ਸਾਹਿਤ ਅਤੇ ਸਿੱਖਿਆ ਦਾ ਸੁਮੇਲ ਮਾਲਵੇ ਦੀ ਜੰਮਪਲ਼ : ਵੀਨਾ ਬਟਾਲਵੀ

ਵੀਨਾ ਬਟਾਲਵੀ

(ਸਮਾਜ ਵੀਕਲੀ)

ਤੁਹਾਨੂੰ ਸਿਰਲੇਖ ਪੜ੍ਹ ਕੇ ਅਚੰਬਾ ਲੱਗਿਆ ਹੋਣਾ ਕਿ ਬਟਾਲਾ ਮਾਲਵੇ ਵਿਚ ਕਿਵੇਂ ਹੋ ਸਕਦਾ। ਤੁਹਾਡੀ ਹੈਰਾਨੀ ਜ਼ਾਇਜ਼ ਹੈ। ਜੀ ਹਾਂ ਮੈਂ ਗੱਲ਼ ਕਰ ਰਿਹਾ ਹਾਂ ਬਟਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ-(ਬਟਾਲਾ) ਵਿਖੇ ਕਿੱਤੇ ਵਜੋਂ ਪੰਜਾਬੀ ਅਧਿਆਪਕਾ ਦੀ ਸੇਵਾ ਨਿਭਾ ਰਹੀ ਸ਼ਖਸੀਅਤ ਵੀਨਾ ਰਾਣੀ (ਬਟਾਲਵੀ) ਜੀ ਦੀ।

ਸਧਾਰਨ ਜਿਹੇ ਪਰਿਵਾਰ ਨਾਲ਼ ਸੰਬੰਧ ਰੱਖਣ ਵਾਲ਼ੀ ਇਸ ਹਸਤੀ ਦਾ ਜਨਮ ਆਪਣੇ ਨਾਨਕੇ ਘਰ ਪੱਟੀ ਵਿਖੇ ਹੋਇਆ। ਆਪਣੇ ਮਾਪਿਆਂ ਦਾ ਮਾਣ ਵੀਨਾ ਰਾਣੀ ਨੇ ਮੋਗਾ ਜਿਲ੍ਹੇ ਦੇ ਪਿੰਡ ਕੋਟ ਈਸੇ ਖਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ +2 ਕੀਤੀ। ਮੋਗਾ ਦੇ ਐੱਸ ਡੀ ਕਾੱਲਜ ਤੋਂ ਗ੍ਰੈਜੂਏਸ਼ਨ ਅਤੇ ਡੀ ਐੱਮ ਕਾੱਲਜ ਫਾੱਰ ਐਜੂਕੇਸ਼ਨ ਤੋਂ ਬੀ ਐੱਡ ਦੀ ਡਿਗਰੀ ਹਾਸਲ ਕੀਤੀ। ਆਪ 1996 ਤੋਂ ਲਗਾਤਾਰ ਸਿੱਖਿਆ ਵਿਭਾਗ ਨਾਲ਼ ਜੁੜੇ ਹੋਏ ਹਨ। 2008 ਵਿਚ ਆਪ ਸਰਕਾਰੀ ਨੌਕਰੀ ਵਿਚ ਆਏ।

ਪਰਿਵਾਰਕ ਜੀਵਨ ਦੀ ਗੱਲ਼ ਕਰੀਏ ਤਾਂ ਆਪ 2000 ਈਸਵੀਂ ਵਿੱਚ ਬਟਾਲਾ ਦੀ ਧਰਤੀ ਨਾਲ ਜੁੜ ਗਏ। ਇਹ ਧਰਤੀ ਹੁਣ ਇਹਨਾਂ ਦੀ ਕਰਮ-ਭੂਮੀ ਬਣ ਚੁੱਕੀ ਹੈ। ਆਪ ਦੇ ਜੀਵਨ ਸਾਥੀ ਵੀ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ।ਜੇਕਰ ਇਹਨਾਂ ਦੀ ਪੜ੍ਹਾਈ ਦੀ ਲਗਨ ਦੀ ਗੱਲ਼ ਕਰੀਏ ਤਾਂ ਪੜ੍ਹਾਉੰਦਿਆ ਹੋਇਆ ਹੀ ਆਪ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਐੱਮ ਏ ਦੀ ਪੜ੍ਹਾਈ ਕੀਤੀ ਅਤੇ ਯੂ ਜੀ ਸੀ ਵੱਲੋਂ 2006 ਵਿਚ ਨੈੱਟ ਵੀ ਪਾਸ ਕੀਤਾ ਅਤੇ ਹੁਣ ਤੱਕ ਵੀ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਹੋਇਆ ਹੈ।

ਇਹਨਾਂ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ਼ ਕਰਦਿਆ ਦੱਸਿਆ ਕਿ 1996 ਤੋਂ 1999 ਤੱਕ ਇਹਨਾਂ ਦੇ ਲੇਖ ਸਮਾਜ ਵੀਕਲੀ,ਬੀ ਟੀ ਟੀ ਨਿਊਜ਼,ਪੀ੍ਤਨਾਮਾ,ਪੰਜਾਬ ਟਾਈਮਜ਼ ਯੂ ਕੇ,ਸਾਡੇ ਲੋਕ’ਪੰਜਾਬੀ ਟ੍ਰਿਬਿਊਨ ਇੰਟਰਨੈਸ਼ਨਲ,ਡੇਲੀ ਹਮਦਰਦ ਕੈਨੇਡਾ,ਸਾਂਝੀ ਸੋਚ ਯੂਐਸਏ,ਹਾਲੈਂਡ ਪੰਜਾਬੀ ਅਖਬਾਰਾਂ ਵਿੱਚ ਛਪਦੇ ਰਹੇ ਸਨ। 2000 ਤੋਂ ਬਾਅਦ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਬਹੁਤਾ ਧਿਆਨ ਨਹੀਂ ਦੇ ਸਕੇ। ਪਰ ਲੇਖਣ ਦੀ ਚਿਣਗ ਅੰਦਰੇ-ਅੰਦਰ ਧੁੱਖਦੀ ਰਹੀ।

ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਤੋਂ ਬਾਅਦ ਇਹ ਚਿਣਗ ਫਿਰ ਮੱਘ ਗਈ। ਹੁਣ ਲਗਾਤਾਰ ਕਾਫ਼ੀ ਅਰਸੇ ਤੋਂ ਆਪ ਸਮਾਜਿਕ ਮੀਡੀਆ ‘ਤੇ ਸਰਗਰਮ ਹਨ। ਇਹਨਾਂ ਦੀ ਲੇਖਣੀ ਹਕੀਕਤ ਨਾਲ਼ ਜੁੜੀ ਆਮ ਮਨੁੱਖ ਦੇ ਦੁੱਖ ਸੁੱਖ ਦੀ ਤਰਜਮਾਨੀ ਕਰਦੀ ਹੈ। ਔਰਤਾਂ ਦੇ ਹੱਕਾਂ ਦੇ ਨਾਲ਼-ਨਾਲ਼ ਫ਼ਰਜ਼ਾਂ ਦੀ ਗੱਲ਼ ਕਰਦਿਆਂ ਆਪ ਨੇ ਆਪਣੀ ਕਵਿਤਾ ” ਔਰਤ ” ਵਿਚ ਇਕ ਥਾਂ ਲਿਖਿਆ ਹੈ :

“ਹਰ ਔਰਤ ਸਿਖਾਏ ਆਪਣੇ ਪੁੱਤ ਨੂੰ
ਹਰ ਰੂਪ ਵਿਚਲੀ ਔਰਤ ਦਾ ਸਤਿਕਾਰ ਕਰਨਾ,
ਤਾਂ ਹੀ ਹੋਵੇਗੀ ਸਿਰਜਣਾ
ਸੋਹਣੇ ਲੋਕਾਂ ਦੀ ਅਤੇ
ਸੋਹਣੀ ਸੀਰਤ ਵਾਲੇ ਸਮਾਜ ਦੀ।”

ਸਮਾਜਿਕ ਵਿਸ਼ਿਆਂ ‘ਤੇ ਵੀ ਇਨ੍ਹਾਂ ਦੀ ਕਵਿਤਾ ” ਇਨਕਲ਼ਾਬ ” ਵਿੱਚੋਂ ਇਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ :
“ਇਤਿਹਾਸ ਗਵਾਹ ਹੈ
ਤਾਨਾਸ਼ਾਹੀ ਦਾ ਅੰਤ
‘ ਇਨਕਲਾਬ ‘ ਨਾਲ ਹੀ ਹੋਇਆ ;
ਤੇ ਇਨਕਲਾਬ ਸਦਾ
ਜਿੰਦਾਬਾਦ ਸੀ,
ਜਿੰਦਾਬਾਦ ਹੈ ,
ਅਤੇ ਜਿੰਦਾਬਾਦ ਹੀ ਰਹੇਗਾ।”

ਆਪਣੇ ਕਿੱਤੇ ਅਧਿਆਪਨ ਨੂੰ ਆਪ ਤਨ-ਮਨ-ਧਨ ਤੋਂ ਪੂਰੀ ਤਰ੍ਹਾਂ ਸਮਰਪਿਤ ਹਨ। ਆਪਣੇ ਵਿਦਿਆਰਥੀਆਂ ਵਿੱਚ ਵਿਸ਼ੇਸ਼ ਸਥਾਨ ਰੱਖਦਿਆਂ ਹੋਇਆਂ ਸਕੂਲ ਦੀ ਹਰ ਸੱਭਿਆਚਾਰ ਗਤੀਵਿਧੀਆਂ ਨੂੰ ਵੀ ਇਹ ਤਨਦੇਹੀ ਨਾਲ਼ ਨਿਭਾਉਂਦੇ ਹਨ। ਆਪਣੇ ਸਾਥੀ ਅਧਿਆਪਕਾਂ ਨਾਲ਼ ਵੀ ਇਹਨਾਂ ਦੇ ਬੜੇ ਮਿਲਣਸਾਰ, ਸਤਿਕਾਰਤ ਅਤੇ ਘਰੇਲੂ ਸੰਬੰਧ ਹਨ। ਆਪਣੇ ਸਕੂਲ ਨੂੰ ਇਹ ਸਭ ਤੋਂ ਉੱਤਮ ਥਾਂ ‘ਤੇ ਰੱਖਦੇ ਹਨ। ਆਪਣੇ ਵਿਦਿਆਰਥੀਆਂ ਨਾਲ਼ ਪੜ੍ਹਾਈ ਦੇ ਨਾਲ਼-ਨਾਲ਼ ਸਮਾਜਿਕ, ਆਰਥਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਵਿਸ਼ੇ ‘ਤੇ ਵਿਚਾਰ ਚਰਚਾ ਕਰਦੇ ਰਹਿੰਦੇ ਹਨ। ਵਿਸ਼ੇਸ਼ ਕਰਕੇ ਕੁੜੀਆਂ ਨੂੰ ਸਮਾਜ ਵਿੱਚ ਮਜ਼ਬੂਤੀ ਨਾਲ਼ ਵਿਚਰਨ ਲਈ ਪ੍ਰੇਰਿਤ ਕਰਨਾ ਆਪਣਾ ਇਖਲਾਕੀ ਫ਼ਰਜ਼ ਸਮਝਦੇ ਹਨ।

ਸਾਹਿਤ ਨਾਲ ਇਨ੍ਹਾਂ ਦਾ ਗੂੜ੍ਹਾ ਪਿਆਰ ਸਾਫ ਦੱਸ ਰਿਹਾ ਹੈ ਕੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੀ ਕਲਮ ਸਾਹਿਤ ਦੇ ਹਰ ਰੂਪ ਵਿੱਚ ਤਰੱਕੀ ਕਰਦੀ ਹੋਈ ਲੇਖਕਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਹੋ ਜਾਵੇਗੀ।ਅੱਜਕੱਲ੍ਹ ਮੈਂ ਆਮ ਦੇਖਿਆ ਹੈ ਕਿ ਜ਼ਿਆਦਾਤਰ ਲੇਖਕ ਕਵਿਤਾ ਤੇ ਖੁੱਲ੍ਹੀ ਕਵਿਤਾ ਹੀ ਲਿਖਦੇ ਹਨ,ਪਰ ਬੀਬਾ ਜੀ ਕਵਿਤਾ ਗੀਤਾਂ ਤੇ ਵਾਰਤਕ ਨਾਲ ਪੂਰਨ ਰੂਪ ਨਾਲ ਜੁੜੇ ਹੋਏ ਹਨ।ਇਨ੍ਹਾਂ ਦੀ ਕਲਮ ਦੀ ਇੱਕ ਖ਼ਾਸੀਅਤ ਹੈ ਇਹ ਪਿਆਰ ਮੁਹੱਬਤਾਂ ਤੋਂ ਕੋਹਾਂ ਦੂਰ ਸਾਡੇ ਅੱਜ ਦੇ ਸਮਾਜ ਦੇ ਦੁੱਖ ਸੁੱਖ ਨੇੜਿਓਂ ਵੇਖ ਕੇ ਕਲਮ ਨਾਲ ਪੂਰੀ ਤਸਵੀਰ ਉਲੀਕ ਦਿੰਦੇ ਹਨ।ਇਨ੍ਹਾਂ ਦੀ ਕਲਮ ਦੀ ਇੱਕ ਖ਼ਾਸੀਅਤ ਹੈ ਇਹ ਕਿਸੇ ਲੇਖਕ ਦੀ ਕਾਪੀ ਨਹੀਂ ਕਰਦੇ,ਆਪਣੀ ਗਹਿਰੀ ਸੋਚ ਨਾਲ ਨਵੇਂ ਰਸਤੇ ਬਣਾਉਂਦੇ ਤੇ ਉਲੀਕਦੇ ਹਨ ਜੋ ਪਾਠਕਾਂ ਨੂੰ ਸਹੀ ਰਸਤਾ ਸਹੀ ਰੂਪ ਵਿਚ ਵਿਖਾਉਂਦੇ ਹਨ।ਇਹਨਾਂ ਦੀ ਆਪਣੀ ਕਵਿਤਾ ” ਜ਼ਿੰਦਗੀ ਦੇ ਰੰਗ ” ਵੀ ਖੁਦ ਇਸ ਦੀ ਤਰਜਮਾਨੀ ਕਰਦੀ ਹੈ :
“ਬਾਰਿਸ਼ ਤੂਫ਼ਾਨ ਕਦੇ ਵੀ ਰੋਕ ਨਾ ਸਕੇ,
ਮਿੱਥੀਆਂ ਮੰਜ਼ਿਲਾਂ ਵਾਲੇ ਰਾਹੀਆਂ ਨੂੰ ।
ਦਿਲ ਦੇ ਜ਼ਜਬਾਤ ਵੀ ਰੋਕ ਨਾ ਸਕੇ ,
ਲਿਖਣੋ ਕਲਮਾਂ ਅਤੇ ਸਿਆਹੀਆਂ ਨੂੰ।”

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਕੀ ਹੈ ? ਇਸ ਨੂੰ ਕਿੰਝ ਪਰਿਭਾਸ਼ਿਤ ਕਰੋਗੇ ??
Next articleਪਿੰਡ ਠੱਟਾ ਪੁਰਾਣਾ ਵਿਖੇ ਵਿਧਾਇਕ ਚੀਮਾ ਨੇ ਪੁਲ ਦਾ ਕੀਤਾ ਸ਼ੁਭ ਆਰੰਭ