– ਚਰਨ ਦਾਸ ਸੰਧੂ
(ਸਮਾਜ ਵੀਕਲੀ)- ਪੰਜਾਬ ਦੀ ਇਕ ਕਹਾਵਤ ਹੈ ਜੰਗ ਅਤੇ ਮੁਹੱਬਤ ਵਿਚ ਸਭ ਕੁਝ ਜਾਇਜ਼ ਹੁੰਦਾ ਹੈ। ਅੱਜ ਕੱਲ੍ਹ ਇਸ ਨਾਲ ਇਕ ਲਾਇਨ ਹੋਰ ਜੋੜ ਦੇਣੀ ਚਾਹੀਦੀ ਹੈ ਕਿ ਸਿਆਸਤ ਵਿਚ ਵੀ ਸਭ ਕੁਝ ਜਾਇਜ਼ ਹੁੰਦਾ ਹੈ, ਖਾਸ ਕਰਕੇ ਭਾਰਤ ਵਰਗੇ ਜਾਤੀ ਪ੍ਰਧਾਨ ਦੇਸ਼ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਕਾਟੋ ਕਲੇਸ਼ ਉਸ ਸਮੇਂ ਇਤਿਹਾਸਿਕ ਹੋ ਗਿਆ ਜਦੋਂ 19 ਸਤੰਬਰ, 2021 ਨੂੰ ਪਾਰਟੀ ਦੀ ਮੁੱਖ ਲੀਡਰਸ਼ਿਪ ਨੇ ਬੜੇ ਉਤਰਾਅ ਚੜਾਅ ਦੇ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ 24ਵਾਂ ਮੁੱਖਮੰਤਰੀ ਐਲਾਨ ਦਿੱਤਾ। ਇਥੇ ਇਹ ਸਪਸ਼ਟ ਕਰਦੇ ਚਲੀਏ ਕਿ ਮੈਂ ਨਾ ਤਾਂ ਕਾਂਗਰਸ ਪਾਰਟੀ ਦਾ ਸਮਰਥਕ ਹਾਂ ਅਤੇ ਨਾ ਹੀ ਮੇਰਾ ਕਿਸੇ ਹੋਰ ਪਾਰਟੀ ਨਾਲ ਕੋਈ ਸਰੋਕਾਰ ਹੈ, ਪਰ ਇਕ ਗਿਲਾ ਉਨ੍ਹਾਂ ਸਾਰੇ ਲੋਕਾਂ ‘ਤੇ ਜ਼ਰੂਰ ਹੈ ਜੋ ਦਲਿਤ ਕਹੇ ਜਾਣ ਵਾਲੇ ਸਮਾਜ ਪ੍ਰਤੀ ਆਪਣਾ ਨਜ਼ਰੀਆ ਅੱਜ ਵੀ ਨਹੀਂ ਬਦਲ ਰਹੇ। ਚੰਨੀ ਨੂੰ ਮੁੱਖਮੰਤਰੀ ਕੀ ਬਣਾਇਆ ਪੂਰੇ ਦੇਸ਼ ਦੇ ਸਿਆਸੀ ਗਲਿਆਰਿਆਂ ਵਿਚ ਭੁਚਾਲ ਆ ਗਿਆ, ਤਰ੍ਹਾਂ-ਤਰ੍ਹਾਂ ਦੀਆਂ ਤੁਤੀਆਂ ਉਸਦੇ ਵਿਰੋਧ ਵਿਚ ਬੋਲੀਆਂ ਗਈਆਂ ਕਿਤੇ ਵੀ ਉਸਦੀ ਕਾਬਲੀਅਤ ਦੀ ਪ੍ਰਸੰਸਾ ਨਹੀਂ ਕੀਤੀ ਗਈ, ਸਿਰਫ ਅਤੇ ਸਿਰਫ ਉਸਦੀ ਜਾਤ ਦੀ ਤਖਤੀ ਹੀ ਚਮਕਦੀ ਗਈ ਜਦਕਿ ਚਰਨਜੀਤ ਸਿੰਘ ਚੰਨੀ ਨੇ ਸਾਧਨਹੀਣ ਪਰਿਵਾਰ ਵਿਚ ਪੈਦਾ ਹੋ ਕੇ ਆਪਣੇ ਬੱਲਬੂਤੇ ‘ਤੇ ਆਪਣੀ ਵੱਖਰੀ ਪਹਿਚਾਣ ਬਣਾਈ। ਗਰੀਬੀ ਵਿਚ ਰਹਿ ਕੇ ਵੀ ਇਹ ਮੁਕਾਮ ਹਾਸਲ ਕਰਨਾ ਗੋਦੀ ਮੀਡੀਏ ਨੂੰ ਇਹ ਵੀ ਨਜ਼ਰ ਨਹੀਂ ਆਇਆ। ਰਾਜਨੀਤਕ ਤੌਰ ’ਤੇ ਚੰਨੀ ਡੀ.ਏ.ਵੀ. ਕਾਲਜ ‘ਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਫਿਰ ਤਿੰਨ ਵਾਰ ਐਮ.ਸੀ. ਬਣਿਆ, ਤਿਨ ਵਾਰ ਐਮ.ਐਲ.ਏ., ਇਕ ਵਾਰ ਆਜ਼ਾਦ ਵੀ ਜਿੱਤਿਆ। ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਆਗੂ ਵੀ ਰਿਹਾ, ਅੰਗੂਠਾ ਛਾਪ ਸਿਆਸਤਦਾਨਾਂ ਨਾਲੋਂ ਕਈ ਦਰਜੇ ਉੱਪਰ, ਕਿਉਂਕਿ ਉਹ ਪੰਜਾਬ ਯੂਨੀਵਰਸਿਟੀ ਤੋਂ ਐਲ ਐਲ ਬੀ. ਪਾਸ ਹੈ, ਉਸ ਮਗਰੋਂ ਐਮ.ਬੀ.ਏ. ਕੀਤੀ। ਇਸ ਵੇਲੇ ਪੀ.ਟੀ.ਯੂ. ਤੋਂ ਪੀ-ਐਚ.ਡੀ. ਕਰ ਰਿਹਾ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਦਾ ਖਿਡਾਰੀ ਰਿਹਾ। ਇੰਟਰ ਯੂਨੀਵਰਸਿਟੀ ਮੁਕਾਬਲੇ ਵਿਚ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਅਤੇ ਹੋਰ ਵੀ ਲੋਕਾਂ ਦੇ ਭਲੇ ਦਾ ਬਹੁਤ ਕੁਝ ਕੀਤਾ, ਪਰ ਅਫਸੋਸ ! ਐਨੀਆਂ ਪ੍ਰਾਪਤੀਆਂ ਦੇ ਬਾਵਜੂਦ ਅਕਲ ਦੇ ਅੰਨਿਆਂ ਨੂੰ ਸਿਰਫ ਉਸਦੀ ਜਾਤ ਹੀ ਨਜ਼ਰ ਆਈ, ਇਥੋਂ ਇਹ ਲੱਗਦਾ ਕਿ ਸੈਂਕੜੇ ਸਾਲਾਂ ਦੀ ਗੁਲਾਮੀ ਨੇ ਸਾਨੂੰ ਮਾਨਸਿਕ ਗੁਲਾਮ ਬਣਾ ਦਿੱਤਾ, ਅੱਜ ਵੀ ਬਹੁਤਿਆਂ ਨੂੰ ਰਾਜਿਆਂ ਦੇ ਤਲਵੇ ਚੱਟਣਾ ਚੰਗਾ ਲੱਗਦਾ ਇਸੇ ਕਰਕੇ ਉਨ੍ਹਾਂ ਦੇ ਖਾਨਦਾਨਾਂ ਦੀਆਂ ਔਲਾਦਾਂ ਨੂੰ ਹੀ ਰਾਜੇ ਵੇਖਣਾ ਪਸੰਦ ਕਰਦੇ ਨੇ “ਘਾਈ ਦੇ ਪੁੱਤ ਨੇ ਘਾਹ ਹੀ ਖੋਤਣਾ ਵਾਲੀ ਬਕਵਾਸ ’ਤੇ ਮਾਇੰਡ ਸੈਂਟ (Mind Set) ਹੈ ਅਤੇ ਰਾਜਿਆਂ ਦੇ ਪੁੱਤਾਂ ਨੇ ਹੀ ਰਾਜੇ ਬਣਨਾ ਹੈ। ਜਦ ਕਿ ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਵਿਚ ਬੋਲਦਿਆਂ ਕਿਹਾ ਸੀ-ਅੱਜ ਤੋਂ (26 ਜਨਵਰੀ, 1950) ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਸਦੀਆਂ ਤੋਂ ਸਤਾਏ ਕਰੋੜਾਂ ਦੱਬੇ ਕੁਚਲੇ ਲੋਕਾਂ ਨੂੰ ਸੰਵਿਧਾਨ ਰਾਹੀਂ ਵੋਟ ਦਾ ਅਧਿਕਾਰ ਦੇ ਕੇ ਮੈਂ ਰਾਣੀਆਂ ਦੇ ਪੇਟਾਂ ਚੋਂ ਰਾਜੇ ਜੰਮਣੇ ਬੰਦ ਕਰ ਦਿੱਤੇ। ਹੁਣ ਰਾਜੇ ਮੱਤ ਪੇਟੀਆਂ ਵਿਚ ਜੰਮਿਆ ਕਰਨਗੇ ਅਤੇ ਜਮਾਓਗੇ ਤੁਸੀਂ ।
ਲੋਕਾਂ ਵਲੋਂ ਲੋਕਾਂ ਦੀ, ਲੋਕਾਂ ਲਈ ਚੁਣੀ ਹੋਈ ਸਰਕਾਰ ਭਾਰਤੀ ਲੋਕਤੰਤਰ ਦੀ ਬੁਨਿਆਦ ਹੈ, ਇਹੀ ਲੋਕਤੰਤਰ ਦੀ ਸਭ ਤੋਂ ਵੱਡੀ ਖੂਬੀ ਹੈ। ਅੱਜ ਦਲਿਤ ਕਹੇ ਜਾਣ ਵਾਲੇ ਵਰਗ ਦੇ ਇਕ ਨੁਮਾਇੰਦੇ ਨੂੰ ਮੁੱਖਮੰਤਰੀ ਬਣਾ ਕੇ ਡਾ. ਅੰਬੇਡਕਰ ਵਲੋਂ ਬਣਾਏ ਗਏ ਲੋਕਤੰਤਰ ਪ੍ਰਣਾਲੀ ਦੀ ਜਿੱਤ ਹੈ, ਜਿਸ ਵਰਗ ਨੂੰ ਭਾਰਤੀ ਲੋਕਤੰਤਰ ਵਿਚ ਹਿੱਸੇਦਾਰੀ (ਪੰਜਾਬ ਵਿਚ) 75 ਸਾਲ ਬਾਅਦ ਮਿਲੀ ਹੈ, ਉਸ ਵਰਗ ਦਾ ਖੁਸ਼ ਹੋਣਾ ਸੁਭਾਵਿਕ ਹੈ। ਇਥੇ ਇਹ ਵੀ ਯਾਦ ਰੱਖਣਾ ਬਣਦਾ ਹੈ। ਡਾ. ਅੰਬੇਡਕਰ ਲਿਖਦੇ ਹਨ-“ਸਿਆਸੀ ਪਾਰਟੀਆਂ ਵਲੋਂ ਸਾਡੇ ਸਮਾਜ ਦੇ ਲੋਕਾਂ ਨੂੰ ਰੁਤਬਾ ਤਾਂ ਮਿਲਦਾ ਹੈ ਪਰ ਤਾਕਤ ਨਹੀਂ। ਪਰ ਦੇਸ਼ ਦੇ ਸੰਵਿਧਾਨ ਦੀ ਖਾਸੀਅਤ ਹੈ ਕਿ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਇਕ ਨਜ਼ਰ ਨਾਲ ਦੇਖਦਾ ਹੈ। ਵਿਰੋਧ ਕਰਨ ਵਾਲਿਆਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਕਿ ਅੱਜ ਦੇਸ਼ ਤੁਹਾਡੀ ਮਨੂੰ ਸਮਰਿਤੀ ਨਾਲ ਨਹੀਂ ਚੱਲਦਾ, ਜਿਸ ਵਿਚ ਵਰਣ ਵਿਵਸਥਾ, ਨਾ-ਬਰਾਬਤਾ, ਊਚ-ਨੀਚ, ਔਰਤ ਦਾ ਅਪਮਾਨ, ਬੁਨਿਆਦੀ ਤੱਤਾਂ ਵਜੋਂ ਦਰਜ ਹੈ। ਲੇਕਿਨ ਸੰਵਿਧਾਨ ਦੇ ਆਰਟੀਕਲ-13 ਨੇ ਉਹ ਸਭ ਧਰਮ ਗ੍ਰੰਥ ਜੋ ਮਨੁੱਖ ਅਤੇ ਮਨੁੱਖ ਵਿਚ ਪਾੜ ਪਾਉਂਦੇ ਹਨ ਜ਼ੀਰੋ ਕਰਾਰ ਦਿੱਤੇ ਹਨ। ਜੇਕਰ ਸੰਵਿਧਾਨ ’ਤੇ ਪੂਰੀ ਇਮਾਨਦਾਰੀ ਨਾਲ ਪਿਛਲੇ 71 ਸਾਲਾਂ ਤੋਂ ਅਮਲ ਕੀਤਾ ਹੁੰਦਾ ਤਾਂ ਇਹ ਧਰਮ ਗ੍ਰੰਥ ਅਸਲ ਵਿਚ ਜ਼ੀਰੋ ਹੋਣੇ ਸਨ। ਲੇਕਿਨ ਸਰਕਾਰਾਂ ਨੂੰ ਚਲਾਉਣ ਵਾਲੇ ਲੋਕਾਂ ਵਿਚ ਬਹੁ-ਗਿਣਤੀ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਸਨ ਅਤੇ ਹਨ।
ਅੱਜ ਪੰਜਾਬ ਦੇ ਨਵੇਂ ਬਣੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਰੋਧ ਦਾ ਵੀ ਅਸਲ ਕਾਰਣ ਇਹੀ ਹੈ ਕਿ ਵਿਰੋਧੀ ਮਾਨਵਤਾਵਾਦੀ ਨਹੀਂ ਹਨ, ਪਰ ਮੈਂ ਨਿੱਜੀ ਤੌਰ ‘ਤੇ ਅੱਜ ਗੁਰੂ ਨਾਨਕ ਦੇਵ ਜੀ ਦੇ ਮਾਨਵਤਾਵਾਦੀ ਸਿਧਾਂਤ ਨੂੰ ਜਿੱਤ ਦੇ ਰੂਪ ਵਿਚ ਦੇਖਦਾ ਹਾਂ ਕਿ ਕਿਉਂਕਿ ਉਨ੍ਹਾਂ ਬੜਾ ਸਪਸ਼ਟ ਲਿਖਿਆ ਹੈ-“ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ਨਾਨਕ ਤਿਨ ਕੇ ਸੰਗ ਸਾਥ ਵਡਿਆਂ ਸੋ ਕਿਆ ਰੀਸ॥ ਲੋਕਤੰਤਰ ਦੇ ਇਕੋ ਝਟਕੇ ਨੇ “ਮਲਿਕ ਭਾਗੋ’ ਨੂੰ ਗੱਦਿਉਂ ਲਾਹ ਦਿੱਤਾ ਅਤੇ ਗਰੀਬ ‘ਭਾਈ ਲਾਲੋ ਨੂੰ ਤਖਤ ਤੇ ਬਿਠਾ ਦਿੱਤਾ ਇਹ ਘਟਨਾਕ੍ਰਮ ਚਾਹੇ ਸਿਆਸੀ ਹੈ, ਪਰ ਫਿਰ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫ਼ੇ ਦੀ ਜਿੱਤ ਹੈ ਕਿ ਇਹ ਸਮਾਜਿਕ ਪਰਿਵਰਤਨ ਦਾ ਸ਼ੁੱਭ ਸੰਕੇਤ ਨਹੀ? ਇਸਨੂੰ ਸਿਰਫ ਰਾਜਨੀਤਕ ਦ੍ਰਿਸ਼ਟੀਕੋਨ ਤੋਂ ਹੀ ਨਹੀਂ ਦੇਖਣਾ ਚਾਹੀਦਾ। ਇਸ ਘਟਨਾ ਦਾ ਭਵਿੱਖ ਵਿਚ ਸਮਾਜਿਕ, ਰਾਜਨੀਤਕ ਖੇਤਰ ਵਿਚ ਬੜਾ ਡੂੰਘਾ ਅਸਰ ਦੇਖਣ ਨੂੰ ਮਿਲੇਗਾ, ਜਿਹੜੇ ਲੋਕ 1925 ਤੋਂ ਦੇਸ਼ ਨਾਲ ਗਦਾਰੀ ਕਰਕੇ ਸੰਵਿਧਾਨ ਬਨਣ ਤੋਂ ਲੈ ਕੇ ਅੱਜ ਤੱਕ ਉਸਦਾ ਵਿਰੋਧ ਕਰ ਰਹੇ ਨੇ ਇਹ ਸੰਵਿਧਾਨ ਪ੍ਰਤੀ ਵਫਾਦਾਰੀ ਅਤੇ ਲੋਕਤੰਤਰ ਵੱਲ ਵੱਧਦਾ ਇਕ ਮਜ਼ਬੂਤ ਕਦਮ ਹੈ। ਜਿਹੜੇ ਲੋਕ ਕਦੇ ਵੋਟ ਪਾਉਣ ਦੇ ਅਧਿਕਾਰ ਤੋਂ ਵੀ ਵਾਂਝੇ ਸਨ। ਅੱਜ ਸੰਵਿਧਾਨ ਕਰਕੇ ਵੱਡੇ ਤੋਂ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਨੇ ਅੱਜ ਦੇਸ਼ ਦੇ ਗਰੀਬ ਵਰਗ ਵਿਚ ਵੱਧ ਰਹੀ ਸਿਆਸੀ ਚੇਤਨਾ ਇਨ੍ਹਾਂ ਲੋਕਾਂ ਲਈ ਖਤਰੇ ਦੀ ਘੰਟੀ ਹੈ।
ਕੁਝ ਸਿਆਸੀ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਵਿਚ ਖਾਸ ਕਰ ਦੁਆਬੇ ਵਿਚ ਦਲਿਤ ਲੋਕਾਂ ਦੀ ਸਿਆਸੀ ਸਮਝ ਬਾਕੀ ਦੇਸ਼ ਦੇ ਮੁਕਾਬਲੇ ਵੱਧ ਹੈ। ਇਹ ਗੱਲ ਬਿਲਕੁੱਲ ਠੀਕ ਹੈ, ਪਰ ਇਸ ਪਿਛੇ ਵੱਡੇ ਕਾਰਨ ਨੇ ਇਕ ਤਾਂ ਇਸ ਖਿਤੇ ਵਿਚ 42 ਫੀਸਦੀ ਦਲਿਤ ਆਬਾਦੀ ਹੈ, ਜੋ ਪੂਰੇ ਭਾਰਤ ਵਿਚ ਸਭ ਤੋਂ ਵੱਧ ਦਲਿਤ ਆਬਾਦੀ ਵਾਲਾ ਖੇਤਰ ਹੈ। ਦੂਸਰਾ ਦੁਆਬੇ ਦੇ ਲੋਕ ਬਾਕੀ ਦੇਸ਼ ਦੇ ਦਲਿਤਾਂ ਦੇ ਮੁਕਾਬਲੇ ਆਰਥਿਕ ਤੌਰ ‘ਤੇ ਖੁਸ਼ਹਾਲ ਹਨ ਅਤੇ ਸਭ ਤੋਂ ਵੱਡਾ ਕਾਰਨ ਦੁਆਬੇ ਵਿਚ ਪਿਛਲੇ 100 ਸਾਲ ਤੋਂ ਸਿਆਸੀ ਸਰਗਰਮੀਆਂ ਦੇ ਉਤਰਾਅ-ਚੜਾਅ ਲੋਕਾਂ ਨੇ ਹੰਢਾਏ ਅਤੇ ਦੇਖੇ ਹਨ। ਮਿਸਾਲ ਵਲੋਂ 1928 ਵਿਚ ਬਾਬੂ ਮੰਗੂ ਰਾਮ ਐਮ.ਏ. (ਬਾਨੀ ਆਦਿ ਧਰਮ ਮੰਡਲ ਹੁਸ਼ਿਆਰਪੁਰ ਸਾਈਮਨ ਕਮਿਸ਼ਨ ਨੂੰ ਆਪਣੇ ਸਮਾਜ ਦੀਆਂ ਦੁੱਖ ਤਕਲੀਫਾਂ ਦਾ ਮੰਗ-ਪੱਤਰ ਦਿੰਦੇ ਹਨ। 1936 ਵਿਚ ਡਾ. ਅੰਬੇਡਕਰ ਸਿੱਖਾਂ ਦੇ ਸੱਦੇ ‘ਤੇ ਅਤੇ ਅਕਤੂਬਰ, 1951 ਵਿਚ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਖੇ ਲੱਖਾਂ ਲੋਕਾਂ ਨੂੰ ਸੰਬੋਧਨ ਕਰਦੇ ਹਨ। 1937 ਵਿਚ ਸੇਠ ਕਿਸ਼ਨ ਦਾਸ ਸ਼ਡਿਊਲਡ ਕਾਸਟ ਫੈਡਰੇਸ਼ਨ ਵਲੋਂ ਐਮ.ਐਲ.ਏ. ਬਣਦੇ ਹਨ। 1964 ਵਿਚ ਲਾਹੌਰੀ ਰਾਮ ਬਾਲੀ ਜੀ ਦੀ ਰਹਿਨੁਮਈ ਵਿਚ ਸਤਿਆਗ੍ਰਹਿ (ਜੇਲ ਭਰੋ ਅੰਦੋਲਨ) ਚਲਾਇਆ ਜਾਂਦਾ ਹੈ ਜੋ 70 ਦਿਨ ਚੱਲਿਆ। ਇਸ ਅੰਦੋਲਨ ਵਿਚ ਰਿਪਬਲਿਕਨ ਪਾਰਟੀ ਆਫ ਇੰਡੀਆ ਵਲੋਂ 5 ਲੱਖ ਸਤਿਆਗ੍ਰਹਿਆਂ ਨੂੰ ਜੇਲ੍ਹਾਂ ਵਿਚ ਭੇਜਿਆ ਗਿਆ। ਜਿਸ ਨਾਲ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਅਤੇ ਸਾਰੀਆਂ 14 ਮੰਗਾਂ ਮੰਨ ਲਈਆਂ ਗਈਆਂ। ਇਸ ਅੰਦੋਲਨ ਵਿਚ ਪੂਰੇ ਦੇਸ਼ ਵਿਚ 14 ਸਤਿਆਗ੍ਰਹਿ ਸ਼ਹੀਦ ਹੋਏ, ਜਿਸ ਵਿਚ ਇਕ ਜਲੰਧਰ ਦਾ ਰਾਮ ਪ੍ਰਕਾਸ਼ ਵੀ ਸੀ ਅਤੇ 14 ਅਪ੍ਰੈਲ, 1984 ਨੂੰ ਜਲੰਧਰ ਵਿਖੇ ਬਾਬੂ ਕਾਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ। 1996 ਵਿਚ ਉਹ ਹੁਸ਼ਿਆਰਪੁਰ ਦੀ ਰਾਖਵੀਂ ਲੋਕ ਸਭਾ ਸੀਟ ਤੋਂ ਲੋਕ ਸਭਾ ਮੈਂਬਰ ਬਣੇ ਅਤੇ ਸਾਰੀ ਉਮਰ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਕਰ ਦਿੱਤੀ। ਇਹ ਹੈ ਦੁਆਬੇ ਦਾ ਸੰਖੇਪ ਜਿਹਾ ਇਤਿਹਾਸ। ਇਸ ਤੋਂ ਇਲਾਵਾ ਹੋਰ ਬਹੁਤ ਕੁਝ ਜਿਸਦਾ ਜ਼ਿਕਰ ਕਰਨਾ ਸੰਭਵ ਨਹੀਂ। ਇਸ ਤਰ੍ਹਾਂ ਸਾਡੇ ਸਮਾਜ ਦੇ ਇਨ੍ਹਾਂ ਮਹਾਨ ਪੁਰਖਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਇਸ ਸਮਾਜ ਵਿਚ ਚੇਤਨਾ ਆਈ ਹੈ। ਇਸ ਲਈ ਜਿਹੜੇ ਵੀ ਲੋਕ ਮੁੱਖਮੰਤਰੀ ਚੰਨੀ ਦਾ ਸਿਰਫ ਜਾਤ ਕਰਕੇ ਹੀ ਵਿਰੋਧ ਕਰਦੇ ਨੇ, ਉਹ ਇਸ ਇਤਿਹਾਸ ਤੋਂ ਬਿਲਕੁੱਲ ਵਾਕਿਫ ਨਹੀਂ।ਸਾਡੇ ਸਮਾਜ ਵਲੋਂ ਇਸ ਸਿਆਸੀ ਬਦਲ ਨੂੰ ਸਮਾਜਿਕ ਬਦਲ ਵਜੋਂ ਦੇਖਿਆ ਜਾ ਰਿਹਾ, ਨਵੀਂ ਪੀੜ੍ਹੀ ਇਸਨੂੰ ਸਿਆਸੀ ਹਿੱਸੇਦਾਰੀ ਵਜੋਂ ਦੇਖਦੀ ਹੈ ਅਤੇ ਬੁੱਧੀਜੀਵੀ ਇਸਨੂੰ 5000 ਸਾਲ ਦੇ ਜਖ਼ਮਾਂ ਤੇ ਮਲ੍ਹਮ ਵਜੋਂ ਸਵੀਕਾਰਦਾ ਹੈ। ਇਸ ਲਈ ਆਓ, ਸਾਰੇ ਇਸ ਬਦਲ ਨੂੰ ਖਿੜੇ ਮੱਥੇ ਸਵੀਕਾਰ ਕਰੀਏ, ਕਿਉਂਕਿ ਸਾਡੇ ਲਈ ਇਹ ਇਤਿਹਾਸਿਕ ਪਲ ਹੈ।
-ਵਰਿਆਣਾ, ਜਲੰਧਰ ਮੋਬਾਇਲ 94640-66955