ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੀਆਂ ਬੁੱਢਾਪਾ ਪੈੱਨਸ਼ਨਾਂ ਸਬੰਧੀ ਨਵਾਂ ਮਜ਼ਦੂਰ ਮਾਰੂ ਫੈਸਲਾ ਲੈਂਦਿਆਂ ਨਿਯਮਾਂ ਵਿੱਚ ਵੱਡੀ ਤਬਦੀਲੀ ਕੀਤੀ ਹੈ। ਜਿਸ ਵਿੱਚ ਉਸਾਰੀ ਕਿਰਤੀਆਂ ਦੀ ਬੁੱਢਾਪਾ ਪੈੱਨਸ਼ਨ ਹੁਣ ਉਸਾਰੀ ਕਿਰਤੀ ਭਲਾਈ ਬੋਰਡ ਦੀ ਮੈਂਬਰਸ਼ਿਪ ਦੀ ਮਿਆਦ ਦੇ ਹਿਸਾਬ ਨਾਲ ਮਿਲੇਗੀ। ਹੁਣ ਤਿੰਨ ਤੋਂ ਦੱਸ ਸਾਲ ਤੱਕ ਦੀ ਮੈਂਬਰ ਸ਼ਿੱਪ ਵਾਲੇ ਰਜਿਸਟਰਡ ਉਸਾਰੀ ਕਿਰਤੀਆਂ ਲਈ ਪੈੱਨਸ਼ਨ ਘਟਾ ਦਿੱਤੀ ਗਈ ਹੈ। ਬਲਦੇਵ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਨਵੇਂ ਫੈਸਲੇ ਅਨੁਸਾਰ 30 ਨਵੰਬਰ 2025 ਤੱਕ 60 ਸਾਲ ਦੀ ਉਮਰ ਹੋਣ ਵਾਲੇ ਕਿਰਤੀਆਂ ’ਤੇ ਪੁਰਾਣੇ ਨਿਯਮ ਲਾਗੂ ਹੋਣਗੇ। ਪਹਿਲੀ ਦਸੰਬਰ 2025 ਤੋਂ ਬਾਅਦ 60 ਸਾਲ ਉਮਰ ਹੋਣ ਵਾਲੇ ਕਿਰਤੀਆਂ ਨੂੰ 1000/-ਰੁ, ਤਿੰਨ ਤੋਂ ਸੱਤ ਸਾਲ ਵਾਲੇ ਕਿਰਤੀਆਂ ਨੂੰ 1500/-ਰੁ, ਸੱਤ ਤੋਂ ਦਸ ਸਾਲ ਵਾਲੇ ਕਿਰਤੀਆਂ ਨੂੰ 2000/-ਰੁ ਅਤੇ 10 ਸਾਲ ਤੋਂ ਵੱਧ ਮੈਂਬਰਸ਼ਿਪ ਵਾਲੇ ਕਿਰਤੀਆਂ ਨੂੰ 3000/-ਰੁ ਮਾਸਿਕ ਪੈੱਨਸ਼ਨ ਮਿਲੇਗੀ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੈੱਨਸ਼ਨ ਪ੍ਰਾਪਤ ਕਰਨ ਲਈ ਰਜਿਸਟਰਡ ਉਸਾਰੀ ਕਿਰਤੀ ਦੀ ਉਮਰ 60 ਸਾਲ ਅਤੇ ਮੈਂਬਰਸ਼ਿੱਪ ਲਗਾਤਾਰ ਤਿੰਨ ਸਾਲ ਹੋਣਾ ਲਾਜ਼ਮੀ ਸੀ। ਇਸ ਸਮੇਂ ਪੰਜਾਬ ਭਰ ਵਿੱਚ 6 ਲੱਖ ਦੇ ਕਰੀਬ ਰਜਿਸਟਰਡ ਉਸਾਰੀ ਕਿਰਤੀ ਹਨ ਜਿਨ੍ਹਾਂ ਵਿੱਚੋਂ 5400 ਕਿਰਤੀ 3000/- ਰੁ ਪ੍ਰਤੀ ਮਹੀਨਾ ਪੈੱਨਸ਼ਨ ਲੈ ਰਹੇ ਹਨ। ਐੱਨ ਐੱਲ ਓ ਦੇ ਮੁਖੀ ਬਲਦੇਵ ਭਾਰਤੀ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਉਸਾਰੀ ਕਿਰਤੀ ਪੈੱਨਸ਼ਨਾਂ ਸਬੰਧੀ ਨਵੇਂ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ 60 ਸਾਲ ਦੀ ਉਮਰ ਅਤੇ 3 ਸਾਲ ਦੀ ਲਗਾਤਾਰ ਮੈਂਬਰਸ਼ਿੱਪ ਪ੍ਰਾਪਤ ਉਸਾਰੀ ਕਿਰਤੀਆਂ ਨੂੰ 3000/- ਰੁ ਮਾਸਿਕ ਪੈਂਨਸ਼ਨ ਦੇ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਜਾਵੇ।
https://play.google.com/store/apps/details?id=in.yourhost.samajweekly



