
(ਸਮਾਜ ਵੀਕਲੀ) ਅੱਜ ਕੱਲ ਮੁੰਡੇ ਕੁੜੀਆਂ ਦੇਖੋ ਦੇਖੀ ਕਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਆਦਿ ਦੇਸ਼ਾਂ ਵਿੱਚ ਜਾ ਰਹੇ ਹਨ। ਅਜੋਕਾ ਯੁਗ ਸੂਚਨਾਵਾਂ ਅਤੇ ਜਾਣਕਾਰੀਆਂ ਦਾ ਯੁਗ ਹੈ। ਮਨੁੱਖ ਜਿਉਂ ਜਿਉਂ ਤਰੱਕੀਆਂ ਤੇ ਬੁਲੰਦੀਆਂ ਛੂੰਹਦਾ ਜਾ ਰਿਹਾ ਹੈ ,ਤਿਉਂ ਤਿਉਂ ਹੀ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ ਹੈ । ਇਲੈਕਟ੍ਰਾਨਿਕ ਮੀਡੀਆ, ਪ੍ਰਿੰਟ ਮੀਡੀਆ, ਇੰਟਰਨੈਟ ਆਦਿ ਨਾਲ ਮਨੁੱਖ ਭਾਵੇਂ ਅੱਜ ਸਾਰੇ ਸੰਸਾਰ ਵਿੱਚ ਵਿੱਚਰ ਰਿਹਾ ਹੈ, ਜਾਣਕਾਰੀਆਂ ਦਾ ਲੈਣ- ਦੇਣ ਕਰ ਰਿਹਾ ਹੈ। ਮੇਲ- ਮਿਲਾਪ ਕਰ ਰਿਹਾ ਹੈ ,ਵਪਾਰ ਕਰ ਰਿਹਾ ਹੈ, ਪਰ ਇੰਜ ਜਾਪਦਾ ਹੈ ਜਿਵੇਂ ਉਹ ਆਪ ਤੋਂ, ਆਪਣੇ ਪਰਿਵਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ ,ਅਤੇ ਪਰਦੇਸੀ ਬਣ ਗਿਆ ਹੈ। ਜਿੰਦਗੀ ਵਿੱਚ ਜਿੰਨੀਆਂ ਸਹੂਲਤਾਂ ਉਸ ਨੂੰ ਮਿਲ ਰਹੀਆਂ ਹਨ। ਉਹ ਸਹੂਲਤਾਂ ਉਸ ਨੂੰ ਪਿਛੋਕੜ ਵਿੱਚ ਕਦੇ ਵੀ ਨਹੀਂ ਸਨ ਮਿਲੀਆਂ। ਪਰ ਫਿਰ ਵੀ ਅੱਜ ਦਾ ਮਨੁੱਖ ਹੋਰ ਜਿਆਦਾ ਦਾ ਹੀ ਚਾਹਵਾਨ ਹੈ ।ਉਹ ਕਦੇ ਵੀ ਖੁਸ਼ ਨਹੀਂ ਦਿਖਾਈ ਦਿੰਦਾ ।ਉਹ ਅਜੇ ਹੋਰ ਬੁਲੰਦੀਆਂ ਨੂੰ ਛੂਹਣਾ ਚਾਹੁੰਦਾ ਹੈ ।ਅੱਜ ਉਹ ਆਪਣੇ ਮਨ ਦੀ ਖੁਸ਼ੀ ਲਈ ਸਤ ਸਮੁੰਦਰੋਂ ਪਾਰ ਜਾਂਦਾ ਹੈ। ਬੇਹਦ ਪੈਸਾ ਕਮਾਉਂਦਾ ਹੈ, ਪਰ ਫਿਰ ਵੀ ਉਹਦੀ ਭਟਕਣਾ ਖਤਮ ਨਹੀਂ ਹੁੰਦੀ ,ਭਾਵ ਉਹ ਖੁਸ਼ ਨਹੀਂ ਹੁੰਦਾ। ਉਸਦੇ ਮਨ ਵਿੱਚੋਂ ਇੱਕੋ ਸ਼ੱਕ ਰਹਿੰਦਾ ਹੈ, ਕਿ ਮੈਂ ਕਿਤੇ ਦੂਸਰਿਆਂ ਤੋਂ ਪਿੱਛੇ ਨਾ ਰਹਿ ਜਾਵਾਂ। ਆਪਣੇ ਆਪ ਤੋਂ ਨਾ ਖੁਸ਼ ਮਨੁੱਖ ਦਿਨ ਰਾਤ ਇੱਕ ਅਣਜਾਨ ਖੁਸ਼ੀ ਦੀ ਭਾਲ ਵਿੱਚ ਰਹਿੰਦਾ ਹੈ। ਜੋ ਸ਼ਾਇਦ ਉਸ ਨੂੰ ਖੁਸ਼ ਕਰ ਦੇਵੇਗੀ ।ਪਰ ਇਹੋ ਜਿਹਾ ਕਦੋਂ ਹੋਵੇਗਾ, ਇਹ ਖੁਸ਼ੀ ਮਨੁੱਖ ਨੂੰ ਕਦੋਂ ਮਿਲੇਗੀ ,ਇਸ ਬਾਰੇ ਕੋਈ ਵੀ ਪਤਾ ਨਹੀਂ ।ਇਸਦਾ ਅਰਥ ਨਹੀਂ ਕਿ ਮਨੁੱਖ ਤਰੱਕੀ ਕਰਨਾ ਛੱਡ ਜਾਵੇ ਜਾਂ ਅਗਾਂਹ ਵਧੂ ਸੋਚ ਨਾ ਰੱਖੇ ਅਤੇ ਮਿਹਨਤ ਨਾ ਕਰੇ ਧਨ- ਦੌਲਤ ਨਾ ਕਮਾਵੇ ।ਇਹ ਸਭ ਬਹੁਤ ਜਰੂਰੀ ਹਨ। ਇਹਨਾਂ ਤੋਂ ਬਿਨਾਂ ਜੀਵਨ ਅਧੂਰਾ ਹੈ। ਪਰ ਇਹਨਾਂ ਦੇ ਪਿੱਛੇ ਲੱਗ ਕੇ ਇਹ ਵੀ ਨਾ ਹੋਵੇ ,ਕਿ ਮਨੁੱਖ ਆਪਣੇ ਆਪ ਲਈ ਪਰਿਵਾਰ ਲਈ ਤੇ ਸਭ ਤੋਂ ਵੱਡੀ ਗੱਲ ਪਰਮਾਤਮਾ ਲਈ ਵਕਤ ਹੀ ਨਾ ਕੱਢ ਸਕੇ। ਇਹੋ ਜਿਹੀ ਖੁਸ਼ੀ ਅਤੇ ਤਰੱਕੀ ਦਾ ਕੀ ਫਾਇਦਾ? ਜਿਹੜੀ ਸਾਨੂੰ ਸਾਡੇ ਪਰਿਵਾਰ ਤੋਂ ਦੂਰ ਕਰ ਦੇਵੇ। ਸਾਨੂੰ ਆਪਣੇ ਆਪ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਅਸੀਂ ਕਈ ਵਾਰ ਦੂਰ- ਦੁਰਾਡੇ ਤੱਕ ਤਾਂ ਆਪਣੀ ਪਹਿਚਾਣ ਬਣਾ ਲੈਂਦੇ ਹਾਂ ,ਪਰ ਬਹੁਤ ਵਾਰ ਅਸੀਂ ਆਪਣੇ ਆਪ ਤੋਂ ਅਨਜਾਣ ਰਹਿ ਜਾਂਦੇ ਹਾਂ। ਕਿ ਅਸਲ ਵਿੱਚ ਅਸੀਂ ਕੀ ਚਾਹੁੰਦੇ ਹਾਂ? ਮੈਨੂੰ ਕੀ ਚਾਹੀਦਾ ਹੈ? ਮੈਂ ਕਿਸ ਚੀਜ਼ ਲਈ ਭੱਜ ਦੌੜ ਕਰ ਰਿਹਾ ਹਾਂ, ਭਾਵ ਘਰ ਤੋਂ ਦੂਰ ਜਾ ਰਿਹਾ ਹਾਂ ,ਕਿ ਮੇਰੇ ਪਰਦੇਸ਼ ਜਾਣ ਨਾਲ ਬਿਨਾਂ ਨਹੀਂ ਸਰਦਾ। ਮੁਕਤੀ ਗੱਲ ਇਹ ਕਿ ਸਾਨੂੰ ਆਪਣੇ ਬਾਰੇ ਤੇ ਪਰਿਵਾਰ ਬਾਰੇ ਸਮਾਂ ਕੱਢਣਾ ਚਾਹੀਦਾ ਹੈ ।ਬੇਸ਼ੱਕ ਅਸੀਂ ਕਿਤੇ ਵੀ ਹੋਈਏ, ਆਖਰ ਸਾਡੇ ਤੇ ਸਾਡੇ ਪਰਿਵਾਰ ਦਾ ਵੀ ਹੱਕ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ,ਕਿ ਅਸੀਂ ਆਪਣੇ ਪਰਿਵਾਰ ਮਨ ਨੂੰ ਪ੍ਰਦੇਸ਼ ਚੋਂ ਕੱਢ ਕੇ ਆਪਣੇ ਤੇ ਆਪਣੇ ਪਰਿਵਾਰ ਨਾਲ ਦੋਸਤਾਂ -ਮਿੱਤਰਾਂ ਅਤੇ ਪਰਮਾਤਮਾ ਨਾਲ ਮੇਲ -ਮਿਲਾਪ ਕਰਵਾਈਏ। ਕਈ ਵਾਰ ਵੇਖੋ-ਵੇਖੀ ਅਸੀਂ ਦੂਸਰਿਆਂ ਤੋਂ ਇਨਾ ਜਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ, ਕਿ ਅਸੀਂ ਆਪਣੇ ਆਪ ਨੂੰ ਹੀ ਭੁੱਲ ਜਾਂਦੇ ਹਾਂ ।ਸਾਡਾ ਮਨ ਹਰ ਸਮੇਂ ਕੁਝ ਨਾ ਕੁਝ ਲੋਚਦਾ ਰਹਿੰਦਾ ਹੈ ।ਇਹ ਸਾਡੇ ਅੰਦਰ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਦੁਨੀਆਂ ਦੇ ਕਿਹੜੇ -ਕਿਹੜੇ ਦੇਸ਼ ਦੀ ਸਾਨੂੰ ਸੈਰ ਕਰਵਾ ਦਿੰਦਾ ਹੈ। ਇਸ ਕਰਕੇ ਸਾਡਾ ਪ੍ਰਦੇਸ਼ ਮਨ ਦੇ ਅੰਦਰ ਹੈ ।ਜੋ ਕੁਝ ਵੀ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ। ਕਈ ਵਾਰ ਸਾਡੇ ਕੋਲ ਪਹਿਲਾਂ ਹੀ ਹੁੰਦਾ ਹੈ ।ਪਰ ਸਾਡਾ ਜੋ ਮਨ ਹੈ। ਉਹ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਣ ਦਿੰਦਾ ਤੇ ਸਾਡੀ ਭਜਾਈ ਰੱਖਦਾ ਹੈ। ਇਸੇ ਨੂੰ ਹੀ ਕਹਿੰਦੇ ਹਨ ”ਮਨ ਵਿੱਚ ਵਿਦੇਸ਼ ”।



