ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡੀ.ਐਨ. ਕੋਟਨੀਸ ਐਕਯੂਪੰਕਚਰ ਹਸਪਤਾਲ ਦਾ ਗੋਲਡਨ ਜੁਬਲੀ ਸਮਾਰੋਹ 15 ਨਵੰਬਰ ਨੂੰ ਹੋਵੇਗਾ। ਚੀਨ ਤੋਂ ਤਿੰਨ ਮੈਂਬਰੀ ਉੱਚ ਪੱਧਰੀ ਸ਼ਿਸ਼ਟ ਮੰਡਲ ਦੇ ਆਉਣ ਦੀ ਉਮੀਦ ਹੈ ਅਤੇ ਐਕਯੂਪੰਕਚਰ ਉੱਤੇ ਟ੍ਰੇਨਿੰਗ ਤੇ ਰਿਸਰਚ ਸੈਂਟਰ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਲੁਧਿਆਣਾ ਵਿਖੇ ਹਿੰਦ-ਚੀਨ ਦੋਸਤੀ ਦੇ ਪ੍ਰਤੀਕ ਡਾ: ਦੁਆਰਕਾ ਨਾਥ ਕੋਟਨੀਸ ਦੀ ਯਾਦ ਵਿੱਚ ਸਥਾਪਿਤ ਤੇ ਪਿਛਲੇ 50 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਿਹਾ ਡਾ: ਡੀ.ਐਨ. ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਦੀ ਗੋਲਡਨ ਜੁਬਲੀ ਦੇ ਮੌਕੇ ‘ਤੇ 15 ਨਵੰਬਰ ਨੂੰ ਦੁਗਰੀ ਰੋਡ ‘ਤੇ ਵਿਸ਼ਾਲ ਸਮਾਰੋਹ ਕਰਾਇਆ ਜਾ ਰਿਹਾ ਹੈ। ਇਸ ਸੰਬੰਧੀ ਹਸਪਤਾਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸੀਨੀਅਰ ਵਾਈਸ ਪ੍ਰਧਾਨ ਐਡਵੋਕੇਟ ਕੇ.ਆਰ. ਸੀਕਰੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਖਾਸ ਤੌਰ ਤੇ ਐਮ.ਐਲ.ਏ. ਮਦਨ ਲਾਲ ਬੱਗਾ ਦੇ ਪੁੱਤਰ ਤੇ ਪਾਰਸ਼ਦ ਅਮਨ ਬੱਗਾ ਵੀ ਮੌਜੂਦ ਸਨ। ਕਮੇਟੀ ਨੇ ਦੱਸਿਆ ਕਿ ਇਸ ਮੌਕੇ ਚੀਨ ਦੂਤਾਵਾਸ ਤੋਂ ਤਿੰਨ ਮੈਂਬਰੀ ਉੱਚ ਪੱਧਰੀ ਡੈਲੀਗੇਸ਼ਨ ਦੇ ਨਾਲ-ਨਾਲ ਵਿਧਾਇਕ ਤੇ ਹੋਰ ਰਾਜਨੀਤਿਕ ਵਿਅਕਤੀਆਂ ਦੀ ਹਾਜ਼ਰੀ ਹੋਵੇਗੀ। ਇਹ ਪ੍ਰੋਗਰਾਮ ਐਮ.ਐਲ.ਏ. ਮਦਨ ਲਾਲ ਬੱਗਾ ਦੀ ਰਹਿਨੁਮਾਈ ਹੇਠ ਹੋਵੇਗਾ। ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਪ੍ਰਭਾਵਸ਼ਾਲੀ, ਸਸਤੀ ਤੇ ਬਿਨਾਂ ਸਾਈਡ ਇਫੈਕਟ ਵਾਲੀ ਇਲਾਜ ਪ੍ਰਣਾਲੀ ਵਜੋਂ ਐਕਿਊਪੰਕਚਰ ਸਾਬਤ ਹੋਈ ਹੈ ਜੋ ਕਿ ਹਸਪਤਾਲ ਵੱਲੋਂ ਪਿਛਲੇ 50 ਸਾਲਾਂ ਤੋਂ ਮਰੀਜ਼ਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਮਹਾਸਚਿਵ ਸ੍ਰ: ਇਕਬਾਲ ਸਿੰਘ ਗਿੱਲ ਤੇ ਸੀਨੀਅਰ ਉਪ ਪ੍ਰਧਾਨ ਕੇ.ਆਰ. ਸੀਕਰੀ ਨੇ ਐਕਿਊਪੰਕਚਰ ਦੇ ਵਿਕਾਸ ਵਿੱਚ ਹਸਪਤਾਲ ਨੂੰ ਚੀਨ ਦੂਤਾਵਾਸ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਜਿੱਥੇ ਐਕਿਊਪੰਕਚਰ ਲੋੜਵੰਦ ਲੋਕਾਂ ਨੂੰ ਸਸਤਾ ਇਲਾਜ ਦੇ ਰਿਹਾ ਹੈ ਓਥੇ ਇੱਕ ਛੋਟੀ ਸੂਈ ਦੋ ਦੇਸ਼ਾਂ ਨੂੰ ਵੀ ਨੇੜੇ ਲਿਆਈ ਹੈ। ਜਗਦੀਸ਼ ਸਿਡਾਨਾ ਤੇ ਅਨੂਪ ਤਾਇਲ ਨੇ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹਿੰਗੀ ਐਲੋਪੈਥਿਕ ਪ੍ਰਣਾਲੀ ਦੀ ਥਾਂ ਪਰੰਪਰਾਗਤ ਇਲਾਜ ਪ੍ਰਣਾਲੀ ਐਕਿਊਪੰਕਚਰ ਨੂੰ ਪ੍ਰੋਤਸਾਹਿਤ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਵਿਚਕਾਰ ਯੋਗਾ ਤੇ ਐਕਿਊਪੰਕਚਰ ਨੂੰ ਇੱਕ ਦੂਜੇ ਦੇ ਦੇਸ਼ਾਂ ਵਿੱਚ ਵਧਾਵਾ ਦੇਣ ਲਈ ਸਹਿਮਤੀ ਵੀ ਹੋ ਚੁੱਕੀ ਹੈ। ਸ੍ਰ: ਇਕਬਾਲ ਸਿੰਘ ਗਿੱਲ ਤੇ ਸ੍ਰ: ਜਸਵੰਤ ਸਿੰਘ ਛਾਪਾ ਨੇ ਚੀਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਐਕਿਊਪੰਕਚਰ ਦੇ ਵਿਕਾਸ ਤੇ ਪ੍ਰਸਾਰ ਲਈ ਟ੍ਰੇਨਿੰਗ ਤੇ ਰਿਸਰਚ ਸੈਂਟਰ ਦੀ ਸਥਾਪਨਾ ਕਰੇ ਕਿਉਂਕਿ ਲੁਧਿਆਣਾ ਦੇ ਸਲੇਮ ਟਾਬਰੀ ਵਿਖੇ ਸਥਿਤ ਡਾ: ਡੀ.ਐਨ. ਕੋਟਨੀਸ ਹਸਪਤਾਲ ਕੋਲ ਪੂਰਾ ਢਾਂਚਾ ਮੌਜੂਦ ਹੈ ਅਤੇ ਇਸ ਸੰਬੰਧੀ ਪ੍ਰਸਤਾਵ ਚੀਨ ਦੂਤਾਵਾਸ ਰਾਹੀਂ ਭੇਜਿਆ ਜਾ ਸਕਦਾ ਹੈ। ਦੋਵੇਂ ਦੇਸ਼ ਆਪਸੀ ਸਹਿਮਤੀ ਨਾਲ ਇਸ ਯੋਜਨਾ ਨੂੰ ਸ਼ੁਰੂ ਕਰਨ ਤਾਂ ਜੋ ਭਾਰਤ ਦੇ ਲੋਕ ਇਲਾਜ ਅਤੇ ਸਿੱਖਿਆ ਦੋਵੇਂ ਪੱਖੋਂ ਲਾਭ ਪ੍ਰਾਪਤ ਕਰ ਸਕਣ। ਇਸ ਤੋਂ ਇਲਾਵਾ ਚੀਨ ਤੋਂ ਐਕਿਊਪੰਕਚਰ ਦੇ ਮਾਹਿਰ ਡਾਕਟਰ ਭੇਜੇ ਜਾਣ ਜੋ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ। ਦਿੱਲੀ ਤੋਂ ਆਏ ਡਾ: ਸੰਦੀਪ ਚੋਪੜਾ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਸਹਿਮਤੀ ਨਾਲ ਹਸਪਤਾਲ ਦੇ ਡਾਇਰੈਕਟਰ ਤੇ ਮੈਡੀਕਲ ਸੁਪਰਡੈਂਟ ਡਾ: ਇੰਦਰਜੀਤ ਸਿੰਘ ਨੂੰ ਉਨ੍ਹਾਂ ਦੀ ਐਕਿਊਪੰਕਚਰ ਪ੍ਰਤੀ 50 ਸਾਲ ਦੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕਮੇਟੀ ਮੈਂਬਰਾਂ ਨੇ ਵਿਧਾਇਕ ਮਦਨ ਲਾਲ ਬੱਗਾ ਤੋਂ ਅਪੀਲ ਕੀਤੀ ਕਿ ਪੱਛਮੀ ਬੰਗਾਲ ਤੇ ਮਹਾਂਰਾਸ਼ਟਰ ਦੀ ਤਰ੍ਹਾਂ ਪੰਜਾਬ ਵਿੱਚ ਵੀ ਐਕਿਊਪੰਕਚਰ ਨੂੰ ਸਰਕਾਰੀ ਮਾਨਤਾ ਦਿੱਤੀ ਜਾਵੇ ਤਾਂ ਜੋ ਇਲਾਜ ਦੇ ਨਾਲ-ਨਾਲ ਡਿਗਰੀ ਕਾਲਜ ਵੀ ਸ਼ੁਰੂ ਹੋ ਸਕਣ। ਇਸ ਮੌਕੇ ਹੋਰ ਮੈਂਬਰਾਂ ਵਿੱਚ ਹਰਿੰਦਰਪਾਲ ਸਿੰਘ, ਜਸਕਿਰਨ ਸਿੰਘ, ਅਸ਼ਵਨੀ ਵਰਮਾ, ਗੌਤਮ ਜਲੰਧਰੀ, ਚਰਨਜੀਤ ਸਿੰਘ ਮੱਕੜ, ਗਗਨ ਭਾਟੀਆ, ਡਾ: ਰਘਬੀਰ ਸਿੰਘ, ਤਰਸੇਮ ਲਾਲ, ਇੰਦਰਮੋਹਨ ਸਿੰਘ, ਬਲਬੀਰ ਚੰਦ, ਉਪਿੰਦਰ ਸਿੰਘ, ਤਜਿੰਦਰ ਪਾਲ ਸਿੰਘ, ਸੁਖਦੇਵ ਸਲੇਮਪੁਰੀ, ਕ੍ਰਿਸ਼ਨ ਮੋਹਨ, ਡਾ: ਬਲਜਿੰਦਰ ਸਿੰਘ ਤੇ ਸਚਦੇਵ ਗਿੱਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



