14 ਸਾਲ ਤੋਂ ਵੱਧ ਉਮਰ ਦੇ ਬੱਚੇ ਵੀ ਇਸ ਰੋਗ ਦਾ ਸ਼ਿਕਾਰ ਹਨ ਜੋ ਕਿ ਬਹੁਤ ਦੁੱਖਦਾਈ ਵਿਸ਼ਾ ਹੈ। ਹਰ ਸਮਾਜ ਸੇਵੀ ਨੂੰ ਏਡਜ਼ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਏਡਜ਼ ਤੋਂ ਕਿਵੇਂ ਬਚਣਾ ਹੈ, ਜਾਣਕਾਰੀ ਹੋਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly