ਬੰਦਾ ਹੀ ਬੰਦੇ ਦਾ ਦਾਰੂ ਆ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੇਰੀ ਵੱਡੀ ਭੈਣ ਨੂੰ ਕੁੱਝ ਮਹੀਨਿਆਂ ਤੋਂ ਧੁੰਦਲਾ ਦਿਖਾਈ ਦੇ ਰਿਹਾ ਸੀ। ਅੱਖਾਂ ਚੈੱਕ ਕਰਵਾਉਣ ਤੋਂ ਪਤਾ ਲੱਗਾ ਕਿ ਉਸ ਦੀਆਂ ਦੋਹਾਂ ਅੱਖਾਂ ਵਿੱਚ ਚਿੱਟਾ ਮੋਤੀਆ ਉੱਤਰ ਆਇਆ ਸੀ।

ਕੱਲ੍ਹ ਉਸ ਨੇ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੀ ਇੱਕ ਅੱਖ ਦਾ ਅਪਰੇਸ਼ਨ ਕਰਵਾ ਲਿਆ ਸੀ। ਅੱਜ ਮੈਂ ਆਪਣੇ ਦੋਸਤ ਰਵੀ ਨਾਲ ਉਸ ਦੀ ਖਬਰ ਲੈਣ ਲਈ ਜਲੰਧਰ ਉਸ ਦੇ ਸਹੁਰੇ ਘਰ ਆਇਆ ਹੋਇਆ ਸੀ।

ਉਸ ਦੀ ਖਬਰ ਲੈ ਕੇ ਤੇ ਚਾਹ-ਪਾਣੀ ਪੀ ਕੇ ਮੈਂ ਆਪਣੇ ਦੋਸਤ ਨਾਲ ਆਪਣੀ ਗੱਡੀ ਵਿੱਚ ਵਾਪਸ ਆਪਣੇ ਪਿੰਡ ਨੂੰ ਚੱਲ ਪਿਆ। ਜਦੋਂ ਅਸੀਂ ਬਹਿਰਾਮ ਦੇ ਲਾਗੇ ਪਹੁੰਚੇ, ਤਾਂ ਅਸੀਂ ਦੇਖਿਆ ਕਿ ਇੱਕ ਸਕੂਟਰ ਸਵਾਰ ਸੜਕ ਦੇ ਇੱਕ ਪਾਸੇ ਡਿੱਗਿਆ ਪਿਆ ਸੀ। ਆਪਣੇ ਦੋਸਤ ਦੇ ਕਹਿਣ ਤੇ ਮੈਂ ਗੱਡੀ ਰੋਕ ਲਈ। ਗੱਡੀ ਤੋਂ ਉੱਤਰ ਕੇ ਅਸੀਂ ਦੇਖਿਆ ਕਿ ਸਕੂਟਰ ਸਵਾਰ ਦਾ ਸਕੂਟਰ ਬਿਜਲੀ ਦੇ ਖੰਭੇ ਵਿੱਚ ਵੱਜ ਗਿਆ ਸੀ ਅਤੇ ਡਿੱਗ ਪਿਆ ਸੀ। ਅਸੀਂ ਉਸ ਨੂੰ ਹਿਲਾ-ਜੁਲਾ ਕੇ ਦੇਖਿਆ, ਉਹ ਬੇਸੁਰਤ ਸੀ।

ਪਤਾ ਨਹੀਂ ਉਸ ਦੇ ਸੱਟਾਂ ਕਿੱਥੇ, ਕਿੱਥੇ ਲੱਗੀਆਂ ਸਨ। ਜਦੋਂ ਉਸ ਦੀ ਜੇਬ ਚੋਂ ਬਟੂਆ ਕੱਢ ਕੇ ਫਰੋਲਿਆ, ਤਾਂ ਉਸ ਵਿੱਚੋਂ ਆਧਾਰ ਕਾਰਡ ਮਿਲਿਆ। ਆਧਾਰ ਕਾਰਡ ਤੋਂ ਪਤਾ ਲੱਗਾ ਕਿ ਉਸ ਦਾ ਨਾਂ ਅਜਮੇਰ ਸਿੰਘ ਸੀ ਤੇ ਪਿਤਾ ਦਾ ਨਾਂ ਝਲਮਣ ਸਿੰਘ ਸੀ। ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੜਵਾ ਦਾ ਵਸਨੀਕ ਸੀ। ਅਸੀਂ ਉਸ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਪਾ ਲਿਆ ਤੇ ਨਵਾਂ ਸ਼ਹਿਰ ਦੇ ਰਾਜਾ ਹਸਪਤਾਲ ਵਿੱਚ ਪਹੁੰਚ ਗਏ। ਮੁੱਢਲੀ ਪੁੱਛਗਿੱਛ ਪਿੱਛੋਂ ਉਸ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ।

ਮੈਂ ਆਪਣੀ ਭਘੌਰਾਂ ਵਾਲੀ ਮਾਸੀ ਦੇ ਮੁੰਡੇ ਨੂੰ ਫੋਨ ਕਰਕੇ ਆਖਿਆ,” ਜੀਤੇ ਤੂੰ ਛੇਤੀ ਨਾਲ ਬੜਵੇ ਝਲਮਣ ਸਿੰਘ ਦੇ ਘਰ ਜਾ ਕੇ ਆ। ਉਸ ਦੇ ਮੁੰਡੇ ਅਜਮੇਰ ਸਿੰਘ ਦਾ ਬਹਿਰਾਮ ਦੇ ਲਾਗੇ ਸਕੂਟਰ ਬਿਜਲੀ ਦੇ ਖੰਭੇ ਵਿੱਚ ਵੱਜ ਗਿਆ ਆ ਤੇ ਉਸ ਦੇ ਗੁੱਝੀਆਂ ਸੱਟਾਂ ਲੱਗ ਗਈਆਂ ਆਂ। ਮੈਂ ਤੇ ਮੇਰੇ ਦੋਸਤ ਨੇ ਉਸ ਨੂੰ ਨਵਾਂ ਸ਼ਹਿਰ ਦੇ ਰਾਜਾ ਹਸਪਤਾਲ ‘ਚ ਦਾਖਲ ਕਰਾ ਦਿੱਤਾ ਆ। ਅਸੀਂ ਉਸ ਦੇ ਘਰਦਿਆਂ ਦੇ ਆਣ ਪਿੱਛੋਂ ਹੀ ਹਸਪਤਾਲ ਚੋਂ ਜਾ ਸਕਦੇ ਆਂ। ਜੀਤੇ ਇਹ ਪੁੰਨ ਦਾ ਕੰਮ ਤੂੰ ਜ਼ਰੂਰ ਕਰ ਦੇ।”

ਜੀਤੇ ਨੇ ਕੋਈ ਨਾਂਹ ਨੁੱਕਰ ਨਾ ਕੀਤੀ। ਜੀਤੇ ਦੇ ਬੜਵੇ ਪਹੁੰਚ ਕੇ ਸੁਨੇਹਾ ਦੇਣ ਪਿੱਛੋਂ ਅੱਧੇ ਘੰਟੇ ਵਿੱਚ ਅਜਮੇਰ ਸਿੰਘ ਦੀ ਪਤਨੀ ਤੇ ਉਸ ਦਾ ਪੁੱਤਰ ਰਾਜਾ ਹਸਪਤਾਲ ਪਹੁੰਚ ਗਏ। ਅਜਮੇਰ ਸਿੰਘ ਨੂੰ ਬੇਸੁਰਤ ਹੋਇਆ ਦੇਖ ਕੇ ਉਸ ਦੀ ਪਤਨੀ ਦੇ ਹੰਝੂ ਨਹੀਂ ਰੁਕ ਰਹੇ ਸਨ। ਫਿਰ ਵੀ ਉਹ ਹੌਸਲਾ ਕਰਕੇ ਬੋਲੀ,” ਭਾ ਜੀ, ਤੁਹਾਡਾ ਬਹੁਤ, ਬਹੁਤ ਧੰਨਵਾਦ। ਤੁਸੀਂ ਸਮੇਂ ਸਿਰ ਇਨ੍ਹਾਂ ਨੂੰ ਚੁੱਕ ਕੇ ਹਸਪਤਾਲ ਲੈ ਆਏ। ਲੱਗੀਆਂ ਸੱਟਾਂ ਸਮਾਂ ਪਾ ਕੇ ਠੀਕ ਹੋ ਜਾਣਗੀਆਂ। ਸਾਡਾ ਪਰਿਵਾਰ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁਲਾਏਗਾ।”

“ਭੈਣ ਜੀ, ਅਹਿਸਾਨ ਵਾਲੀ ਕੋਈ ਗੱਲ ਨਹੀਂ। ਬੰਦਾ ਹੀ ਬੰਦੇ ਦਾ ਦਾਰੂ ਆ। ਜੇ ਬੰਦਾ ਮੁਸੀਬਤ ਵੇਲੇ ਕੰਮ ਨਾ ਆਇਆ, ਫੇਰ ਬੰਦਾ ਬਣਨ ਦਾ ਕੀ ਫਾਇਦਾ? ਹੁਣ ਅਸੀਂ ਚੱਲਦੇ ਆਂ। ਕਿਸੇ ਦਿਨ ਫੇਰ ਆਵਾਂਗੇ।” ਏਨਾ ਕਹਿ ਕੇ ਮੈਂ ਤੇ ਮੇਰਾ ਦੋਸਤ ਹਸਪਤਾਲ ਚੋਂ ਬਾਹਰ ਆ ਗਏ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਦਾ ਸੋਨੇ ਦੇ ਖੰਡੇ ਨਾਲ ਕੀਤਾ ਜਾਵੇਗਾ ਸਨਮਾਨ ।
Next articleਭਾਰਤ ਵਿਕਾਸ ਪ੍ਰੀਸ਼ਦ ਨੇ ਲਗਾਈ ਪੁਰਾਣੇ ਸਿੱਕੇ ਅਤੇ ਨੋਟਾਂ ਦੀ ਪ੍ਰਦਰਸ਼ਨੀ