ਭੱਦੀ ਸ਼ਬਦਾਵਲੀ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)-ਮਾਵਾਂ ਭੈਣਾਂ ਦੀਆਂ ਗਾਲ੍ਹਾਂ ਪੰਜਾਬੀਆਂ ਦੀ ਜ਼ੁਬਾਨ ਉੱਤੇ ਇਸ ਤਰ੍ਹਾਂ ਹਨ ਜਿਵੇਂ ਰੱਬ ਹੁੰਦਾ। ਪਹਿਲਾਂ ਤਾਂ ਘਰਾਂ ਜਾਂ ਘਰਾਂ ਤੋਂ ਬਾਹਰ ਅਜਿਹੇ ਅਪਮਾਨਜਨਕ ਸ਼ਬਦ ਸੁਣਾਈ ਦਿੰਦੇ ਸੀ।

 ਪਰ ਹੁਣ ਸੋਸ਼ਲ ਮੀਡੀਆ ਉੱਤੇ ਕੋਈ ਪੋਸਟ ਖੋਲ੍ਹ ਕੇ ਦੇਖ ਲਓ ਅਜਿਹੇ ਸ਼ਬਦਾਂ ਦੀ ਭਰਮਾਰ ਹੋਵੇਗੀ। ਔਰਤਾਂ ਦੀਆਂ ਫੋਟੋਆਂ ਦੇ ਹੇਠਾਂ ਇੰਨੀ ਭੱਦੀ ਸ਼ਬਦਾਵਲੀ!
 ਅਜਿਹੇ ਅਪਮਾਨਜਨਕ ਸ਼ਬਦ ਬੋਲ ਕੇ ਲੋਕ ਆਪਣੇ ਆਪ ਨੂੰ ਪਤਾ ਨਹੀਂ ਕਿਹੜਾ ਨਾਇਕ ਸਮਝਦੇ ਲੈਂਦੇ ਨੇ। ਸ਼ਾਇਦ ਅਜਿਹੇ ਲੋਕ ਸੋਸ਼ਲ ਮੀਡੀਆ ਨੂੰ ਆਪਣੀ ਫ਼ਰੈੱਸਟ੍ਰੇਸ਼ਨ ਕੱਢਣ ਦਾ ਮਾਧਿਅਮ ਸਮਝਦੇ ਨੇ। ਅਜਿਹੇ ਅਪ ਸ਼ਬਦ ਪੰਜਾਬੀ ਭਾਸ਼ਾ ਨੂੰ ਗੰਦਾ ਕਰ ਰਹੇ ਨੇ। ਦੁਨੀਆਂ ਵਿੱਚ ਪੰਜਾਬੀਅਤ ਦਾ ਜਨਾਜ਼ਾ ਕੱਢ ਰਹੇ ਨੇ। ਕਿਸੇ ਅਭਿਨੇਤਰੀ ਦੀ ਫੋਟੋ ਦੇ ਹੇਠਾਂ ਕੁਮੈਂਟ ਦੇਖ ਸ਼ਰਮਿੰਦਾ ਹੋ ਜਾਂਦੀ ਹਾਂ ਕਿ ਇਹ ਸਾਡੇ ਹੀ ਲੋਕ ਨੇ। ਕਿੰਨੇ ਅਸੱਭਿਅਕ ਨੇ? ਅਸਲ ਵਿੱਚ ਇਹ ਲੋਕ ਮਾਨਸਿਕ ਰੋਗੀ ਨੇ। ਜੋ ਜ਼ਿੰਦਗੀ ਵਿੱਚ ਖ਼ੁਦ ਕੁਝ ਨਹੀਂ ਕਰ ਪਾਉਂਦੇ ਅਤੇ ਅਜਿਹਾ ਵਿਵਹਾਰ ਕਰਕੇ ਆਪਣੀ ਮਾਨਸਿਕ ਤ੍ਰਿਪਤੀ ਕਰਦੇ ਨੇ।
ਨੌਜਵਾਨ ਪੀੜੀ ਦਾ ਬੇੜਾ ਗਰਕ ਹੈ। ਇਸ ਵਿੱਚ ਜਾਂ ਮਾਪਿਆਂ ਦੀ ਕਮੀ ਹੈ ਜਾਂ ਅਧਿਆਪਕਾਂ ਦੀ, ਜੋ ਚੰਗੇ ਸਕੂਲਾਂ ਵਿੱਚ ਪੜ੍ਹ ਕੇ ਵੀ ਇੰਨ੍ਹੇਂ ਅਸੱਭਿਅਕ ਹਨ।
       ਕੁਝ ਦਿਨ ਪਹਿਲਾਂ ਮੈਂ ਜਾ ਰਹੀ ਸੀ ਪਿੱਛੇ ਕੁਝ ਨੌਜਵਾਨਾਂ ਦੀ ਆਵਾਜ਼ ਮੇਰੇ ਕੰਨ੍ਹੀਂ ਪਈ। ਜਿਸ ਵਿੱਚ ਓਹੀ ਮਾਵਾਂ-ਭੈਣਾਂ ਦੀਆਂ ਗਾਲ੍ਹਾਂ। ਪਹਿਲਾਂ ਮੈਂ ਸੋਚਿਆ ਕਿ ਦਫ਼ਾ ਕਰ ਮੈਂ ਕਿ ਲੈਣਾ । ਪਰ ਆਤਮਾ ਨਹੀਂ ਮੰਨੀ ਸੋ ਮੈਂ ਰੁਕ ਗਈ। ਨੌਜਵਾਨਾਂ ਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ, ਕਹਿੰਦੇ ਜੀ ਅਸੀ ਬੀ.ਐੱਡ ਕਰ ਰਹੇ ਹਾਂ। ਮੈਂ ਕਿਹਾ ਤੁਹਾਡੇ ਮੂੰਹੋਂ ਅਧਿਆਪਕ ਸ਼ਬਦ ਸੁਣ ਕੇ ਮੈਨੂੰ ਸ਼ਰਮ ਆ ਰਹੀ ਹੈ। ਸਾਰਿਆਂ ਨੇ ਨੀਵੀਂ ਪਾ ਲਈ ਤੇ ਮਾਫ਼ੀ ਮੰਗਣ ਲੱਗੇ।
ਕੱਲ੍ਹ ਸਕੂਲ ਦੇ ਚਾਰ-ਪੰਜ ਵਿਦਿਆਰਥੀ ਮਿਲੇ। ਜਿਨ੍ਹਾਂ ਦੀ ਉਮਰ 15-16 ਸਾਲ ਸੀ। ਉਹਨਾਂ ਦੀ ਜ਼ੁਬਾਨ ਉੱਤੇ ਵੀ ਮਾਂਵਾਂ-ਭੈਣਾਂ ਦੀਆਂ ਗਾਲ੍ਹਾਂ ਸੁਣ ਮੈਂ ਰੁਕ ਗਈ। ਮੈਂ ਤਾੜੀਆਂ ਮਾਰੀਆਂ ਹੱਸੀ ਤੇ ਕਿਹਾ ਇਕ ਵਾਰੀ ਫੇਰ ਉਹੀ ਗਾਲ੍ਹ ਕੱਢੋ। ਸੱਭ ਨੇ ਨੀਵੀਂ ਪਾ ਲਈ।
ਮੈਂ ਪੁੱਛਿਆ ਮਨੀਪੁਰ ਵਿੱਚ ਕੀ ਹੋਇਆ ਕੁੱਝ ਪਤਾ?
  ਇੱਕ ਨੂੰ ਛੱਡ ਕੇ ਕਿਸੇ ਨੂੰ ਕੁਝ ਨਹੀਂ ਪਤਾ ਸੀ। ਮੈਂ ਕਿਹਾ ਉੱਥੇ ਤਾਂ ਔਰਤਾਂ ਨੂੰ ਨਿਰਵਸਤਰ ਕੀਤਾ ਤੇ ਤੁਸੀਂ ਹਰ ਰੋਜ਼ ਆਪਣੀ ਜ਼ੁਬਾਨ ਉੱਤੇ ਆਪਣੀਆਂ ਹੀ ਮਾਂਵਾਂ-ਭੈਣਾਂ ਨੂੰ ਨਿਰਵਸਤਰ ਕਰਦੇ ਹੋ।
ਅੱਜ ਘਰ ਤੋਂ ਬਾਹਰ ਸਮਾਜ ਵਿੱਚ ਵਿਚਰਦਿਆਂ ਹਰ ਰੋਜ਼ ਅਜਿਹੇ ਸ਼ਬਦ ਮੱਲੋ-ਮੱਲੀ ਕੰਨ੍ਹਾਂ ਵਿੱਚ ਆ ਵੱਜਦੇ ਨੇ। ਬਸ ਸੁਣਨ ਵਾਲਾ ਹੀ ਸ਼ਰਮਿੰਦਾ ਅਤੇ ਬੇਵੱਸ ਜਿਹਾ ਹੋ ਨੀਵੀਂ ਪਾ ਅੱਗੇ ਲੰਘ ਜਾਂਦਾ।
  ਅਸਲ ਵਿੱਚ ਅਜਿਹੀ ਮਾਨਸਿਕਤਾ ਵਾਲੇ ਲੋਕ ਸੋਚਦੇ ਨੇ ਕਿ ਅਜਿਹਾ ਕਰਕੇ ਉਹ ਸਮਾਜ ਵਿੱਚ ਅਲੱਗ ਦਿਖਣਗੇ। ਅਜਿਹੀਆਂ ਗਾਲ੍ਹਾਂ ਕੱਢ ਕੇ ਉਹ ਆਪਣੇ ਆਪ ਨੂੰ ਪੂਰਾ ਮਰਦ ਸਮਝਦੇ ਨੇ। ਪਰੰਤੂ ਇਹ ਇਕ ਮਾਨਸਿਕ ਬਿਮਾਰੀ ਹੈ। ਊਣਾ ਇਨਸਾਨ ਹੀ ਅਜਿਹਾ ਕਰਕੇ ਆਪਣੀ ਮਾਨਸਿਕਤਾ ਨੂੰ ਸੰਤੁਸ਼ਟ ਕਰਦਾ ਹੈ।
ਵਿਰਕ ਪੁਸ਼ਪਿੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਦਾ ਅੰਤ, ਖੇਤੀਬਾੜੀ ਦਾ ਅੰਤ ਦਾ ਅਰਥ ਹੈ ਮਨੁੱਖੀ ਭੋਜਨ ਦਾ ਅੰਤ
Next articleਗ਼ਜ਼ਲ