ਇਕ ਨਾਮੁਰਾਦ ਬਿਮਾਰੀ….. ਹਰਮੇਸ਼ ਜੱਸਲ

ਇਕ ਨਾਮੁਰਾਦ ਬਿਮਾਰੀ….. ਹਰਮੇਸ਼ ਜੱਸਲ

( ਸਮਾਜ ਵੀਕਲੀ

ਇਕ ਨਾਮੁਰਾਦ ਬਿਮਾਰੀ ਨੇ, ਮੈਨੂੰ,
ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ
ਰਾਜ ਬਣਾਈ ਰੱਖਿਆ, ਹੁਣ ਤੱਕ !
ਮਨ ਕਰਦਾ ਹੈ, ਖੋਲ੍ਹ ਕੇ ਦੱਸ ਦਿਆਂ, ਸੱਭ ਨੂੰ — ਸੱਭ ਕੁਝ।
ਕੀ ਪਤਾ ਕੋਈ ਇਲਾਜ ਹੀ ਦੱਸ ਦੇਵੇ,
ਕਿਸੇ ਕਿਸਮ ਦੀ ਮੱਦਦ ਹੀ ਕਰ ਦੇਵੇ,
ਜਾਂ ਕੋਈ “ਦੱਸ ਪਾਵੇ ” ਕਿ
ਫ਼ਲਾਨੇ” ਵੈਦ” ਕੋਲ ਚਲੇ ਜਾਓ।
( ਕਹਿੰਦੇ ਹਨ ਕਿ ਪੁਰਾਣੇ ਸਮੇਂ ਵਿੱਚ ਜਦੋਂ ਕੋਈ “ਅਸਾਧ ਰੋਗ” ਹੋ ਜਾਂਦਾ ਸੀ ਤਾਂ ਲੋਕ ਮਰੀਜ਼ ਦਾ ਮੰਜਾ਼ ਚੌਰਾਹੇ ਵਿਚ ਰੱਖ ਦਿੰਦੇ ਸਨ)
ਜਾਂ ਕੋਈ ਆਉਂਦਾ ਜਾਂਦਾ ਨੁਸਖ਼ਾ ਦੱਸ ਜਾਏ,
ਤੇ ਬਿਮਾਰੀ ਕੱਟੀ ਜਾਵੇ।
ਆਦਿ ਕਾਲ ਤੋਂ ਇਹ “ਅਸਾਧ ਰੋਗ”
ਅਸੰਖ ਲੋਕਾਂ ਨੂੰ ਹੁੰਦਾ ਆਇਆ ਹੈ —
ਤਕੜੇ ਤੋਂ ਤਕੜੇ ਨੂੰ,
ਰਾਜੇ ਤੋਂ ਵਜ਼ੀਰ ਨੂੰ
ਧਨਾਢਾਂ ਨੂੰ
ਵਿਦਵਾਨਾਂ ਨੂੰ
ਪ੍ਰੋਫੈਸਰਾਂ ਨੂੰ
ਲੇਖਕਾਂ ਨੂੰ
ਹੁਣ ਮੇਰੇ ਵਰਗੇ ਆਮ ਲੋਕਾਂ ਨੂੰ
ਇਕ ਤੋਂ ਦੂਜੇ ਨੂੰ, ਇਹ
ਛੂਤ ਦੀ ਬਿਮਾਰੀ ਲਗਦੀ ਜਾ ਰਹੀ ਹੈ….!
ਸਿਰਫ਼ ਉਹੀ ਬਚਿਆ,
ਜਿਸਨੇ ਇਹਤਿਆਤ ਵਰਤੀ।
ਜਦੋਂ ਮੈਂ ਪਿਛਲਝਾਤ ਮਾਰਦਾ ਹਾਂ,
ਤਾਂ ਮੈਨੂੰ ਯਾਦ ਆਉਂਦਾ ਏ ,
ਮੇਰਾ “ਇੱਕ ਬਹੁਤ ਵੱਡੇ ਸ਼ਖ਼ਸ” ਨਾਲ,
ਉਠਣਾ – ਬੈਠਣਾ ਸੀ, ਲੋਕ ਕਹਿੰਦੇ ਸਨ–
ਮੇਰੇ ਕੁਝ ਕੁਝ ਲੱਛਣ, ਉਸ ਨਾਲ਼ ਮਿਲਦੇ ਹਨ,
ਪਰ , ਮੈਂ ਬਹੁਤਾ ਧਿਆਨ ਨਾ ਦਿੱਤਾ।
ਮੈਨੂੰ ਧੁੰਧਲਾ ਧੁੰਧਲਾ ਯਾਦ ਹੈ ਕਿ ਇਕ ਵਾਰ
ਉਸਨੇ ਮੈਨੂੰ” ਜੱਸਲ ਸਾਹਿਬ” ਕਹਿਕੇ ਪੁਕਾਰਿਆ ਸੀ।
ਉਦੋਂ, ਮੇਰੇ ਸ਼ਰੀਰ ਵਿੱਚ ਇੱਕ ਹੱਲਚੱਲ ਜਿਹੀ ਹੋਈ ਸੀ,
ਸ਼ਾਇਦ ” ਬਿਮਾਰੀ ਦੀ ਲਾਗ ” ਦਾ ਇਹ ਪਹਿਲਾ ਲੱਛਣ ਹੋਵੇ!
ਲੱਛਣ ਤਾਂ ਹੋਰ ਵੀ ਬਹੁਤ ਹਨ–
ਕਿਸੇ ਵਿਚ ਥੋੜ੍ਹੇ ਦਿਖਦੇ ਹਨ, ਕਿਸੇ ਵਿਚ ਜ਼ਿਆਦਾ,
ਇਸ ਬਿਮਾਰੀ ਦੇ ” ਦੌਰੇ” ਪੈਂਦੇ ਹਨ,
ਜਦੋਂ ਦੌਰਾ ਪੈਂਦਾ ਹੈ ਤਾਂ
ਮੂੰਹ ਵਿਚੋਂ ਝੱਗ ਨਹੀਂ ਨਿਕਲਦੀ
ਸਗੋਂ ਪੂਰੇ ਸ਼ਰੀਰ ਨੂੰ ” ਖੁਮਾਰ” ਜਿਹਾ ਆਉਂਦਾ ਹੈ,
ਸ਼ਰੀਰ ” ਆਕੜਨਾ” ਸ਼ੁਰੂ ਹੋ ਜਾਂਦਾ।
ਬੰਦਾ — ਪਾਗਲਾਂ ਵਾਂਗੂੰ ” ਖੁਸ਼ੀ ਵਿੱਚ ਹੱਸਦਾ”,
— ਸ਼ਰੀਰ ਵਿੱਚ ” ਭਾਰਾਪਣ ” ਮਹਿਸੂਸ ਹੁੰਦਾ,
— ਸਿਰ ” ਨੀਵਾਂ ਸੁੱਟ ” ਕੇ ਨਹੀਂ ਤੁਰਦਾ,
—ਸਾਹਮਣੇ ਵਾਲੇ ਨੂੰ ” ਟਿੱਚ ਕਰਕੇ” ਨਹੀਂ ਜਾਣਦਾ,
— ਦੂਜਿਆਂ ਨੂੰ “ਮਖੌਲ ” ਕਰਦਾ,
— ਕਈ ਵਾਰੀ ” ਬੇਇਜ਼ਤੀ” ਵੀ ਕਰਦਾ,
ਇਹ ਤਾਂ ਆਮ ਲੱਛਣ ਹਨ।
ਗੰਭੀਰ ਬਿਮਾਰੀ ਦੇ ਲੱਛਣ ਹੋਰ ਗੰਭੀਰ ਹੋ ਜਾਂਦੇ ਹਨ।
ਕਹਿੰਦੇ ਹਨ: ਇਸ ਬਿਮਾਰੀ ਦੀ ਜੜ੍ਹ ” ਨਸ਼ਾ” ਹੈ,
ਜੋ ਅਲਕੋਹਲ ਮੀਟਰ ਵਿਚ ਨਹੀਂ ਆਉਂਦਾ।
ਅੱਜ ਲੱਖਾਂ ਮੌਤਾਂ ਨਸ਼ੇ ਨਾਲ਼ ਹੁੰਦੀਆਂ ਹਨ!
ਅਸੀਂ ਸੱਭ ਤਰ੍ਹਾਂ ਦੇ ਨਸ਼ੇ ਕਰਦੇ ਹਾਂ —
” ਚਾਹ ਤੋਂ ਚਿੱਟੇ ਤੱਕ” !
ਪਰ, ਇਸ ਬਿਮਾਰੀ ਦੇ ਨਸ਼ੇ ਨਾਲ,
ਅੱਜ ਤੱਕ ਕੋਈ ਮਰਿਆ ਨਹੀਂ !
ਇਹ ਨਾ ਜੀਣ ਦਿੰਦੀ ਹੈ, ਨਾ ਮਰਨ ਦਿੰਦੀ ਹੈ —
ਬੰਦਾ ਸਾਰੀ ਉਮਰ ਡੋਲਦਾ ਫ਼ਿਰਦਾ ਹੈ।
ਅੱਜ ਦੇ ਡਾਕਟਰ, ਕਹਿੰਦੇ —
” ਇਸਦਾ ਕੋਈ ਇਲਾਜ ਨਹੀਂ, ਇਹ ਦਿਮਾਗ਼ੀ ਬਿਮਾਰੀ ਏ ।”
ਬੱਸ, ਸਵੇਰੇ ਸੈਰ, ਜ਼ਿਆਦਾ ਪਾਣੀ ਤੇ ਗੂੜ੍ਹੀ ਨੀਂਦ ਜਰੂਰੀ ਹੈ।
ਹਾਂ, ਅਗ਼ਰ ਕੋਈ ਕਰ ਸਕਦਾ ਹੋਵੇ ਤਾਂ —
ਨਿੱਤ-ਨੇਮ, ਜਾਂ ਸਾਧਨਾਂ — ਵਿਪੱਸ਼ਨਾ
ਉਹ ਵੀ, ਜੇ ਲਗਾਤਾਰ ਹੋਵੇ,
ਨਹੀਂ ਤਾਂ ਕੋਈ ਫ਼ਾਇਦਾ ਨਹੀਂ।
ਅੱਜ ਲੋਕ ਦੇਸ਼ੀ ਦਵਾਈਆਂ ਵੱਲ ਮੁੜ ਪਏ ਹਨ–
ਨੈਚਰੋਪੈਥੀ, ਹੋਮਿਓਪੈਥੀ, ਯੂਨਾਨੀ, ਸਿੱਧ-ਭਸਮ ਆਦਿ ਆਦਿ।
ਲੋਕ ਜਦੋਂ ” ਸ਼ੀਸੀ” ਉਪਰ ਪੜ੍ਹਦੇ ਹਨ —
” ਵੇਦਾਂ ਦੇ ਨੁਸਖ਼ਿਆਂ ਤੋਂ ਤਿਆਰ ਅਚੂਕ ਦੇਸ਼ੀ ਦਵਾਈ ”
ਤਾਂ ਲੋਕ ਧੜਾਧੜ ਖਰੀਦ ਲੈਂਦੇ,
ਬਾਬੇ ” ਤਿਲਾਂਜਲੀ ” ਵੇਚ ਕੇ ਹੀ ਖਰਬਾਂਪਤੀ ਬਣ ਗਏ।
ਪਰ, “ਕਰੋਨਾ” ਨੇ,
ਸੱਭ ਦੀ ਪੋਲ ਖੋਲ੍ਹ ਦਿੱਤੀ,
ਥਾਲੀ ਵਜਾਉਣ ‘ਤੇ ਸੱਭ ਨੂੰ ਮਜਬੂਰ ਕਰ ਦਿੱਤਾ,
ਆਖਿਰਕਾਰ, ਅੰਗਰੇਜ਼ੀ ” ਵੈਕਸੀਨ” ਹੀ ਕੰਮ ਆਈ।
ਹੁਣ , ” ਕਰੋਨਾ” ਦੁਨੀਆਂ ਉੱਤੇ ਫ਼ੈਲ ਗਿਆ ਹੈ,
ਤੱਦ ਤੱਕ, ਇਹ ਪਿੱਛਾ ਨਹੀਂ ਛੱਡੇਗਾ,
ਜਦ ਤੱਕ, ਇਨਸਾਨ
ਕੁਦਰਤ ਦਾ ” ਬੇਵਜ੍ਹਾ” ਘਾਣ ਨਹੀਂ ਛੱਡਦਾ!
ਕਰੋਨਾ ਦਾ ਤਾਂ ਫ਼ਿਰ ਵੀ ਇਲਾਜ ਹੈ,
ਇਸ ਨਾਮੁਰਾਦ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ।
” ਬੱਸ, ਪ੍ਰਹੇਜ਼ ਹੈ, ਜਿੱਨਾ ਕੋਈ ਕਰ ਲਵੇ।”
ਬੜੀ ਪੁਣਛਾਣ ਤੋਂ ਬਾਅਦ ਪਤਾ ਲੱਗਾ–
” ‘ ਮੈਂ ‘ ਦਾ ਮਾਰਿਆ ਹੋਇਆ ਹਾਂ ‘ ਮੈਂ ‘ ”
ਤੇ ਲੋਕ ਕਹਿੰਦੇ ਹਨ:
” ਜਿਸਨੂੰ “ਮੈਂ ” ਦੀ ਹਵਾ ਲੱਗੀ , ਉਸਨੂੰ ਫਿਰ ਨਾ ” ਦਵਾ ” ਲੱਗੀ , ਨਾ ” ਦੁਆ ” ਲੱਗੀ।”

….. ਹਰਮੇਸ਼ ਜੱਸਲ

Previous articleਰੂਪ ਲਾਲ ਮੈਮੋਰੀਅਲ ਐੱਮ. ਜੀ ਗਰਲਜ਼ ਪਬਲਿਕ ਸਕੂਲ ਅੱਪਰਾ ਦਾ ਪੰਜਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Next articleIPL 2024: ‘We trust our players’ skillset,’ PBKS Sunil Joshi on the importance of using consistent player combinations