ਪਿੰਡ ਠੱਟਾ ਪੁਰਾਣਾ ਵਿਖੇ ਵਿਧਾਇਕ ਚੀਮਾ ਨੇ ਪੁਲ ਦਾ ਕੀਤਾ ਸ਼ੁਭ ਆਰੰਭ

ਫੋਟੋ ਕੈਪਸ਼ਨ - ਪਿੰਡ ਠੱਟਾ ਪੁਰਾਣਾ ਵਿਖੇ ਸੂਜੋਕਾਲੀਆ ਠੱਟਾ ਪੁਰਾਣਾ ਸੜਕ ਤੇ ਨਵੇਂ ਬਣਨ ਵਾਲੇ ਪੁਲ ਦਾ ਸ਼ੁਭ ਆਰੰਭ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਮੰਗਲ ਸਿੰਘ ਭੱਟੀ,ਜਗਜੀਤ ਸਿੰਘ ਚੰਦੀ, ਇੰਦਰਜੀਤ ਸਿੰਘ ਲਿਫਟਰ ਤੇ ਹੋਰ

ਹਮੇਸ਼ਾ ਹੀ ਹਲਕੇ ਦੀ ਬਿਹਤਰੀ ਤੇ ਖੁਸ਼ਹਾਲੀ ਲਈ ਕੰਮ ਕੀਤਾ – ਵਿਧਾਇਕ ਚੀਮਾ

ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਅਸੀਂ ਦਿਨ ਰਾਤ ਹਲਕੇ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ ਪਰ ਕੁਝ ਆਧਾਰਹੀਣ ਆਗੂ ਹਲਕੇ ਵਿਚ ਗੁੰਮਰਾਹਕੁਨ ਪ੍ਰਚਾਰ ਕਰਕੇ ਜੋ ਵਿਕਾਸ ਸੰਬੰਧੀ ਝੂਠੇ ਤੇ ਬੇਬੁਨਿਆਦ ਇਲਜ਼ਾਮ ਸਿਰਫ਼ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਕਰ ਰਹੇ ਹਨ ਉਨ੍ਹਾਂ ਨੂੰ ਹਲਕੇ ਦੀ ਜਨਤਾ 2022 ਦੀਆਂ ਚੋਣਾਂ ‘ਚ ਪਿਛਲੀਆਂ ਚੋਣਾਂ ਵਾਂਗ ਜਵਾਬ ਦੇ ਕੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗੀ। ਇਹ ਵਿਚਾਰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਠੱਟਾ ਪੁਰਾਣਾ ਵਿਖੇ ਸੂਜੋਕਾਲੀਆ ਠੱਟਾ ਪੁਰਾਣਾ ਸੜਕ ਤੇ 26 ਲੱਖ ਦੀ ਲਾਗਤ ਨਾਲ 28 ਫੁੱਟ ਚੌੜੇ ਅਤੇ 37 ਫੁੱਟ ਲੰਮੇ ਨਵੇਂ ਪੁਲ ਦੇ ਨਿਰਮਾਣ ਕਾਰਜਾਂ ਦੀ ਅਰੰਭਤਾ ਮੌਕੇ ਕਹੇ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੂੰਹ ਵਿਚੋਂ ਵਿਕਾਸ ਸ਼ਬਦ ਸ਼ੋਭਾ ਨਹੀਂ ਦਿੰਦਾ, ਕਿਉਂਕਿ ਲੰਮੇ ਸਮੇਂ ਤਕ ਹਲਕੇ ਵਿਚ ਰਾਜ ਕਰਨ ਵਾਲੀ ਪਾਰਟੀ ਨੇ ਕੋਈ ਵਿਕਾਸ ਨਹੀਂ ਕਰਵਾਇਆ ਸਮੁੱਚੇ ਹਲਕੇ ਦੇ ਪਿੰਡ ਜ਼ਰੂਰੀ ਸੁਵਿਧਾਵਾਂ ਨੂੰ ਤਰਸ ਰਹੇ ਸਨ।ਉਨ੍ਹਾਂ ਦੱਸਿਆ ਕਿ 550 ਸਾਲਾ ਗੁਰਪੁਰਬ ਮੌਕੇ ਜੋ ਹਲਕੇ ਦੇ ਵਿਕਾਸ ਲਈ ਰਾਸ਼ੀ ਮਨਜ਼ੂਰ ਕਰਵਾ ਕੇ ਪਿੰਡਾਂ ਅਤੇ ਸ਼ਹਿਰ ਦੇ ਵਿਕਾਸ ਕਰਵਾਏ ਹਨ ਓਨੇ ਸ਼ਾਇਦ ਸੂਬੇ ਦੇ 117 ਵਿਧਾਨ ਸਭਾ ਹਲਕੇ ਦੇ ਕਿਸੇ ਹਲਕੇ ਵਿੱਚ ਵੀ ਨਹੀਂ ਹੋਏ। ਅੱਜ ਇਹ ਪਾਵਨ ਨਗਰੀ ਵਿਸ਼ਵ ਦੇ ਨਕਸ਼ੇ ਤੇ ਆਈ ਹੈ ਜਿਸ ਨਾਲ ਸਾਡੀ ਕੌਮ ਦਾ ਵੀ ਸਿਰ ਉੱਚਾ ਹੋਇਆ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਮਾਣ ਸਨਮਾਨ ਜੱਸ ਵੀ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਜਿਸ ਦੇ ਸਮੇਂ ‘ਚ ਇਹ ਮਹਾਨ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ ਹੈ ਜਿਸ ਲਈ ਮੈ ਵਾਰ ਵਾਰ ਉਸ ਸੱਚੇ ਪਾਤਸ਼ਾਹ ਦੇ ਚਰਨਾਂ ‘ਚ ਕੋਟਨ ਕੋਟਿ ਪ੍ਰਣਾਮ ਕਰਦਾ ਹਾਂ ।

ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ‘ਚ ਹੁਣ ਤਕ 21 ਪੁਲਾਂ ਦਾ ਨਿਰਮਾਣ ਕਰਕੇ ਸਾਰੇ ਸੂਬੇ ‘ਚ ਰਿਕਾਰਡ ਤੋੜ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਬੱਸ ਸਟੈਂਡ , ਰੇਲਵੇ ਸਟੇਸ਼ਨ, ਸ਼ਹਿਰ ਚ ਐੱਲ ਈ ਡੀ ਲਾਈਟਾਂ, 66 ਕੇ ਵੀ ਨਵਾਂ ਗਰਿੱਡ, ਹਲਕੇ ਨੂੰ ਸਮਾਰਟ ਸਿਟੀ ਤਹਿਤ ਲਿਆਉਣ , ਡਡਵਿੰਡੀ ਸੁਲਤਾਨਪੁਰ ਲੋਧੀ ਰੋਡ ਨੂੰ ਫੋਰ ਲੇਨ ਬਣਾਉਣ ਤੋਂ ਇਲਾਵਾ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ ਵਾਂਗ ਗਰਾਂਟਾਂ ਦੇ ਕੇ ਸੁੰਦਰ ਤੇ ਸਵੱਛ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕੇ ‘ਚ ਇਹ ਹਾਲਾਤ ਹਨ ਕਿ ਸੁਖਬੀਰ ਨੂੰ ਪਾਰਟੀ ਦਾ ਕੋਈ ਵੀ ਵਰਕਰ ਜਾਂ ਆਗੂ ਚੋਣ ਲੜਨ ਦੇ ਕਾਬਲ ਨਹੀਂ ਵਿਖਾਈ ਦਿੱਤਾ। ਜਿਸ ਕਾਰਨ ਉਹ ਇੱਕ ਅਹਿਸਾਨ ਫਰਮੋਸ਼ ਕਾਂਗਰਸ ਪਾਰਟੀ ਦੇ ਆਗੂ ਨੂੰ ਸ਼ਾਮਲ ਕਰਕੇ ਟਿਕਟ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜੋ ਆਗੂ ਬੀਤੇ ਸਾਢੇ 4 ਸਾਲ ਕਾਂਗਰਸ ਸਰਕਾਰ ਦੇ ਹੋਣ ਦਾ ਸੁੱਖ ਭੋਗਦਾ ਰਿਹਾ ਅੱਜ ਮਤਲਬ ਲਈ ਪਾਰਟੀ ਦੀ ਪਿੱਠ ‘ਚ ਛੁਰਾ ਮਾਰਨ ਜਾ ਰਿਹਾ ਹੈ ਉਸ ਨੂੰ ਭਲਕੇ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦਾ ਜੰਮ ਪਲ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਹਲਕੇ ਦਾ ਹੋ ਗਿਆ ਹੈ ਜੋ ਵਿਅਕਤੀ ਹਲਕੇ ‘ਚ ਕਦੇ ਲੋਕਾਂ ‘ਚ ਵਿਚਰਿਆ ਨਾ ਹੋਵੇ ਨਾ ਕਦੇ ਹੀ ਸੁੱਖ ਦੁੱਖ ਵਿੱਚ ਸ਼ਾਮਲ ਹੋਇਆ ਹੋਵੇ ਉਹ ਹਲਕੇ ਦਾ ਕਿਵੇਂ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਤੇ ਤਿੱਖਾ ਵਿਅੰਗ ਕੱਸਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਇਸ ਵਿਅਕਤੀ ਦੀ ਨੀਹ ਇੱਕ ਝੂਠ ਫਰੇਬ ਤੇ ਆਧਾਰਿਤ ਇਕ ਪਾਰਟੀ ਤੋਂ ਬਣੀ ਹੈ ਜੋ ਸਿਰਫ ਕੁਰਸੀ ਦੀ ਖਾਤਰ ਕੁਝ ਵੀ ਕਰਨ ਨੂੰ ਤਿਆਰ ਹੈ । ਹਲਕੇ ਦੇ ਲੋਕਾਂ ਵੱਲੋਂ ਨਕਾਰਿਆ ਗਿਆ ਇਹ ਆਗੂ ਫਿਰ ਦਲ ਬਦਲੀ ਕਰਕੇ ਸੱਤਾ ਦਾ ਸੁੱਖ ਭੋਗਣ ਦੇ ਸੁਪਨੇ ਦੇਖ ਰਿਹਾ ਹੈ ਜਿਸ ਦੇ ਇਹ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ।

ਸਮਾਗਮ ਨੂੰ ਮੰਗਲ ਸਿੰਘ ਭੱਟੀ ਚੇਅਰਮੈਨ ,ਕਿਸਾਨ ਸੈੱਲ ਦੇ ਚੇਅਰਮੈਨ ਜਗਜੀਤ ਸਿੰਘ ਚੰਦੀ ਪਿਥੋਰਾਹਲ, ਇੰਦਰਜੀਤ ਸਿੰਘ ਲਿਫਟਰ ਮੈਂਬਰ ਬਲਾਕ ਸੰਮਤੀ, ਪ੍ਰਧਾਨ ਪ੍ਰਭਦਿਆਲ ਸਿੰਘ ਸੈਦਪੁਰ, ਸਰਪੰਚ ਲਖਵਿੰਦਰ ਸਿੰਘ ਸੈਦਪੁਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹਲਕੇ ਦੀ ਇਹ ਖੁਸ਼ਕਿਸਮਤੀ ਹੈ ਜਿਸ ਨੂੰ ਇੱਕ ਨੌਜਵਾਨ, ਜੁਝਾਰੂ, ਮਿਹਨਤੀ, ਨਿਧੜਕ ਵਿਧਾਇਕ ਨਵਤੇਜ ਚੀਮਾ ਮਿਲਿਆ ਹੈ ਜਿਸ ਦੇ ਅੰਦਰ ਹਲਕੇ ਦੇ ਵਿਕਾਸ ਲਈ ਇਕ ਜਨੂੰਨ ਭਰਿਆ ਹੋਇਆ ਹੈ ਅਤੇ ਜਿਸ ਨੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਦੀਆਂ ਗਰਾਂਟਾਂ ਦੇ ਗੱਫੇ ਦੇ ਕੇ ਇਸ ਪਾਵਨ ਨਗਰੀ ਦੀ ਤਸਵੀਰ ਹੀ ਬਦਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਪੁਲ ਬਹੁਤ ਹੀ ਪੁਰਾਣਾ ਅਤੇ ਛੋਟਾ ਹੋਣ ਕਰਕੇ ਹਮੇਸ਼ਾ ਹੀ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ। ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪ੍ਰਵਾਨ ਕਰਕੇ ਵਿਧਾਇਕ ਚੀਮਾ ਨੇ ਸ਼ਲਾਘਾਯੋਗ ਕੰਮ ਕੀਤਾ।

ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਨਗਰ ਨਿਵਾਸੀਆਂ ਨੇ ਸਨਮਾਨਤ ਕਰ ਕੇ ਪਿੰਡ ‘ਚ ਪੁੱਜਣ ਲਈ ਧੰਨਵਾਦ ਕੀਤਾ। ਇਸ ਮੌਕੇ ਵਾਈਸ ਚੇਅਰਮੈਨ ਬਲਾਕ ਸੰਮਤੀ ਮੰਗਲ ਸਿੰਘ ਭੱਟੀ, ਸਰਪੰਚ ਮਲਕੀਤ ਸਿੰਘ ਠੱਟਾ ਨਵਾਂ,ਮਾ ਬਲਬੀਰ ਸਿੰਘ, ਮਾ ਰਣਜੀਤ ਸਿੰਘ, ਨਰਿੰਦਰ ਸਿੰਘ, ਸਲਿੰਦਰ ਸਿੰਘ, ਸੁਖਦੇਵ ਸਿੰਘ ਸੋਢੀ, ਜਸਵਿੰਦਰ ਸਿੰਘ, ਸੁਖਵੰਤ ਸਿੰਘ, ਸੁਖਵਿੰਦਰ ਸਿੰਘ ਸਾਬਾ ਠੇਕੇਦਾਰ, ਲਖਵੀਰ ਸਿੰਘ ਖਿੰਡਾ, ਸੁਰਿੰਦਰ ਸਿੰਘ,ਹਰਜਿੰਦਰ ਸਿੰਘ, ਹਜੂਰਾ ਸਿੰਘ, ਗਿਆਨ ਸਿੰਘ, ਚਰਨ ਸਿੰਘ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ,ਪ੍ਰਤਾਪ ਸਿੰਘ, ਗੁਰਸ਼ਰਨ ਸਿੰਘ, ਗੁਰਸ਼ਰਨ ਵਿਕੀ ਠੇਕੇਦਾਰ, ਜੇਈ ਸੰਤੋਖ ਸਿੰਘ ਸੰਮੀ, ਬਲਜਿੰਦਰ ਪੀ ਏ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਅਤੇ ਸਿੱਖਿਆ ਦਾ ਸੁਮੇਲ ਮਾਲਵੇ ਦੀ ਜੰਮਪਲ਼ : ਵੀਨਾ ਬਟਾਲਵੀ
Next articleਐੱਸ.ਡੀ. ਕਾਲਜ ‘ਚ ਦੋ ਦਿਨਾ ਪ੍ਰਤਿਭਾ ਖੋਜ ਮੁਕਾਬਲੇ ਧੂਮਧਾਮ ਨਾਲ ਸੰਪੰਨ