ਸਿੱਖਿਆ

ਮਮਤਾ ਸੇਤੀਆ ਸੇਖਾ

ਸਮਾਜ ਵੀਕਲੀ

ਨੀ ਅੰਮੀਏ ਸਾਂਭ ਕੇ ਰੱਖੀ ਮੇਰੇ ਗੁੱਡੀਆਂ ਤੇ ਪਟੋਲੇ ,
ਕੌਈ ਨਾ ਫੋਲੇ ਦਾਜ ਇਹਨਾਂ ਦਾ ਨਾ ਕੌਈ ਵਰੀ ਫਰੋਲੇ ।
ਪਰ ਰਹਿਣ ਦੇ ਅੰਮੀਏ, ਹੁਣ ਤਾਂ ਹੋਇਆ ਦੂਰ ਵਸੇਰਾ ,
ਰੱਬ ਸੱਬਬੀ ਮੈਂ ਕਦੇ -ਕਦੇ ਮੈਂ ਪਾਇਆ ਕਰਸਾਂ ਫੇਰਾ ।
ਭੁੱਲ ਜਾਸਾਂ ਇਸ ਵਿਹੜੇ ਵਿੱਚ ਕਦੋਂ ਕਿਕਲੀ ਪਾਈ ਸੀ ,
ਭੁੱਲ ਜਾਸਾਂ ਕਦੋਂ ਮੈਂ ਸੱਖੀਆਂ ਨਾਲ ਹੋਈ ਜੁਦਾਈ ਸੀ ।
ਪਰ ਨਾ ਭੁੱਲੇ ਤੇਰਾ ਮਹਿਲ ਵੇ ਬਾਬਲਾ,
ਜਿੱਥੇ ਵਾਂਗ ਸ਼ਹਿਜਾਦੀ ਰਹੀਆਂ
ਮਾਫ਼ ਕਰੀ ਮੇਰੇ ਬਾਬਲਾ,
ਜੋ ਭੁੱਲ ਚੁੱਕ ਮੈਥੋ ਹੋਈਆਂ ।
ਡਾਹਢੇ ਅਜਬ ਜਮਾਨੇ ਦੇ ਰੰਗ ਡਿੱਠੇ,
ਪੈਦਾ ਹੁੰਦੀਆਂ ਵਿੱਚ ਸੰਸਾਰ ਧੀਆਂ ।
ਚੌਦਾਂ-ਪੰਦਰਾਂ ਸਾਲਾ ਤੋਂ ਹੋਣ ਉਪਰ ,
ਕੁੰਜ਼ਾਂ ਵਾਂਗੰ ਡਾਰੀਆਂ ਲਾਉਣ ਧੀਆਂ ।
ਇੱਕ ਵਾਰੀ ਸੁਹਰੇ ਘਰ ਜਾ ਕੇ,
ਮੁੜ ਪੇਕਿਆਂ ਦੇ ਘਰ ਜਦ ਆਣ ਧੀਆਂ ।
ਜਿਹੜੀ ਚੀਜ਼ ਨੂੰ ਕੱਲ੍ਹ ਆਪਣਾ ਕਹਿੰਦੀਆਂ ਸੀ ,
ਅੱਜ ਜੱਕਦੀਆਂ ਨਾ ਉਸ ਨੂੰ ਹੱਥ ਲਾਉਣ ਧੀਆਂ ।
ਪਾਣੀ ਪਾ-ਪਾ ਲਾਡ ਪਿਆਰ ਵਾਲਾ ਇਹਨਾਂ ਵਰ੍ਹੇ,
ਜਿੰਨਾਂ ਬੂਟਿਆਂ ਨੂੰ ਪਾਲਦੇ ਰਹੇ ।
ਮਾਲਕ ਆਪਣੀ ਚੀਜ਼ ਨੂੰ ਲੈ ਚੱਲੇ ਆਪਣੀ ਸਮਝ ਜਿਸ ਨੂੰ ਸੰਭਾਲਦੇ ਰਹੇ ।
ਘਰ ਰੱਖਣੇ ਦੀ ਜੇਕਰ ਚੀਜ਼ ਹੁੰਦੀ ,
ਕੌਣ ਕਿਸੇ ਨੂੰ ਕੀਮਤੀ ਲਾਲ ਦਿੰਦਾ ।
ਆਪਣੇ ਬਾਗ ਵਿੱਚ ਜੇਕਰ ਇਹ ਬੂਟੇ ਰਹਿ ਸਕਦੇ,
ਕੌਣ ਕਿਸੇ ਨੂੰ ਪਾਲ-ਪਾਲ ਦਿੰਦਾ ।
ਭੈਣੇ! ਧੀਆਂ ਰਖਿਆ ਜਾਂਦੀਆਂ ਨਹੀ,
ਲੱਖੋ-ਲੱਖ ਹੋਵੇ ਤਖਤੋ-ਤਾਜ ਹੋਵੇ ।
ਜਾਤ ਧੀਆਂ ਦੀ ਜੰਮਦੀ ਵੱਖਰੀ ਐ ,
ਭਾਂਵੇ ਸਾਰੇ ਜਹਾਨ ਦਾ ਰਾਜ ਹੋਵੇ ।
ਰਾਜਾ ਜਨਕ ਸੀ ਸੀਤਾ ਦਾ ਦਾਨ ਕੀਤਾ,
ਮਿੱਥਲਾ ਛੱਡ ਅਵਧ ਰਵਾਨ ਹੋਈ ।
ਦਿੱਤਾ ਟੋਰ ਸੀ ਦਰੁਪੱਤ ਨੇ ਦਰੋਪਤੀ ਨੂੰ ,
ਪੁਰੀ ਸ਼ਰਤ ਸਵੰਬਰ ਦੀ ਆਨ ਹੋਈ ।
ਜਦ ਰਾਜੇ ਵੀ ਧੀਆਂ ਨਹੀ ਰੱਖ ਸਕਦੇ ,
ਚੱਲੇ ਜੋਰ ਕੀ ਅਸਾਂ ਨਿਮਾਣੀਆਂ ਦਾ ।
ਉਹ ਵੀ ਟੋਰ ਦਿੰਦੇ ਹੱਥੀ ਬੰਨ ਸਿਹਰੇ ,
ਨਾਲੇ ਖੋਲ੍ਹਦੇ ਮੂੰਹ ਖਜ਼ਾਨੀਆਂ ਦਾ ।
ਸੁਣ ਵੇ ਪੀਲੇ ਸਿਹਰੇ ਵਾਲਿਆਂ ,
ਬੋਟੀ ਜਿਗਰ ਦੀ ਦਿੱਤੀ ਐ ਪਾਲ ਤੈਨੂੰ ।
ਸਾਰੀ ਦੁਨੀਆਂ ਦੇ ਬਾਗਾਂ ਵਿੱਚੋ ਚੁਣ,
ਆਪਣਾ ਬਣਾਇਆ ਲਾਲ ਤੈਨੂੰ ।
ਇਹਦੇ ਹਰ ਸੁੱਖ -ਦੁੱਖ ਦਾ ਹੁਣ,
ਸਦਾ ਹੀ ਰੱਖਣਾ ਹੈ ਖਿਆਲ ਤੈਨੂੰ ।
ਇਹਨੂੰ ਮਾਪੇ ਕਦੇ ਵੀ ਨਾ ਚੇਤੇ ਆਵਣ,
ਇਹ ਨਸੀਹਤ ਦਿੰਦੀ ਹਾਂ ਨਾਲ ਤੈਨੂੰ ।
ਇਹਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੀ ,
ਹੋਵੇ ਹਮੇਸ਼ਾ ਹੀ ਤੇਰੇ ਤੇ ਮਾਣ ਸਾਨੂੰ ।
ਸੁਣ ਸਾਡੀ ਲਾਡੋ ਰਾਣੀਏ ! ਧੀਏ ! ਮੇਰੀਏ ,
ਜਾ ਹੁਣ ਆਪਣੇ ਸੁਹਰੇ ਘਰ ਜਾ ਤੂੰ ,ਧੀਏ ! ਮੇਰੀਏ
ਮਾਪਿਆ ਦਾ ਲਾਡ ਦੁਲਾਰ ਲੈ ਜਾ ਤੂੰ ਧੀਏ ! ਮੇਰੀਏ ।
ਭੈਣਾਂ-ਭਰਾਵਾਂ ਦਾ ਮੋਹ ਪਿਆਰ ਲੈ ਜਾ ਤੂੰ ਧੀਏ ! ਮੇਰੀਏ ।
ਪਤੀ ਆਪਣੇ ਨੂੰ ਤੂੰ ਪਤੀ ਪਰਮੇਸ਼ਵਰ ਸਮਝੀ ਧੀਏ,
ਸਸ-ਸੁਹਰੇ ਮਾਪੇ ਸਮਝੀ ਧੀਏ।
ਕਰੀ ਉਹਨਾਂ ਦਾ ਤੂੰ ਸਤਿਕਾਰ ਸਦਾ ।
ਦਿਓਰ ਨੂੰ ਸਮਝੀ ਤੂੰ ਵੀਰ ਆਪਣਾ ।
ਨਨਾਣ ਨੂੰ ਬਣਾਵੀ ਸਹੇਲੀ ਆਪਣੀ ।
ਸ਼ੀਸ਼ੇ ਵਿੱਚ ਤੂੰ ਪਤੀ ਦਾ ਮੁੱਖ ਵੇੱਖੀ,
ਪਾਉਡਰ ਸਬਰ ਦਾ ਤੂੰ ਲਾਈ ਧੀਏ ।
ਸੁਰਖੀ ਨਿਮਰਤਾ ਵਾਲੀ ਤੂੰ ਲਾਈ ਧੀਏ ।
ਅੱਖੀ ਸੁਰਮਾ ਸ਼ਰਮ ਦਾ ਪਾਈ ਧੀਏ ।
ਫੁਲਾਂ ਵਾਂਗ ਮਹਿਕਾਂ ਖਿਡਾਈ ਧੀਏ ।
ਮਿਸ਼ਰੀ ਵਾਂਗ ਤੂੰ ਮਿੱਠੇ ਬੋਲ ਬੋਲੀ ,
ਸਾਰੀਆਂ ਦਾ ਦਿਲ ਲੁਭਾਈ ਧੀਏ ।
ਆਪਣੇ ਮਾਪਿਆ ਦਾ ਆਸ਼ੀਰਵਾਦ ਲੈ ਜਾ ,
ਢੇਰੋ ਦੁਆਵਾਂ ਤੇ ਸਤਿਕਾਰ ਲੈ ਜਾ ।
ਚਾਂਈ-ਚਾਂਈ ਸੁਹਰੇ ਘਰ ਜਾਈ ਧੀਏ,
ਆਪਣੇ ਫ਼ਰਜਾਂ ਨੂੰ ਬਾਖੂਬੀ ਨਿਭਾਈ ਧੀਏ ।
ਅੱਜ ਤੋਂ ਦੋਵੇ ਘਰ ਤੇਰੇ ,
ਜਦੋਂ ਮਰਜੀ ਆਈ ਤੇ ਜਾਈ ਧੀਏ ।
ਦੋਵੇ ਪਰਿਵਾਰਾ ਵਿੱਚ ਹੋਵੇ ਰਾਜ ਤੇਰਾ ,
ਦੋਵੇਂ ਪਰਿਵਾਰਾ ਦਾ ਮਾਣ ਵਧਾਈ ਧੀਏ ।
ਜੁਗ -ਜੁਗ ਜੀਵੇ ਜ਼ੁਗਲ ਜੋੜੀ ,
ਇਸ ਜੋੜੀ ਤੇ ਪਰਮਾਤਮਾ ਸਹਾਈ ਹੋਵੇ ਜੀ ।
ਦੁਹਲਾ-ਦੁਹਲਨ ਤੇ ਸਗੇ ਸਬੰਧੀਆਂ ਨੂੰ ,
“ਸੇਤੀਆ” ਪਰਿਵਾਰ ਵਲੋ ਲੱਖ -ਲੱਖ ਵਧਾਈ ਹੋਵੇ ਜੀ ।

ਮਮਤਾ ਸੇਤੀਆ ਸੇਖਾ
9876037411

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਵਾਹਿਗੁਰੂ ਜੀ ਕਿਰਪਾ ਵਰਸਾਓ “
Next articleਡੀ.ਟੀ.ਐਫ. ਵਲ੍ਹੋਂ ਪੇ ਕਮੀਸਨ ਦੀ ਰਿਪੋਰਟ ਲਾਗੂ ਨਾ ਕਰਨ,ਅੰਕੜਿਆਂ ਦੀ ਖੇਡ ਅਤੇ ਛੁੱਟੀਆਂ ਵਿੱਚ ਲਗਾਏ ਜਾ ਰਹੇ ਸੈਮੀਨਾਰਾਂ ਦਾ ਸਖਤ ਵਿਰੋਧ