HOME ” ਅਜੋਕੇ ਤਾਣੇ- ਬਾਣੇ ਨੂੰ ਦ੍ਰਿਸ਼ਟੀਮਾਨ ਕਰਦਾ ਕਾਵਿ ਸੰਗ੍ਰਹਿ- ਮੈਂ ਤੇ ਮੇਰੇ...

” ਅਜੋਕੇ ਤਾਣੇ- ਬਾਣੇ ਨੂੰ ਦ੍ਰਿਸ਼ਟੀਮਾਨ ਕਰਦਾ ਕਾਵਿ ਸੰਗ੍ਰਹਿ- ਮੈਂ ਤੇ ਮੇਰੇ ਗੀਤ”

 ਪੁਸਤਕ ਚਰਚਾ

ਤੇਜਿੰਦਰ ਚੰਡਿਹੋਕ

ਪੁਸਤਕ ਦਾ ਨਾਂ –  ਮੈਂ ਤੇ ਮੇਰੇ ਗੀਤ (ਕਾਵਿ ਸੰਗ੍ਰਹਿ)
ਲੇਖਿਕਾ –           ਰੁਪਿੰਦਰ ਕੌਰ ਸਿੱਧੂ (ਸਹਿਣਾ)
ਪੰਨੇ –      144     ਕੀਮਤ – 350/- ਰੁਪਏ
ਪ੍ਰਕਾਸ਼ਕ –           ਪੁਲਾਂਘ ਪ੍ਰਕਾਸ਼ਨ, ਬਰਨਾਲਾ।
   (ਸਮਾਜ ਵੀਕਲੀ)  ਮੁੱਖ ਕਾਵਿ ਵਿਧਾ ਵਿਚ ਬਹੁਤ ਸਾਰੀਆਂ ਉਪ ਵਿਧਾਵਾਂ ਸ਼ਾਮਲ ਹਨ ਜਿਵੇਂ ਕਿ ਗੀਤ, ਕਵਿਤਾ, ਗ਼ਜ਼ਲ, ਟੱਪੇ, ਰੁਬਾਈਆਂ ਆਦਿ ਪਰ ਬਹੁਤ ਸਾਰੇ ਲੇਖਕ ਮਿੱਤਰ ਕਈ ਉਪ ਵਿਧਾਵਾਂ ਦਾ ਮਿਸ਼ਰਣ ਇਕ ਹੀ ਪੁਸਤਕ ਵਿਚ ਕਰਕੇ ਉਸ ਨੂੰ ਕਾਵਿ ਸੰਗ੍ਰਹਿ ਦਾ ਨਾਮ ਦੇ ਦਿੰਦੇ ਹਨ। ਅਸਲ ਵਿੱਚ ਜੇਕਰ ਪੁਸਤਕ ਵਿਚ ਇਕ ਹੀ ਉਪ ਵਿਧਾ ਨੂੰ ਲੈਕੇ ਪੁਸਤਕ ਸਿਰਜਣਾ ਕੀਤੀ ਜਾਵੇ ਤਾਂ ਉਸਦਾ ਅਪਣਾ ਹੀ ਪ੍ਰਭਾਵ ਹੁੰਦਾ ਹੈ।
ਰੁਪਿੰਦਰ ਕੌਰ ਸਿੱਧੂ (ਸਹਿਣਾ) ਨੇ ਆਪਣੀ ਪਲੇਠੀ ਕਾਵਿ ਪੁਸਤਕ ” ਮੈਂ ਤੇ ਮੇਰੇ ਗੀਤ” ਨਾਲ ਪੰਜਾਬੀ ਸਾਹਿਤ ਅੰਦਰ ਪ੍ਰਵੇਸ਼ ਕੀਤਾ ਹੈ। ਪੁਸਤਕ ਵਿਚ ਕੁੱਲ 82 ਕਾਵਿ ਵੰਨਗੀਆਂ ਹਨ ਜਿਹਨਾਂ ਵਿਚ ਉਸ ਨੇ ਧਾਰਮਿਕ, ਸਮਾਜਿਕ ਅਤੇ ਇਸ਼ਕ ਹਕੀਕੀ ਨਾਲ ਸਬੰਧਤ ਵਿਸ਼ਿਆਂ ਨੂੰ ਛੋਹਿਆ ਹੈ।
ਪੁਸਤਕ ਦਾ ਅਧਿਐਨ ਕਰੀਏ ਤਾਂ ਇਸ ਪੁਸਤਕ ਵਿਚ ਟੱਪੇ, ਵਿਚਾਰ  ਅਤੇ ਕੁਝ ਗੀਤ ਨੁਮਾ ਕਵਿਤਾਵਾਂ ਨਜ਼ਰੀਂ ਪੈਂਦੀਆਂ ਹਨ। ਇਹਨਾਂ ਕਵਿਤਾਵਾਂ ਵਿਚ ਸਮਿਆਂ ਦੇ ਬਦਲਦੇ ਰੰਗ, ਆਜ਼ਾਦੀ, ਪ੍ਰੀਤਮ – ਪਿਆਰੇ ਦਾ ਇੰਤਜ਼ਾਰ, ਅੱਜ ਅਤੇ ਦੇਸ਼ ਦੇ ਹਾਲਾਤ, ਪਰਵਾਸ ਜਾਣ ਦੀ ਚਿੰਤਾ, ਔਰਤ ਦੀ ਤ੍ਰਾਸਦੀ, ਮਾਂ ਬੋਲੀ, ਦਸਤੂਰ, ਅਣਖ, ਸਮੇਂ ਦੀ ਕੀਮਤ ਆਦਿ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਜਿਹਨਾਂ ਨੂੰ ਟੱਪਿਆਂ, ਵਿਚਾਰਾਂ ਅਤੇ ਸ਼ਾਇਰੀ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਸ ਪੁਸਤਕ ਵਿਚ 30 ਟੱਪੇ, 30 ਵਿਚਾਰ (ਜਿਹੜੇ ਵਾਰਤਕ ਰੂਪ ਵਿੱਚ ਹਨ) ਅਤੇ ਹਿੰਦੀ/ਉਰਦੂ ਸ਼ਾਇਰੀ ਦਾ ਲਿੱਪੀ ਅੰਤਰ ਵੀ ਸ਼ਾਮਲ ਹੈ। ਜੋਬਨ ਰੁੱਤ, ਪੰਜਾਬ ਦਾ ਦਰਦ, ਪ੍ਰਦੇਸ਼, ਗਮ ਅਤੇ ਅੱਖੀਆਂ ਨਾਮੀ ਗੀਤ ਸ਼ਾਮਲ ਹਨ ਅਤੇ ਇਸ ਦੇ ਨਾਲ ਹੀ ਅਜੀਤ ਸਿੰਘ ਦੀ ਵਾਰ, ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀਆਂ ਧਾਰਮਿਕ ਕਵਿਤਾਵਾਂ, ਡਾਕਟਰ ਸੁਰਜੀਤ ਪਾਤਰ ਦੇ ਨਾਂ ਵਰਗੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਗਿਆ ਹੈ।
ਹੁਣ ਕਵਿਤਾਵਾਂ ਵਿਚਲੇ ਵਿਚਾਰਾਂ ਦੀ ਗੱਲ ਕਰੀਏ ਤਾਂ ਕਵਿਤਾ ” ਉਹਨੂੰ ਕੀ ਪਤਾ ?” ਰਾਹੀਂ ਗੁੜ, ਖੰਡ ਨਾਲੋ ਮੁਹੱਬਤ ਨੂੰ ਮਿੱਠਾ ਮੰਨਦੇ ਹੋਏ ਦਿਲ ਦਰਿਆ ਸਮੁੰਦਰੋਂ ਡੂੰਘੇ ਦੇ ਅਧਾਰਤ ਕਾਵਿ ਟੋਟੇ ਵਿੱਚ ਦਰਸਾਉਂਦੀ ਹੈ ਕਿ –
” ਦਿਲ ਨਾਲੋਂ ਡੂੰਘੇ ਦਰਿਆ,
ਤੇ ਦਰਿਆ ਨਾਲੋਂ ਡੂੰਘੇ ਸਮੁੰਦਰ,
ਜਿਹੜਾ ਡੁੱਬਿਆ ਹੀ ਨਹੀਂ,
ਉਹਨੂੰ ਕੀ ਪਤਾ ?”‌  (ਪੰਨਾ 14)
ਇਸ ਕਵਿਤਾ ਰਾਹੀਂ ਹਰ ਚੀਜ ਦੀ ਡੂੰਘਾਈ ਵਿੱਚ ਉਤਰੇ ਬਿਨਾਂ ਕਿਸੇ ਨੂੰ ਉਸ ਬਾਰੇ ਕੁਝ ਨਹੀਂ ਪਤਾ ਲਗ ਸਕਦਾ। ਅੱਜ ਦਾ ਮਨੁੱਖ ਸਮੇਂ ਬਾਰੇ ਜਿਆਦਾ ਸੋਚਦਾ ਨਹੀਂ, ਨਾ ਉਸ ਦੀ ਕਦਰ ਕਰਦਾ ਹੈ। ਸਮਾਂ ਬਹੁਤ ਤਾਕਤਵਰ ਹੈ ਅਤੇ ਇਸ ਦਾ ਪਤਾ ਸਿਰ ਪਵੇ ਤਾਂ ਪਤਾ ਲਗਦਾ ਹੈ। ਕਿਸੇ ਨੂੰ ਕਿਸੇ ਨਾਲ ਮਿਲਣ ਦਾ ਵਕਤ ਹੀ ਨਹੀਂ ਤੇ ਜਦੋਂ ਵਕਤ ਮਿਲਦਾ ਉਦੋਂ ਹਾਲਾਤ ਕੁਝ ਹੋਰ ਹੋ ਚੁੱਕੇ ਹੁੰਦੇ ਹਨ। ਇਸ ਸੰਦਰਭ ਵਿੱਚ ਕਵਿਤਾ ” ਵਕਤ ” ਦੇ ਦੋ ਬੰਦ ਇਸ ਪੁਸਤਕ ਵਿਚ ਦਰਜ ਹਨ –
” ਇਹ ਵਕਤ ਵੀ ਕੀ ਏ !
ਸੋਚਦਾ ਹੀ ਨਹੀਂ ਕੋਈ
ਜਦੋਂ ਪੈਂਦਾ ਪਤਾ ਉਦੋਂ ਲੱਗਦਾ।” ਅਤੇ
” ਜਦੋਂ ਤੂੰ ਮਿਲਿਆ ਉਦੋਂ ਵਕਤ ਨਹੀਂ ਸੀ
ਜਦੋਂ ਵਕਤ ਮਿਲਿਆ ਉਦੋਂ ਤੂੰ
ਹੁਣ ਤੂੰ ਤੇ ਵਕਤ ਦੋਨੋ ਹੀ ਬਦਲ ਗਏ….।” (ਪੰਨਾ 60)
ਪ੍ਰਮਾਤਮਾ ਨੇ ਸਿਰਫ ਮਨੁੱਖ ਬਣਾਇਆ ਨਾ ਕੋਈ ਜਾਤ, ਨਾ ਕੋਈ ਪਾਤ। ਇਹ ਮਨੁੱਖ ਦੇ ਆਪਣੇ ਬਣਾਏ ਹੋਏ ਨੇ ਆਪਣੇ ਕੀਤੇ ਕਰਮਾਂ ਨਾਲ ਕੇਵਲ ਲੇਖ ਬਣਦੇ ਨੇ। ਪੁਸਤਕ ਵਿਚਲੀ ਕਵਿਤਾ ਇਸ ਬਾਰੇ ਆਖਦੀ ਹੈ –
” ਇੱਕੋ  ਜਾਤ ਬਣਾਈ
ਉਪਰ ਵਾਲੇ ਨੇ
ਵੰਡੀਆਂ ਪਾ ਕੇ ਰੱਖੀਆਂ
ਮਾੜੇ ਕਰਮਾਂ ਨੇ। ” (ਪੰਨਾ 97)
ਫਿਰ ਕਵਿਤਾ ਅੱਜ ਦੀ “ਆਧੁਨਿਕਤਾ” ਤੇ ਆ ਜਾਂਦੀ ਹੈ। ਜਿਸ ਦੌਰਾਨ ਭਰੂਣ ਹੱਤਿਆਂ ਰਾਹੀਂ ਕੁੜੀਆਂ ਨੂੰ ਕੁੱਖ ਵਿੱਚ ਮਰਨ ਦੀ ਗੱਲ ਕਰਦੀ ਹੈ। ਅੱਜ ਕੁੜੀਆਂ ਤੇ ਚਿੜੀਆਂ ਦੇ ਮੁੱਕਣ ਦੀ ਤ੍ਰਾਸਦੀ ਨੂੰ ਅਭਿਵਿਅਕਤ ਕੀਤਾ ਗਿਆ ਹੈ। ਕੁਦਰਤ ਨਾਲ ਕੀਤਾ ਜਾਂਦਾ ਖਿਲਵਾੜ, ਜੰਗਲਾਂ ਨੂੰ ਕੱਟਣਾ, ਮਸ਼ੀਨੀ ਯੁੱਗ ਅਤੇ ਪੰਛੀਆਂ ਦੀ ਘਾਟ ਬਾਰੇ ਵਿਸਤ੍ਰਿਤ ਵੇਰਵਾ ਦਿੰਦੀ ਹੈ ਕਵਿਤਾ ” ਆਧੁਨਿਕਤਾ “।
ਇਸੇ ਤਰ੍ਹਾਂ ਪੁਸਤਕ ਵਿਚ ਆਏ ਵਿਚਾਰਾਂ ਨੂੰ ਵਾਚਣਾਂ ਜਰੂਰੀ ਹੈ ਜਿਸ ਵਿਚ ਬਹੁਮੁੱਲੀ ਵਿਚਾਰ ਪੇਸ਼ ਕੀਤੇ ਹਨ ਜਿਵੇਂ ਕਿ ਹਰ ਇੱਕ ਪਰਖਦਾ ਏ, ਪਰ ਪ੍ਰਮਾਣ ਪੱਤਰ ਕੋਈ ਨਹੀਂ ਦਿੰਦਾ, ਸਫਲਤਾ ਮੁਕਾਮਾਂ ਦੀ ਮੁਹਤਾਜ ਨਹੀਂ ਹੁੰਦੀ, ਸਫਲ ਹੁੰਦੇ ਹੀ ਉੱਚੇ ਕਿਰਦਾਰਾਂ ਵਾਲੇ ਹਨ ਅਤੇ ਜੇਕਰ ਰੂਹਾਂ ਨੂੰ ਜੰਦਰੇ ਲੱਗ ਜਾਣ ਤਾਂ ਖਾਹਿਸ਼ਾਂ ਗ਼ੁਲਾਮ ਹੋ ਜਾਂਦੀਆਂ ਹਨ ਆਦਿ। ਪੁਸਤਕ ਵਿਚਲੀਆਂ ਕਵਿਤਾਵਾਂ/ ਗੀਤ ਮੇਰਾ ਦੇਸ਼, ਅਜਬ ਤਮਾਸ਼ੇ, ਸੁਪਨੇ ਅਤੇ ਜ਼ਾਲਮ ਅੱਖਾਂ ਵੀ ਪੜ੍ਹਨ ਯੋਗ ਹਨ।
ਪੁਸਤਕ ਵਿਚਲੀਆਂ ਵੰਨਗੀਆਂ ਦੀ ਭਾਸ਼ਾ ਸਰਲ ਹੈ, ਵਿਸ਼ਾ ਚੋਣ ਚੰਗੀ ਹੈ ਅਤੇ ਕਲਾਤਮਕ ਸ਼ੈਲੀ ਸੂਝ- ਬੂਝ ਵਾਲੀ ਹੈ। ਪੁਸਤਕ ਵਿਚ ਦੋ ਕਵਿਤਾਵਾਂ ਮੈਂ ਤੇ ਮੇਰੇ ਗੀਤ ਪੰਨਾ ਨੰਬਰ 11, 70 ਅਤੇ ਆਜ਼ਾਦੀ ਪੰਨਾ ਨੰਬਰ 12, 71 ਉਪਰ ਦੋਹਰਾਅ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕੋਈ ਭੂਮਿਕਾ ਜਾਂ ਮੁੱਖ ਬੰਦ ਵੀ ਸ਼ਾਮਲ ਨਹੀਂ ਕੀਤਾ ਗਿਆ। ਮੇਰੇ ਵਿਚਾਰ ਅਨੁਸਾਰ ਜੇਕਰ ਇਸ ਪੁਸਤਕ ਨੂੰ ਕੇਵਲ ਇੱਕ ਵਿਧਾ ਵਿਚ ਰੱਖਿਆ ਜਾਂਦਾ ਅਤੇ ਪੁਸਤਕ ਦਾ ਨਾਂ ਮੈਂ ਤੇ ਮੇਰੇ ਗੀਤ ਦੀ ਥਾਂ ਮੈਂ ਤੇ ਮੇਰੀ ਕਵਿਤਾ ਰੱਖਿਆ ਜਾਂਦਾ ਤਾਂ ਚੰਗਾ ਸੀ। ਖ਼ੈਰ ਲੇਖਿਕਾ ਦੀ ਇਹ ਪਲੇਠੀ ਪੁਸਤਕ ਹੋਣ ਕਰਕੇ ਇਸ ਪੁਸਤਕ ਨੂੰ ਖ਼ੁਸ਼ ਆਮਦੀਦ ਕਿਹਾ ਜਾਂਦਾ ਹੈ।
– ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਦੋਂ ਰਿਸ਼ਤਾ ਸਹਾਰੇ ਦੀ ਥਾਂ ਟੱਕਰ ਬਣ ਜਾਵੇ, ਤਦੋਂ ਮਨੁੱਖੀਤਾ ਹਾਰ ਜਾਂਦੀ ਹੈ।”
Next articleਰਾਹੁਲ ਗਾਂਧੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਨਾਲ ਦੁੱਖ ਵੰਡਾਇਆ ਅਤੇ ਪ੍ਰਦੇਸ਼ ਕਾਂਗਰਸ ਵੱਲੋਂ ਜੰਗੀ ਪੱਧਰ ‘ਤੇ ਕੀਤੀ ਸੇਵਾ ‘ਤੇ ਤਸੱਲੀ ਪ੍ਰਗਟ ਕੀਤੀ