(ਸਮਾਜ ਵੀਕਲੀ) ਬਚਪਨ ਦੀਆਂ ਕੁੱਝ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਦੇ ਨਾਲ ਕਦੇ ਮਿਟਦੀਆਂ ਨਹੀਂ, ਸਗੋਂ ਦਿਲ ਦੇ ਹੋਰ ਵੀ ਨੇੜੇ ਆ ਜਾਂਦੀਆਂ ਹਨ। ਮੇਰੇ ਲਈ ਉਹ “ਢਿਆਉਂ ਦਾ ਦਰੱਖਤ” ਵੀ ਐਸੀ ਹੀ ਇੱਕ ਯਾਦ ਹੈ। ਗਰਮੀਆਂ ਦੇ ਦਿਨ, ਸਕੂਲ ਸਾਈਕਲ ਤੇ ਜਾਣਾ, ਤੇ ਵਾਪਸੀ ਵੇਲੇ ਇੰਨੀ ਥਕਾਵਟ ਹੋਣੀ ਕਿ ਮਸਾਂ ਹੀ ਘਰ ਪਹੁੰਚਦੇ ਸੀ। ਪਰ ਉਸ ਸਮੇਂ ਆਰਾਮ ਕਰਨ ਦੀ ਸਮਝ ਹੀ ਨਹੀਂ ਸੀ। ਘਰ ਪਹੁੰਚ ਕੇ ਪਾਣੀ ਪੀਣਾ, ਕੁੱਝ ਖਾ ਲੈਣਾ ਅਤੇ ਫਿਰ ਸਿੱਧਾ ਬਾਹਰ ਖੇਡਣ ਨਿਕਲ ਜਾਣਾ, ਇਹੀ ਰੋਜ਼ ਦੀ ਰੂਟੀਨ ਸੀ। ਸਾਡੇ ਘਰ ਦੇ ਨੇੜੇ ਇੱਕ ਵੱਡਾ “ਢਿਆਉਂ ਦਾ ਦਰੱਖਤ” ਸੀ, ਜਿਸ ਦੇ ਫਲਾਂ ਦਾ ਅਚਾਰ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਬਹੁਤ ਖਾਧਾ ਜਾਂਦਾ ਸੀ। ਪਤਾ ਨਹੀਂ ਕਿਉਂ, ਪਰ ਮੈਨੂੰ ਉਸ ਦਰੱਖਤ ਨਾਲ ਬਹੁਤ ਪਿਆਰ ਹੋ ਗਿਆ ਸੀ। ਸਕੂਲ ਤੋਂ ਆਉਂਦੇ ਹੀ ਮੈਂ ਅਕਸਰ ਉਸ ਦਰੱਖਤ ਉੱਤੇ ਜਾ ਕੇ ਬੈਠ ਜਾਂਦਾ ਸੀ। ਉਸ ਦੀਆਂ ਨੀਵੀਆਂ ਟਾਹਣੀਆਂ ਤੇ ਬੈਠ ਕੇ ਜਾਂ ਉਸ ਨਾਲ ਬੰਨ੍ਹੀ ਪੀਂਘ ਝੂਟਦਿਆਂ ਮੈਨੂੰ ਅਜਿਹਾ ਸਕੂਨ ਮਿਲਦਾ ਸੀ, ਜੋ ਸ਼ਾਇਦ ਕਿਤੇ ਹੋਰ ਨਹੀਂ ਮਿਲਦਾ ਸੀ। ਉਹ ਦਰੱਖਤ ਮੇਰੇ ਲਈ ਸਿਰਫ਼ ਦਰੱਖਤ ਨਹੀਂ ਸੀ। ਜਦੋਂ ਮੈਂ ਘਰ ਦੇ ਕਿਸੇ ਮੈਂਬਰ ਨਾਲ ਨਾਰਾਜ਼ ਹੋ ਜਾਂਦਾ, ਤਾਂ ਵੀ ਮੈਂ ਚੁੱਪਚਾਪ ਉਸ ਦਰੱਖਤ ਕੋਲ ਜਾ ਬੈਠਦਾ ਸੀ। ਲੱਗਦਾ ਸੀ ਜਿਵੇਂ ਉਹ ਦਰੱਖਤ ਮੇਰੀ ਹਰ ਗੱਲ ਬਿਨਾਂ ਕਹੇ ਸਮਝ ਲੈਂਦਾ ਹੋਵੇ। ਮੈਂ ਬਹੁਤ ਉੱਚੀਆਂ ਟਾਹਣੀਆਂ ਤੇ ਨਹੀਂ ਚੜ੍ਹਦਾ ਸੀ, ਬਸ ਨੀਵੀਆਂ ਟਾਹਣੀਆਂ ਤੇ ਬੈਠ ਕੇ ਹੀ ਖੁਸ਼ ਰਹਿ ਲੈਂਦਾ ਸੀ। ਫਿਰ ਇੱਕ ਰਾਤ ਬਹੁਤ ਤੇਜ਼ ਤੂਫ਼ਾਨ ਆਇਆ। ਸਵੇਰੇ ਉੱਠ ਕੇ ਵੇਖਿਆ ਤਾਂ ਉਹ ਦਰੱਖਤ ਜੜਾਂ ਸਮੇਤ ਉਖੜਿਆ ਪਿਆ ਸੀ। ਸਾਰੇ ਘਰ ਵਾਲੇ ਸ਼ਾਇਦ ਇਹ ਸੋਚ ਰਹੇ ਸਨ ਕਿ ਹੁਣ ਇਸਨੂੰ ਕੱਟ ਕੇ ਪਾਸੇ ਕਰ ਦਿੱਤਾ ਜਾਵੇ, ਪਰ ਮੇਰੇ ਦਿਲ ਵਿੱਚ ਇੱਕ ਅਜਿਹਾ ਦਰਦ ਸੀ ਜੋ ਮੈਂ ਕਿਸੇ ਨੂੰ ਦੱਸ ਨਹੀਂ ਸਕਿਆ। ਮੇਰੇ ਮਨ ਵਿੱਚ ਬਾਰ-ਬਾਰ ਇਹੀ ਸਵਾਲ ਆ ਰਿਹਾ ਸੀ ਕਿ ਹੁਣ ਮੈਂ ਕਿੱਥੇ ਬੈਠਾਂਗਾ, ਕਿੱਥੇ ਪੀਂਘ ਝੂਟਾਂਗਾ। ਬਚਪਨ ਵਿੱਚ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਦੀ ਅਹਿਮੀਅਤ ਉਸ ਵੇਲੇ ਸਮਝ ਨਹੀਂ ਆਉਂਦੀ। ਪਰ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਤਦ ਸਮਝ ਪੈਂਦੀ ਹੈ ਕਿ ਉਹ ਛੋਟੀਆਂ-ਛੋਟੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਕਿੰਨੀ ਵੱਡੀ ਜਗ੍ਹਾ ਰੱਖਦੀਆਂ ਸਨ। ਉਹ ਦਰੱਖਤ ਮੇਰੇ ਬਚਪਨ ਦੀ ਖੁਸ਼ੀ, ਮਾਸੂਮੀਅਤ ਅਤੇ ਸਕੂਨ ਦੀ ਨਿਸ਼ਾਨੀ ਸੀ ਜੋ ਅੱਜ ਵੀ ਯਾਦਾਂ ਵਿੱਚ ਜਿੰਦਾ ਹੈ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





