ਅੱਜ-ਕੱਲ

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)-ਬੁਢਾਪੇ ਦੀ ਦਹਿਲੀਜ਼ ਤੇ ਖੜਾ ਮਲੂਕ ਸਿੰਘ ਪਟਿਆਲੇ ਦੀ ਬਾਰਾਦਰੀ ਮਾਰਕੀਟ ਵਿੱਚ ਸਥਿੱਤ ਇੰਸੀਚਿਊਟਾਂ ਵਿੱਚ ਸਵੇਰ ਦਾ ਚੱਕਰ ਲਾ ਰਿਹਾ ਸੀ।ਉਸਨੂੰ ਇਹ ਅਦਾਰੇ ਦੁਕਾਨਾਂ ਹੀ ਪ੍ਰਤੀਤ ਹੋ ਰਹੀਆਂ ਸਨ। ਜਿੱਥੇ ਦੁਕਾਨਦਾਰ ਸਮਾਨ ਵੇਚਣ ਦੇ ਨਵੇਂ-ਨਵੇਂ ਤਰੀਕੇ ਅਪਣਾ ਕੇ ਗਾਹਕਾਂ ਨੂੰ ਭਰਮਾਉਂਦੇ ਹਨ।ਕਦੇ ਇਕ ਦੁਕਾਨ ਕਦੇ ਦੂਜੀ ਦੁਕਾਨ ਤੇ ਜਾਂਦਿਆਂ ਪੋੜੀਆਂ ਚੜਦੇ-ਉਤਰਦੇ ਮਲੂਕ ਸਿੰਘ ਥੱਕ ਵੀ ਗਿਆ ਸੀ। ਥੱਕੇ-ਹਾਰੇ ਮਲੂਕ ਸਿੰਘ ਨੇ ਕੁਲਚੇ ਦੀ ਰੇਹੜੀ ਵਾਲੇ ਨੂੰ ਕੁਲਚਾ ਬਣਾਉਂਣ ਲਈ ਕਿਹਾ ਹੀ ਸੀ ਕਿ ਉਸਦੇ ਕੰਨਾਂ ਵਿੱਚ ਅੰਗਰੇਜੀ ਭਾਸ਼ਾ ਦੇ ਬੋਲ ਪਏ ਜੋ ਕਿ ਉਸ ਕੋਲ ਖੜ੍ਹੇ ਮੁੰਡੇ ਕੁੜੀਆਂ ਆਪਸ ਵਿੱਚ ਬੋਲਣ ਵੇਲੇ ਵਰਤ ਰਹੇ ਸਨ। ਮਲੂਕ ਸਿੰਘ ਦੇ ਚਿਹਰੇ ਤੇ ਖ਼ੁਸ਼ੀ ਆ ਗਈ। ਉਸਨੇ ਉਹਨਾਂ ਕੁੜੀ-ਮੁੰਡਿਆਂ ਨਾਲ ਗੱਲ ਕਰਨੀ ਚਾਹੀ ਪਰ ਉਸ ਦੀ ਵੇਸ਼-ਭੂਸ਼ਾ ਵੇਖ ਕੇ ਉਹਨਾਂ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਨੇ ਉਸ ਵੱਲ ਗਲਿਆਨੀ ਜਹੀ ਨਜ਼ਰ ਨਾਲ਼ ਵੇਖਿਆ ਤੇ ਉਸ ਕੋਲੋਂ ਪਾਸਾ ਵੱਟ ਲਿਆ।ਮਲੂਕ ਸਿੰਘ ਬਹੁਤ ਮਾਯੂਸੀ ਮਹਿਸੂਸ ਕਰ ਰਿਹਾ ਸੀ ਕਿ ਅੱਜ ਕੱਲ ਚੰਗੇ ਮਹਿੰਗੇ ਕਪੜ੍ਹੇ ਪਹਿਨਣ ਵਾਲੇ ਦੀ ਹੀ ਇੱਜਤ ਹੈ, ਸਾਧਾਰਣ ਕਪੜ੍ਹੇ ਪਾਇਆਂ ਨਾਲ ਤਾਂ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਇਹੋ ਜਿਹਾ ਸਲੂਕ ਹੀ ਕਰਦੇ ਹਨ।ਉਹਨਾਂ ਵੱਲ ਵੇਖ ਆਪਣੇ ਬਚਪਨ ਨੂੰ ਯਾਦ ਕਰਦਿਆਂ ਉਹ ਸੋਚਾਂ ਵਿੱਚ ਖੋ ਗਿਆ ਕਿ ਉਹ ਵੀ ਪਿੰਡੋਂ ਪੰਜ ਕਿਲੋਮੀਟਰ ਦੂਰ ਤੁਰ ਕੇ ਸਕੂਲ ਜਾਂਦਾ ਹੁੰਦਾ ਸੀ ਅਤੇ ਰਾਹ ਵਿੱਚ ਤੁਰੇ ਜਾਂਦੇ ਬਜ਼ੁਰਗ ਉਹਨਾਂ ਨਾਲ ਬਾਤਾਂ ਪਾਉਂਦੇ ਜਾਂਦੇ ।ਉਹ ਵੀ ਸਮਾਂ ਸੀ, ਉਹ ਵੀ ਲੋਕ ਸਨ। ਉੱਥੇ ਉਸਨੇ ਪੂਰੀਆਂ ਪੰਜ ਜਮਾਤਾਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ ਸਨ।

ਗੁਰਮੁਖੀ ਉਸਦਾ ਮਨ-ਪਸੰਦ ਵਿਸ਼ਾ ਸੀ ਜਿਸ ਤੋਂ ਅੱਜ ਦੇ ਲੋਕ ਖਾਸ ਕਰ ਮਾ-ਬਾਪ ਅਪਣੇ ਬੱਚਿਆਂ ਨੂੰ ਦੂਰ ਹੀ ਰੱਖਣਾ ਚਾਹੁੰਦੇ ਹਨ (ਜਿਵੇਂ ਉਸਨੇ ਵੀ ਕੀਤਾ ਸੀ)। ਫਿਰ ਕੰਮ ਦੀ ਭਾਲ ਵਿੱਚ ਮਲੂਕ ਸਿੰਘਦਾ ਸਾਰਾ ਪਰਿਵਾਰ ਪਿੰਡ ਛੱਡ ਕੇ ਸ਼ਹਿਰ ਦੇ ਨਾਲ ਲੱਗਦੀ ਬਸਤੀ ਵਿੱਚ ਕਿਰਾਏ ਦਾ ਮਕਾਨ ਲੈਕੇ ਰਹਿਣ ਲੱਗਾ, ਜਿੱਥੇ ਮਲੂਕ ਸਿੰਘ ਨੂੰ ਵੀ ਅੱਗੇ ਪੜ੍ਹਨ ਦਾ ਮੌਕਾ ਨਾ ਮਿਲਿਆ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਕੰਮ ਤੇ ਲਵਾ ਦਿੱਤਾ ਸੀ। ਇਸ ਗੱਲ ਪਾਸਿਓ ਮਲੂਕ ਸਿੰਘ ਦਾ ਧਿਆਨ ਉਦੋਂ ਟੁੱਟਿਆ ਜਦ ਕੁਲਚੇ ਵਾਲੇ ਨੇ ਉਸਦੇ ਹੱਥ ਵਿੱਚ ਗਰਮ ਕੁਲਚਾ ਫੜਾਇਆ। ਉਸਦਾ ਦਿਨੇ ਵੇਖਿਆ ਖ਼ੁਆਬ ਵੀ ਇਸ ਝੱਟਕੇ ਨਾਲ਼ ਟੁੱਟ-ਫੁੱਟ ਗਿਆ ਤੇ ਸਵੇਰ ਤੋਂ ਭੁੱਖੇ ਮਲੂਕ ਸਿੰਘ ਨੇ ਬੜੀ ਹੀ ਕਾਹਲੀ ਵਿੱਚ ਕਲਚਾ ਮੁਕਾਇਆ ਤੇ ਜੇਬ ਵਿੱਚ ਪਏ ਲਿਫਾਫੇ (ਜਿਸਨੂੰ ਉਹ ਬਟੂਏ ਦੀ ਤਰ੍ਹਾ ਹੀ ਵਰਤਦਾ ਸੀ ) ਵਿੱਚੋਂ ਪੁਰਾਨੇ ਜਹੇ ਮਰੋੜੇ ਹੋਏ ਦਸ ਰੁਪਏ ਕੱਢ ਕੇ ਕੁਲਚੇ ਵਾਲੇ ਨੂੰ ਦਿੱਤੇ ਤੇ ਇਕ ਹੋਰ ਅੰਗਰੇਜੀ ਸਿਖਾਊ ਦੁਕਾਨ ਵੱਲ ਨੂੰ ਤੁਰ ਪਿਆ, ਜਿੱਥੇ ਇੱਕ ਮੇਮ ਬੈਠੀ ਸੀ, ਜਿਸ ਨੇ ਪਹਿਲਾਂ ਤਾਂ ਮਲੂਕ ਸਿੰਘ ਨੂੰ ਵੇਖ ਕੇ ਮੂੰਹ ਜਿਹਾ ਬਣਾ ਲਿਆ ਕਿ ਖੋਰੇ ਕੋਈ ਭੀਖ਼ ਮੰਗਣ ਵਾਲਾ ਹੈ। ਪਰ ਜਦ ਮਲੂਕ ਸਿੰਘ ਨੇ ਉਸਤੋਂ ਅੰਗਰੇਜੀ ਸਿੱਖਣ ਵਾਲੇ ਕੋਰਸ ਵਾਰੇ ਪੁੱਛਿਆ ਤਾਂ ਮੇਮ ਨੇ ਅੱਧ-ਮਨ ਨਾਲ ਮਲੂਕ ਸਿੰਘ ਨੂੰ ਇਹ ਸੋਚ ਕੇ ਬੈਠਣ ਨੂੰ ਕਹਿ ਦਿੱਤਾ ਕਿ ਖੋਰੇ ਇਹ ਗਾਹਕ ਆਪਣੇ ਬੱਚੇ ਦੀ ਅਡਮਿਸ਼ਨ ਇੱਥੇ ਕਰਾਉਣਾ ਆਇਆ ਹੈ।

ਪਰ ਜਦ ਮੇਮ ਨੇ ਕੋਰਸ ਦੀ ਫੀਸ ਦੱਸੀ ਤਾਂ ਮਲੂਕ ਸਿੰਘ ਦੇ ਹੋਸ ਉੱਡ ਗਏ। ਅੰਗਰੇਜੀ ਸਿਖਾਉਣ ਵਾਲੇ ਇਸ ਸੋਦੇ ਦਾ ਰੇਟ ਤਾਂ ਉਸਦੀ ਇੱਕ ਮਹੀਨੇ ਦੀ ਤਨਖ਼ਾਹ ਜਿਹੜੀ ਹੁਣ ਉਸਨੂੰ ਮਿਲਦੀ ਵੀ ਨਹੀਂ ਸੀ ਤੋਂ 2000 ਰੁਪਏ ਜਿਆਦਾ ਸੀ। ਮੇਮ ਨੇ ਕਿਹਾ ਕਿ ਜੇਕਰ ਤੁਹਾਡੇ ਬੱਚੇ ਕੋਲ ਹੁਣ ਪੜਦੇ ਦਾ ਪਛਾਣ ਕਾਰਡ ਹੈ ਤਾਂ 1000 ਦੀ ਛੋਟ ਦੇ ਦਿੱਤੀ ਜਾਵੇਗੀ। ਬੱਚਿਆਂ ਦੀ ਗੱਲ ਸੁਣ ਮਲੂਕ ਸਿੰਘ ਸੋਚਾ ਵਿਚ ਪੈ ਗਿਆ ਕਿ ਕਾਸ਼ ਬੱਚਿਆਂ ਕੋਲ ਬੁੱਢੇ ਮਾਂ-ਪਿਓ ਨੂੰ ਯਾਦ ਰੱਖਣ ਵਾਲਾ ਕਾਰਡ ਵੀ ਹੁੰਦਾ। ਮਲੂਕ ਸਿੰਘ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਉਸਨੂੰ ਥੋੜੇ ਸਮੇਂ ਪਹਿਲਾਂ ਹੀ ਕੰਪਿਊਟਰ ਤੇ ਟਾਈਪਿੰਗ ਨਾਂ ਆਉਂਦੀ ਹੋਣ ਕਰਕੇ ਮਾਲਕ ਦੇ ਅਮਰੀਕਾ ਪੜ੍ਹੇ ਮੁੰਡੇ ਭਾਵ ਨਵੇਂ ਸਾਹਬ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਮਲੂਕ ਸਿੰਘ ਨੇ ਆਪਣੇ ਤਿੰਨੋਂ ਬੱਚੇ ਦੋ ਕੁੜੀਆਂ ਤੇ ਇੱਕ ਮੁੰਡਾ ਵੀ ਇਸੇ ਨੌਕਰੀ ਨਾਲ ਪੜ੍ਹਾਏ ਸਨ। ਉਸਨੇ ਕੁੜੀਆਂ ਦੇ ਵਿਆਹ ਵੀ ਆਪਣੀ ਹੈਸੀਅਤ ਤੋਂ ਵੱਧ ਖ਼ਰਚ ਕਰਕੇ ਵੱਡੇ ਘਰਾਂ ਵਿੱਚ ਕੀਤੇ ਸਨ। ਪਰ ਹੁਣ ਉਸਦਾ ਮੁੰਡਾ ਜਦ ਪੜ੍ਹ ਲਿੱਖ ਕੇ ਇਕ ਵੱਡਾ ਅਫ਼ਸਰ ਬਣ ਗਿਆ ਤਾਂ ਉਸਨੇ ਵਿਆਹ ਵੀ ਆਪਣੇ ਨਾਲ ਦੀ ਅਫ਼ਸਰ ਕੁੜੀ ਨਾਲ਼ ਹੀ ਕਰਾ ਲਿਆ ਸੀ। ਕੁੜੀ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੋਣ ਕਰਕੇ ਉਹਨਾਂ ਨੂੰ ਮਲੂਕ ਸਿੰਘ ਦੇ ਮੁੰਡੇ ਦਾ ਮਲੂਕ ਸਿੰਘ ਨਾਲ ਰਹਿਣਾ ਪਸੰਦ ਨਹੀਂ ਸੀ। ਇਸ ਲਈ ਹੁਣ ਮਲੂਕ ਸਿੰਘ ਦਾ ਮੁੰਡਾ ਚੰਡੀਗੜ੍ਹ ਫਲੈਟ ਲੈ ਕੇ ਰਹਿ ਰਿਹਾ ਸੀ। ਮਲੂਕ ਸਿੰਘ ਬਿਨ੍ਹਾਂ ਕੁੱਝ ਬੋਲੇ ਹਾਂ ਦੀ ਹਾਮੀ ਵਿੱਚ ਸਿਰ ਹਿਲਾਉਂਦਾ ਉਸ ਦੁਕਾਨ ਤੋਂ ਬਾਹਰ ਆ ਹੀ ਰਿਹਾ ਸੀ ਕਿ ਏਨੇ ਨੂੰ ਦੁਕਾਨ ਦਾ ਦਰਵਾਜਾ ਖੁਲਣ ਨਾਲ ਉਸਦਾ ਧਿਆਨ ਟੁੱਟਿਆ। ਇਕ ਆਦਮੀ ਅੰਦਰ ਆਉਂਦਾ ਹੈ ਤੇ ਮੇਮ ਕੋਲ ਜਾਂਦਿਆਂ ਕੁੱਝ ਗੱਲਬਾਤ ਕਰਕੇ ਆਪਣੇ ਬੱਚੇ ਦਾ ਕੋਰਸ ਵਿਚ ਦਾਖਲਾ ਕਰਾਉਣ ਲਈ ਇਹ ਕਹਿੰਦਾ ਹੋਇਆ ਫਾਰਮ ਭਰਨ ਲੱਗਦਾ ਹੈ ਕਿ ਮੈਡਮ ਜੀ ਮੇਰੇ ਮੁੰਡੇ ਨੂੰ ਅੰਗਰੇਜੀ ਵਿੱਚ ਪੂਰਾ ਟਰੇਂਡ ਕਰ ਦਿਓ ਜੀ ਤਾਂ ਜੋ ਵੱਡਾ ਅਫਸਰ ਬਣ ਕੇ ਇਹ ਫਰਾਟੇਦਾਰ ਅੰਗਰੇਜੀ ਬੋਲਿਆ ਕਰੇ। ਇਹ ਗੱਲ ਸੁਣ ਕੇ ਮਲੂਕ ਸਿੰਘ ਸੋਚਦਾ ਹੈ ਕਿ ਉਹ ਭੱਜ ਕੇ ਉਸ ਬੰਦੇ ਨੂੰ ਇਹ ਕਹਿ ਦੇਵੇ ਕਿ ਮੁੰਡੇ ਦੇ ਨਾਲ਼-ਨਾਲ਼ ਉਹ ਆਪਣਾ ਦਾਖਲਾ ਵੀ ਇੱਥੇ ਕਰਵਾ ਲਵੇ ਨਹੀਂ ਉਸਨੂੰ ਵੀ ਉਸਦੇ ਮੁੰਡੇ ਨੇ ਇਕ ਦਿਨ ਪੜ੍ਹ-ਲਿੱਖ ਕੇ ਵੱਡਾ ਅਫ਼ਸਰ ਬਣ ਕੇ ਇਸ ਲਈ ਘਰੋਂ ਕੱਢ ਦੇਣਾ ਕਿ ਉਹ ਪੜਿਆ ਲਿਖਿਆ ਨਹੀਂ ਹੈ ਤੇ ਨਾ ਹੀ ਉਸਨੂੰ ਅੰਗਰੇਜ਼ੀ ਅਉਂਦੀ ਹੈ।

ਚਰਨਜੀਤ ਸਿੰਘ ਰਾਜੌਰ
8427929558

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸਤਿਆਲ ਵਿਚ ਡਾ. ਅੰਬੇਡਕਰ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਟੂਰਨਾਮੈਂਟ
Next articleਫ਼ਿਲਮ ‘ਜਿੰਦਰਾ’ ਹੋਈ ਰਿਲੀਜ਼ , ਗਾਇਕ ਸਰਬਜੀਤ ਫੁੱਲ ਨੇ ਗਾਏ ਇਸ ਵਿੱਚ ਤਿੰਨ ਗੀਤ