ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ): ਲਾਇਨ ਕਲੱਬ ਰਾਏਕੋਟ ਵੱਲੋਂ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਰੋਜ਼ਾਨਾ ਵਰਤੋਂ ਦਾ ਜ਼ਰੂਰੀ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐੱਮ.ਜੇ.ਐੱਫ. ਗੁਲਸ਼ਨ ਮਿੱਤਲ ਨੇ ਕਿਹਾ ਕਿ ਸਮਾਜ ਵਿੱਚ ਬਿਰਧ ਆਸ਼ਰਮਾਂ ਦਾ ਹੋਣਾ ਆਪਣੇ ਆਪ ਵਿੱਚ ਇੱਕ ਦੁੱਖਦਾਈ ਹਕੀਕਤ ਹੈ। ਉਨ੍ਹਾਂ ਕਿਹਾ ਕਿ ਇੱਕ ਮਾਂ-ਬਾਪ ਆਪਣੀਆਂ ਚਾਰ-ਪੰਜ ਔਲਾਦਾਂ ਨੂੰ ਪਾਲ-ਪੋਸ ਕੇ ਵੱਡਾ ਕਰ ਲੈਂਦੇ ਹਨ, ਪਰ ਕਈ ਵਾਰ ਸਾਰੀਆਂ ਔਲਾਦਾਂ ਮਿਲ ਕੇ ਵੀ ਆਪਣੇ ਮਾਤਾ-ਪਿਤਾ ਦੀ ਸੰਭਾਲ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਬਿਰਧ ਆਸ਼ਰਮ ਪਿਛਲੇ ਲੰਮੇ ਸਮੇਂ ਤੋਂ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਹੈ ਅਤੇ ਲਾਇਨ ਕਲੱਬ ਰਾਏਕੋਟ ਵੀ ਸਮੇਂ-ਸਮੇਂ ‘ਤੇ ਆਸ਼ਰਮ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਇਸ ਮੌਕੇ ਆਸ਼ਰਮ ਨੂੰ ਦਾਲ, ਆਟਾ, ਚੌਲ, ਫਲ, ਬਿਸਕੁਟ, ਚਾਹ ਪੱਤੀ, ਚੀਨੀ ਸਮੇਤ ਹੋਰ ਰੋਜ਼ਾਨਾ ਲੋੜੀਂਦਾ ਸਮਾਨ ਭੇਟ ਕੀਤਾ ਗਿਆ। ਗੁਲਸ਼ਨ ਮਿੱਤਲ ਨੇ ਆਸ਼ਰਮ ਦੀ ਸੰਚਾਲਿਕਾ ਰਵੀ ਦੇਵਗਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਦੇ ਹੋਏ ਲੰਮੇ ਸਮੇਂ ਤੋਂ ਨਿਸ਼ਕਾਮ ਸੇਵਾ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਦੋਂ ਵੀ ਆਸ਼ਰਮ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇਗੀ, ਲਾਇਨ ਕਲੱਬ ਹਮੇਸ਼ਾ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਰਹੇਗਾ। ਇਸ ਮੌਕੇ ਆਸ਼ਰਮ ਦੀ ਸੰਚਾਲਿਕਾ ਰਵੀ ਦੇਵਗਨ ਨੇ ਲਾਇਨ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਸਹਿਯੋਗ ਅਤੇ ਸਮਾਜ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਸੰਚਾਲਿਕਾ ਰਵੀ ਦੇਵਗਨ ਤੋਂ ਇਲਾਵਾ ਲਾਇਨ ਕਲੱਬ ਦੇ ਪ੍ਰਧਾਨ ਐੱਮ.ਜੇ.ਐੱਫ. ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਖੁਰਮੀ, ਖਜ਼ਾਨਚੀ ਐੱਮ.ਜੇ.ਐੱਫ. ਰਮੇਸ਼ ਗਰਗ, ਐੱਮ.ਜੇ.ਐੱਫ. ਵਿਕਰਮਜੀਤ ਬਾਂਸਲ, ਐੱਮ.ਜੇ.ਐੱਫ. ਕੇ. ਕੇ. ਸ਼ਰਮਾ, ਰਾਜਕੁਮਾਰ, ਅਨਿਲ ਅਗਰਵਾਲ, ਮੀਨੂ ਜੈਨ, ਕੁਲਵੰਤ ਸਿੰਘ, ਰਾਜਿੰਦਰ ਗੋਇਲ, ਨਰੇਸ਼ ਗੋਇਲ, ਪਵਨ ਵਰਮਾ ਅਤੇ ਬੀ.ਆਰ. ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






