ਖ਼ੂਬਸੂਰਤ ਤੋਹਫ਼ਾ : ਜ਼ਿੰਦਗੀ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਵੈਸੇ ਤਾਂ ਜ਼ਿੰਦਗੀ ਦੇ ਬਾਰੇ ਵਿਚ ਕੋਈ ਨਿਰਧਾਰਿਤ ਵਿਆਖਿਆ ਨਹੀਂ ਕੀਤੀ ਜਾ ਸਕਦੀ ; ਕਿਉਂਕਿ ਹਰ ਇੱਕ ਬੰਦੇ ਦੀ ਨਜ਼ਰ ਵਿੱਚ ਜ਼ਿੰਦਗੀ ਦੀ ਅਲੱਗ – ਅਲੱਗ ਪਰਿਭਾਸ਼ਾ ਹੈ । ਪਰ ਇੱਕ ਗੱਲ ਜ਼ਰੂਰ ਹੈ ਕਿ ਸਾਡੀ ਜ਼ਿੰਦਗੀ ਪਰਮਾਤਮਾ ਦਾ ਇੱਕ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ ਅਤੇ ਅਦਭੁੱਤ ਰਚਨਾ ਹੈ। ਇਸ ਮਨੁੱਖੀ ਜੀਵਨ ਦੀ ਅਦਭੁੱਤ ਪ੍ਰਾਪਤੀ ਸਾਨੂੰ ਪਤਾ ਨਹੀਂ ਕਿਹੜੇ – ਕਿਹੜੇ ਚੰਗੇ ਕਰਮਾਂ , ਨਾਮ ਬੰਦਗੀ ਜਾਂ ਪ੍ਰਭੂ ਦੀ ਕਿਸ ਕ੍ਰਿਪਾ ਸਦਕਾ ਪ੍ਰਾਪਤ ਹੋਈ ਹੈ। ਇਸ ਲਈ ਇਸ ਜੀਵਨ ਵਿੱਚ ਚੰਗੇ ਕਰਮਾਂ , ਸਹੀ ਸੋਚ, ਪਰਉਪਕਾਰ ਦੇ ਕੰਮਾਂ ਅਤੇ ਪ੍ਰਮਾਤਮਾ ਦੀ ਬੰਦਗੀ ਕਰਨ ਲਈ ਸਾਨੂੰ ਤੱਤਪਰ ਰਹਿਣ ਦੀ ਲੋੜ ਹੈ ।

ਇਸ ਸਭ ਦੇ ਲਈ ਜ਼ਰੂਰਤ ਹੈ ਕਿ ਅਸੀਂ ਕਿਸੇ ਦੇਵੀਯ ਚਮਤਕਾਰ ਦੀ ਆਸ ਜਾਂ ਹਮੇਸ਼ਾ ਕਲਪਨਾ ਭਰੀ ਜ਼ਿੰਦਗੀ ‘ਚ ਰਹਿਣ ਤੋਂ ਬਾਹਰ ਨਿਕਲੀਏ ਅਤੇ ਜ਼ਿੰਦਗੀ ਦੀ ਅਸਲੀਅਤ , ਮਿਹਨਤ , ਸੰਘਰਸ਼ , ਸਿਦਕ , ਸਿਰੜ ਤੋਂ ਜਾਣੂ ਹੋ ਕੇ ਇਸ ਉੱਤੇ ਚੱਲੀਏ ।ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਜ਼ਰੂਰਤ ਹੈ ਕਿ ਅਸੀਂ ਬੁਰਾਈਆਂ , ਊਚ – ਨੀਚ , ਅੰਧਵਿਸ਼ਵਾਸਾਂ , ਚੋਰੀ ਚੁਗਲੀ ਆਦਿ ਕੁਕਰਮਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਅਤੇ ਪਰਮਾਤਮਾ ‘ਤੇ ਭਰੋਸਾ ਕਰਕੇ ਮਿਹਨਤ ਦਾ ਪੱਲਾ ਫੜੀ ਰੱਖੀਏ । ਕਿਉਂਕਿ ਕਈ ਇਨਸਾਨ ਔਖੀਆਂ ਘੜੀਆਂ ਵਿੱਚ ਥਿੜਕ ਕੇ ਆਤਮ ਹੱਤਿਆ ਦਾ ਰਸਤਾ ਅਖ਼ਤਿਆਰ ਕਰ ਲੈਂਦੇ ਹਨ , ਜੋ ਕਿ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਤੇ ਇਸ ਖੂਬਸੂਰਤ ਤੋਹਫੇ ਦਾ ਘੋਰ ਅਪਮਾਨ ਹੈ। ਸਮਾਂ ਅਤੇ ਸਥਿਤੀਆਂ ਕਦੇ ਵੀ ਕਿਸੇ ਦੀਆਂ ਇਕੋ ਜਿਹੀਆਂ ਨਹੀਂ ਰਹੀਆਂ ਤੇ ਨਾ ਹੀ ਰਹਿੰਦੀਆਂ ਹਨ , ਇਹ ਇੱਕ “ਅਟੱਲ ਸੱਚਾਈ” ਹੈ ।

ਹਰ ਹਨੇਰੀ ਰਾਤ ਤੋਂ ਬਾਅਦ ਖੂਬਸੂਰਤ ਦਿਨ ਦਾ ਆਗਾਜ਼ ਜ਼ਰੂਰ ਹੁੰਦਾ ਹੈ। ਕਹਿੰਦੇ ਵੀ ਹਨ ਕਿ ਪਰਮਾਤਮਾ ਜੋ ਕਰਦਾ ਹੈ ਉਹ ਸਾਡੇ ਲਈ ਠੀਕ ਹੀ ਕਰਦਾ ਹੈ । ਇਸ ਦਾ ਪਤਾ ਸਾਨੂੰ ਕੁਝ ਦੇਰ ਬਾਅਦ ਲੱਗਦਾ ਹੈ । ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੀਵਨ ਨੂੰ ਕਰਮਸ਼ੀਲ ਰੱਖੀਏ, ਮਨ ਨੂੰ ਕਿਸੇ ਚੰਗੇ ਪਾਸੇ ਲਾਈ ਰੱਖਣਾ ਅਤੇ ਸਹੀ ਤੇ ਉਸਾਰੂ ਸੋਚ ਸੋਚਣੀ ਜ਼ਿੰਦਗੀ ਜਿਉੂਣ ਲਈ ਬਹੁਤ ਜ਼ਰੂਰੀ ਹੈ। ਸਮਾਂ ਮਿਲੇ ਤਾਂ ਅਖ਼ਬਾਰਾਂ , ਚੰਗੀਆਂ ਪੁਸਤਕਾਂ , ਪ੍ਰੇਰਕ ਪ੍ਰਸੰਗ , ਜੀਵਨੀਆਂ ਆਦਿ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ।ਚੰਗੇ ਦੋਸਤਾਂ ਦਾ ਸਾਥ ਰੱਖਣ ਨਾਲ ਵੀ ਜ਼ਿੰਦਗੀ ਦੀ ਉਜਾੜ ਤੇ ਬੰਜਰ ਜ਼ਮੀਨ ਵੀ ਖ਼ੁਸ਼ੀਆਂ ਖੇੜੇ ਬਿਖੇਰਨ ਲੱਗ ਪੈਂਦੀ ਹੈ ।ਬਹੁਤ ਜ਼ਿਆਦਾ ਮੋਬਾਈਲ ਫੋਨਾਂ ਜਾਂ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਉਲਝੇ ਰਹਿਣਾ ਵੀ ਸਾਨੂੰ ਆਪਣੇ – ਆਪ ਤੇ ਆਪਣਿਆਂ ਤੋਂ ਦੂਰ ਕਰਦਾ ਹੈ ।

ਇਸ ਲਈ ਆਪਣੇ ਅਤੇ ਆਪਣਿਆਂ ਲਈ ਵੀ ਸਮਾਂ ਦਿਓ , ਉਨ੍ਹਾਂ ਦੀਆਂ ਭਾਵਨਾਵਾਂ ਉਮੰਗਾਂ , ਵਿਚਾਰਾਂ ਅਤੇ ਖਵਾਹਿਸ਼ਾਂ ਨੂੰ ਜਾਣੋ ਅਤੇ ਉਨ੍ਹਾਂ ਦੀ ਕਦਰ ਕਰੋ । ਜ਼ਿੰਦਗੀ ਵਿੱਚ ਪਰਿਵਾਰ ਦਾ ਸਾਥ, ਬੱਚਿਆਂ ਦਾ ਪਿਆਰ , ਬਜ਼ੁਰਗਾਂ ਦਾ ਸਤਿਕਾਰ ਅਤੇ ਇੱਕ ਦੂਜੇ ਦਾ ਸਹਿਯੋਗ ਜ਼ਰੂਰ ਕਰਨਾ ਤੇ ਲੈਣਾ ਚਾਹੀਦਾ ਹੈ ਤੇ ਹੈ ਵੀ ਜ਼ਰੂਰੀ । ਸਾਦਾ ਜੀਵਨ ਹੀ ਅਸਲ ਖੁਸ਼ੀ ਦਿੰਦਾ ਹੈ। ਇਸ ਲਈ ਦੁਨੀਆ ਦੇ ਡਰੋਂ ਜਾਂ ਝੂਠੇ ਦਿਖਾਵੇ ਤੋਂ ਅਸੀਂ ਜ਼ਿੰਦਗੀ ਵਿੱਚ ਜਿੰਨਾ ਬਚ ਕੇ ਰਹਾਂਗੇ , ਉਨਾ ਹੀ ਜ਼ਿਆਦਾ ਵਧੀਆ ਜੀਵਨ ਗੁਜ਼ਰ ਸਕਦਾ ਹੈ । ਜਿਸ ਨੇ ਵੀ ਬੇਲੋੜੇ ਲੋਭ – ਲਾਲਚ ਅਤੇ ਫੋਕੀ ਸ਼ੋਹਰਤ ਤੋਂ ਆਪਣੇ ਆਪ ਨੂੰ ਬਚਾ ਲਿਆ, ਉਹ ਹੀ ਵਧੀਆ ਰਿਹਾ ।

“ਲੋਕ ਕੀ ਕਹਿਣਗੇ” ਜਾਂ “ਲੋਕ ਕੀ ਸੋਚਣਗੇ” ਆਦਿ ਆਦਿ ਭਰਮ ਭੁਲੇਖੇ ਬਾਰੇ ਕਦੀ ਵੀ ਵਿਚਾਰ ਨਾ ਕਰੋ।ਕਿਉਂਕਿ ਦੁਨੀਆਂ ਦੀ ਪ੍ਰਵਾਹ ਜਾਂ ਲੋਕਾਚਾਰ ਨੂੰ ਮੰਨਣ ਤੇ ਮਾਨਤਾ ਦੇਣ ਵਾਲਾ ਕਦੇ ਵੀ ਸਫ਼ਲ, ਸ਼ਾਂਤੀ ਅਤੇ ਸਕੂਨ ਵਾਲੀ ਜ਼ਿੰਦਗੀ ਬਤੀਤ ਨਹੀਂ ਕਰ ਸਕਿਆ । ਸੋ ਖੁਸ਼ੀਆਂ ਵੰਡਣ , ਦੂਜਿਆਂ ਦੇ ਦੁੱਖ ਘਟਾਉਣ ਤੇ ਵੰਡਾਉਣ , ਭਲਾ ਸੋਚਣ ਅਤੇ ਭਲਾ ਕਰਨ ਵਿੱਚ ਹੀ ਜ਼ਿੰਦਗੀ ਦਾ ਅਸਲ ਆਨੰਦ ਹੈ । ਜ਼ਿੰਦਗੀ ਨੂੰ ਜੀਓ , ਜੀਅ ਭਰਕੇ ਜੀਓ ਅਤੇ ਪ੍ਰਮਾਤਮਾ ਨੂੰ ਯਾਦ ਰੱਖੋ ; ਕਿਉਂਕਿ ਸੱਚਮੁੱਚ ਹੀ ਜ਼ਿੰਦਗੀ ਇਕ ਖੂਬਸੂਰਤ ਅਤੇ ਅਨਮੋਲ ਤੋਹਫ਼ਾ ਹੈ ਤੇ ਇਸ ਦੇ ਹਰ ਇੱਕ ਦਿਨ ਅਤੇ ਹਰ ਇੱਕ ਪਲ ਨੂੰ ਵਿਅਰਥ ਨਾ ਗਵਾਓ ।

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ,
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ੍ਰੀ ਅਨੰਦਪੁਰ ਸਾਹਿਬ
9478561356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂ ਢੀਂਗਾ ਦੇ ਬੀ ਸੀ ਏ ਦੇ ਨਤੀਜੇ ਸ਼ਾਨਦਾਰ ਰਹੇ
Next articleਗੁਰਗਿਆਂ ਤੇ ਸ਼ਿਕੰਜਾ