(ਅਜੋਕੇ ਸਮੇਂ ਦਾ ਰੁਹਾਨੀ ਦਸਤਾਵੇਜ਼)
ਲੇਖਕ: ਹਰਪ੍ਰੀਤ ਸਿੰਘ ਸਵੈਚ

(ਸਮਾਜ ਵੀਕਲੀ) ਸੰਸਾਰ ਦੇ ਮਹਾਨ ਅਧਿਆਤਮਕ ਸਾਹਿਤ ਵਿਚ ਕੁੱਝ ਚੋਣਵੀਆਂ ਅਜਿਹੀਆਂ ਕਿਤਾਬਾਂ ਹਨ, ਜੋ ਕਿਸੇ ਇੱਕ ਧਰਮ, ਦੇਸ਼ ਜਾਂ ਸਮੇਂ ਵਿਚ ਨਾ ਬੱਝ ਕੇ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਬਣਦੀਆਂ ਹਨ। ਲਿਬਨਾਨ ਦੇ ਮਹਾਨ ਚਿੰਤਕ ਤੇ ਸਾਹਿਤਕਾਰ ਮਿਖਾਇਲ ਨਈਮੀ ਦੀ ਵਿਸ਼ਵ ਪ੍ਰਸਿੱਧ ਰਚਨਾ “ਕਿਤਾਬ-ਏ-ਮੀਰਦਾਦ” ਅਜਿਹੀ ਹੀ ਇਕ ਅਦਭੁੱਤ ਤੇ ਸ਼ਾਹਕਾਰ ਕਿਤਾਬ ਹੈ। ਇਹ ਕੇਵਲ ਇਕ ਸਾਹਿਤਕ ਰਚਨਾ ਨਾ ਹੋ ਕੇ ਮਨੁੱਖੀ ਚੇਤਨਾ, ਪ੍ਰੇਮ, ਏਕਤਾ, ਆਤਮ ਗਿਆਨ ਅਤੇ ਰੂਹਾਨੀਅਤ ਦਾ ਦੀਵਾ ਹੈ, ਜੋ ਅੱਜ ਵੀ ਸਾਡੇ ਵਰਗੇ ਭੁੱਲੇ ਭਟਕਿਆਂ ਨੂੰ ਰਾਹ ਦਿਖਾ ਰਹੀ ਹੈ। ਇਸ ਕਿਤਾਬ ਦੇ ਇਕ ਵਾਕ ਨੂੰ ਸਮਝਣ ਲਈ ਦਿਨ, ਮਹੀਨੇ ਜਾਂ ਸਾਲ ਵੀ ਲੱਗ ਸਕਦੇ ਹਨ ਪਰ ਜਿਸ ਦਿਨ ਤੁਹਾਨੂੰ ਉਹ ਵਾਕ ਸਮਝ ਆ ਗਿਆ ਤਾਂ ਯਕੀਨਨ ਤੁਹਾਡਾ ਜ਼ਿੰਦਗੀ ਜਿਊਣ ਦਾ ਨਜ਼ਰੀਆ ਬਦਲ ਜਾਵੇਗਾ।
ਇਹ ਕਿਤਾਬ ਇਕ ਤਰ੍ਹਾਂ ਦਾ ਕਾਲਪਨਿਕ ਨਾਵਲ ਹੈ, ਜਿਸ ਦੀ ਕਹਾਣੀ ਹਜ਼ਰਤ ਨੂਹ ਦੀ ਬੇੜੀ ਦੇ ਸਥਾਨ ‘ਤੇ ਬਣੇ ਇੱਕ ਪ੍ਰਾਚੀਨ ਮੱਠ ਦੁਆਲੇ ਘੁੰਮਦੀ ਹੈ।ਇਸ ਮੱਠ ਵਿਚ ਕੁੱਝ ਸੰਨਿਆਸੀ ਰਹਿੰਦੇ ਹਨ, ਜਿਨ੍ਹਾਂ ਦਾ ਇਕ ਮੁੱਖੀ ਹੈ, ਜੋ ਮੱਠ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਦਾ ਹੈ। ਰੱਬੀ ਨੂਰ ਵਰਸਾਉਣ ਵਾਲਾ ਇਹ ਮੱਠ ਸਮਾਂ ਪਾ ਕੇ ਦੁਨਿਆਵੀ ਕਰਮ ਕਾਂਡਾਂ ਵਿਚ ਗ੍ਰਸਤ ਹੋ ਜਾਂਦਾ ਹੈ ਅਤੇ ਇੱਕ ਦਿਨ ਅਚਾਨਕ ਕੋਈ ਅਜਨਬੀ, ਜਿਸ ਦਾ ਨਾਮ ਮੀਰਦਾਦ ਹੈ, ਇਸ ਮੱਠ ਵਿਚ ਪ੍ਰਵੇਸ਼ ਕਰਦਾ ਹੈ। ਉਹ ਲੰਬਾ ਸਮਾਂ ਮੌਨ ਰਹਿ ਕੇ ਮੱਠ ਦੀ ਸੇਵਾ ਕਰਦਾ ਹੈ ਪਰ ਜਦੋਂ ਉਹ ਬੋਲਣਾ ਸ਼ੁਰੂ ਕਰਦਾ ਹੈ ਤਾਂ ਉਹ ਮੱਠ ਦੇ ਮੁੱਖੀ ਸਮੇਤ ਸਾਰਿਆਂ ਦੇ ਭਰਮ ਤੋੜ ਕੇ ਉਨ੍ਹਾਂ ਨੂੰ ਅਸਲ ਰੁਹਾਨੀਅਤ ਦਾ ਮਾਰਗ ਦਿਖਾਉਂਦਾ ਹੈ। ਮੀਰਦਾਦ ਦਾ ਹਰ ਸ਼ਬਦ ਮਨ ਦੇ ਹਨੇਰਿਆਂ ਨੂੰ ਚੀਰ ਕੇ ਰੋਸ਼ਨੀ ਦੀ ਕਿਰਨ ਦਿਖਾਉਂਦਾ ਹੈ।
ਇਸ ਕਿਤਾਬ ਦੇ ਮੁਖਤਲਿਫ਼ ਫਲਸਫ਼ੇ ਵਿਚ ਸਾਡੇ ਦੁੱਖਾਂ ਦੀ ਜੜ੍ਹ “ਮੈਂ” (ਹਊਮੈ) ਨੂੰ ਬ੍ਰਹਿਮੰਡੀ ਊਰਜਾ ਨਾਲ ਇਕਮਿੱਕ ਕਰਨ ਦਾ ਮਾਰਗ ਦਰਸਾਇਆ ਗਿਆ ਹੈ। ਸੰਪੂਰਨ ਕਿਤਾਬ ਦਾ ਨਿਚੋੜ ਪ੍ਰੇਮ ਹੈ, ਜਿਸ ਨੂੰ ਕੇਵਲ ਇਕ ਅਹਿਸਾਸ ਨਹੀਂ ਬਲਕਿ ਸਾਡੀ ਹੋਂਦ ਦਰਸਾਇਆ ਗਿਆ ਹੈ। ਇਸ ਕਿਤਾਬ ਵਿਚਲੇ ਸਿਧਾਂਤ “ਜਿਊਣ ਲਈ ਮਰੋ ਅਤੇ ਮਰਨ ਲਈ ਜੀਓ” ਰਾਹੀਂ ਮੌਤ ਦੇ ਡਰ ਨੂੰ ਖ਼ਤਮ ਕਰਕੇ ਬੇਖੌਫ਼ ਹੋ ਕੇ ਜਿਊਣ ਦਾ ਰਹੱਸ ਦੱਸਿਆ ਗਿਆ ਹੈ। ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਬਹੁਤਾ ਬੋਲਣਾ ਸਾਨੂੰ ਸੱਚ ਤੋਂ ਕੋਹਾਂ ਦੂਰ ਲੈ ਜਾਂਦਾ ਹੈ ਜਦੋਂ ਕਿ ਮੌਨ ਹੀ ਪਰਮ ਸੱਚ ਦਾ ਨਿਵਾਸ ਬਣਦਾ ਹੈ।
ਮਿਖਾਈਲ ਨਈਮੀ ਨੇ 1948 ਵਿਚ ਇਹ ਕਿਤਾਬ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਕਰਵਾਈ ਤੇ 1952 ਵਿਚ ਖੁਦ ਇਸ ਦਾ ਅਰਬੀ ਵਿਚ ਅਨੁਵਾਦ ਕੀਤਾ। ਕਈ ਪੰਜਾਬੀ ਸਾਹਿਤਕਾਰਾਂ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ। ਅੱਜ ਇਹ ਕਿਤਾਬ ਦੁਨੀਆ ਦੀਆਂ ਕਈ ਭਾਸ਼ਾਵਾਂ ਵਿਚ ਉਪਲੱਬਧ ਹੈ। ਮਿਖਾਈਲ ਅਮਰੀਕਾ ਵਿਚ ਖਲੀਲ ਜਿਬਰਾਨ ਨੂੰ ਮਿਲਿਆ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਸੰਗੀ ਬਣਿਆ। ਉਹ ਅਮਰੀਕਾ, ਰੂਸ ਸਮੇਤ ਕਈ ਦੇਸ਼ਾਂ ਵਿਚ ਗਿਆ ਪਰ ਆਪਣੀ ਉਮਰ ਦੇ ਆਖਰੀ ਸਾਲਾਂ ਵਿਚ ਲਿਬਨਾਨ ਆਪਣੇ ਪਿੰਡ ਵਾਪਸ ਆ ਗਿਆ ਅਤੇ ਉੱਥੇ ਹੀ ਉਸ ਨੇ ਆਪਣੀਆਂ ਤਮਾਮ ਕਿਤਾਬਾਂ ਲਿਖੀਆਂ।
ਤਕਰੀਬਨ ਇੱਕ ਲੱਖ ਕਿਤਾਬਾਂ ਪੜ੍ਹਨ ਵਾਲੇ ਦਰਸ਼ਨ ਸ਼ਾਸਤਰ ਦੇ ਪ੍ਰੋਫੈਸਰ, ਦੇਸ਼ ਦੇ ਬਹੁਤ ਵੱਡੇ ਤਾਰਕਿਕ ਤੇ ਅਧਿਆਤਮਕ ਗੁਰੂ ਰਜਨੀਸ਼ (ਓਸ਼ੋ), ਜਿਨ੍ਹਾਂ ਨੂੰ ਕੋਈ ਮੰਨੇ ਜਾਂ ਨਾ ਮੰਨੇ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਤਰਕ ਦੇ ਅਧਾਰ ਤੇ ਨਕਾਰਨਾ ਮੁਮਕਿਨ ਨਹੀਂ। ਓਸ਼ੋ ਨੇ ਆਪਣੇ ਸਰੋਤਿਆਂ ਨੂੰ ਇਕੋ ਕਿਤਾਬ ਪੜ੍ਹਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਦਾ ਨਾਮ ਸੀ “ਕਿਤਾਬ-ਏ-ਮੀਰਦਾਦ”। ਇਸ ਕਿਤਾਬ ਬਾਰੇ ਓਸ਼ੋ ਦਾ ਬੜਾ ਪ੍ਰਸਿੱਧ ਕਥਨ ਹੈ ਕਿ ਜੇਕਰ ਸੰਸਾਰ ਦੀਆਂ ਸਾਰੀਆਂ ਕਿਤਾਬਾਂ ਨੂੰ ਲਿਜਾ ਰਿਹਾ ਸਮੁੰਦਰੀ ਜਹਾਜ਼ ਡੁੱਬਣ ਲੱਗਿਆ ਹੋਵੇ ਤੇ ਕੇਵਲ ਇਕ ਹੀ ਕਿਤਾਬ ਬਚਾਈ ਜਾ ਸਕਦੀ ਹੋਵੇ ਤਾਂ ਇਸ ਕਿਤਾਬ ਨੂੰ ਬਚਾਉਣਾ ਚਾਹੀਦਾ ਹੈ। ਕਈ ਪੱਛਮੀ ਅਤੇ ਪੂਰਬੀ ਦਾਰਸ਼ਨਿਕਾਂ ਨੇ ਇਸ ਨੂੰ ਉਪਨਿਸ਼ਦਾਂ, ਸ਼ਾਸਤਰਾਂ ਅਤੇ ਸੂਫ਼ੀ ਰਹੱਸ ਦੇ ਹਾਣ ਦੀ ਰਚਨਾ ਮੰਨਿਆ ਹੈ।
ਇਸ ਕਿਤਾਬ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਿਤਾਬ ਆਪਣੇ ਪਾਠਕ ਨੂੰ ਖੁਦ ਭਾਲ਼ਦੀ ਹੈ। ਇਕ ਪ੍ਰਚਲਿਤ ਕਹਾਣੀ ਮੁਤਾਬਿਕ ਦਿੱਲੀ ਵਿਚ ਇਕ ਨੌਜੁਆਨ ਰਸਤੇ ਵਿਚ ਖੜ੍ਹਾ ਬੱਸ ਦੀ ਉਡੀਕ ਕਰ ਰਿਹਾ ਸੀ। ਉਸ ਕੋਲ ਇਕ ਵਿਅਕਤੀ ਸਾਈਕਲ ਤੇ ਸਿਰਫ਼ 500 ਰੁਪਏ ਵਿਚ ਵੇਚਣ ਲਈ ਕਿਤਾਬਾਂ ਦੀ ਗਠੜੀ ਲੈ ਕੇ ਆਇਆ। ਪਹਿਲਾਂ ਤਾਂ ਨੌਜੁਆਨ ਝਿਜਕਿਆ ਪਰ ਬਾਅਦ ਵਿਚ ਉਸ ਨੂੰ ਲੱਗਿਆ ਕਿ ਕਿਤਾਬਾਂ ਖੁਦ ਚੱਲ ਕੇ ਉਸ ਕੋਲ ਆਈਆਂ ਹਨ, ਇਨ੍ਹਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਸੋ, ਉਹ ਸਾਰੀਆਂ ਕਿਤਾਬਾਂ ਖਰੀਦ ਲੈਂਦਾ ਹੈ ਅਤੇ ਜਿਉਂ ਹੀ ਕਿਤਾਬਾਂ ਲੈ ਕੇ ਆਪਣੇ ਘਰ ਵੱਲ ਜਾਣ ਲਗਦਾ ਹੈ ਤਾਂ ਪਿੱਛਿਓਂ ਇਕ ਬਜ਼ੁਰਗ ਕੁੱਝ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਆਉਂਦਾ ਹੈ ਅਤੇ ਪੁਲਿਸ ਵਾਲਾ ਉਸ ਨੌਜੁਆਨ ਨੂੰ ਕਹਿੰਦਾ ਹੈ ਕਿ ਜਿਸਨੇ ਤੁਹਾਨੂੰ ਇਹ ਕਿਤਾਬਾਂ ਵੇਚੀਆਂ, ਉਹ ਇਨ੍ਹਾਂ ਦੇ ਘਰੋਂ ਚੁਰਾ ਕੇ ਲੈ ਗਿਆ ਸੀ, ਹੁਣ ਤੁਹਾਨੂੰ ਇਹ ਸਾਰੀਆਂ ਕਿਤਾਬਾਂ ਇਸ ਬਜ਼ੁਰਗ ਆਦਮੀ ਨੂੰ ਵਾਪਸ ਕਰਨੀਆਂ ਪੈਣਗੀਆਂ। ਇਹ ਸੁਣ ਕੇ ਨੌਜੁਆਨ ਉਸ ਬਜ਼ੁਰਗ ਨੂੰ ਆਖਦਾ ਹੈ ਕਿ ਤੁਸੀਂ ਤਾਂ ਬਹੁਤ ਸਿਆਣੇ ਹੋ ਤੇ ਸ਼ਾਇਦ ਤੁਸੀਂ ਇਹ ਸਾਰੀਆਂ ਕਿਤਾਬਾਂ ਪੜ੍ਹ ਵੀ ਲਈਆਂ ਹੋਣਗੀਆਂ ਪਰ ਮੇਰੀ ਹਾਲੇ ਇਸ ਸਫ਼ਰ ਵਿਚ ਸ਼ੁਰੂਆਤ ਹੈ। ਸੋ, ਇਹ ਕਿਤਾਬਾਂ ਮੇਰੇ ਕੋਲ ਹੀ ਰਹਿਣ ਦਿਓ ਤਾਂ ਬਜ਼ੁਗਰ ਇਨਕਾਰ ਕਰ ਦਿੰਦਾ ਹੈ ਤਾਂ ਉਹ ਨੌਜੁਆਨ ਉਨ੍ਹਾਂ ਕਿਤਾਬਾਂ ਵਿਚੋਂ ਸਹਿਜੇ ਹੀ ਇਕ ਕਿਤਾਬ ਚੁੱਕ ਕੇ ਕਹਿੰਦਾ ਹੈ ਕਿ ਚਲੋ, ਘੱਟੋ-ਘੱਟ ਇਕ ਕਿਤਾਬ ਤਾਂ ਮੇਰੇ ਕੋਲ ਰਹਿਣ ਦਿਓ, ਬਾਕੀ ਚਾਹੇ ਵਾਪਸ ਲੈ ਜਾਓ। ਉਹ ਕਿਤਾਬ ਹੁੰਦੀ ਹੈ “ਕਿਤਾਬ-ਏ-ਮੀਰਦਾਦ”। ਇਹ ਵੇਖ ਕੇ ਬਜ਼ੁਰਗ ਠਠੰਬਰਦਾ ਹੈ ਅਤੇ ਉਸ ਨੌਜੁਆਨ ਨੂੰ ਪੁੱਛਦਾ ਹੈ ਕਿ ਕੀ ਤੂੰ ਪਹਿਲਾਂ ਇਹ ਕਿਤਾਬ ਪੜ੍ਹੀ ਹੈ ਜਾਂ ਇਸ ਬਾਰੇ ਸੁਣਿਆ ਹੈ? ਜਦੋਂ ਨੌਜੁਆਨ ਇਸ ਕਿਤਾਬ ਬਾਰੇ ਅਣਜਾਣਤਾ ਜ਼ਾਹਿਰ ਕਰਦਾ ਹੈ ਤਾਂ ਬਜ਼ੁਰਗ ਉਸ ਨੂੰ ਕਹਿੰਦਾ ਹੈ ਕਿ ਇਸ ਕਿਤਾਬ ਨੂੰ ਖੋਲ ਕੇ ਇਸ ਦਾ ਪਹਿਲਾ ਪੰਨਾ ਪੜ੍ਹ। ਜਦੋਂ ਉਹ ਨੌਜੁਆਨ ਕਿਤਾਬ ਦਾ ਪਹਿਲਾ ਪੰਨਾ ਖੋਲ ਕੇ ਪੜ੍ਹਦਾ ਹੈ ਤਾਂ ਉੱਥੇ ਲਿਖਿਆ ਹੁੰਦਾ ਹੈ ਕਿ “ਇਹ ਕਿਤਾਬ ਆਪਣੇ ਪੜ੍ਹਨ ਵਾਲੇ ਦਾ ਇੰਤਖਾਬ ਖੁਦ ਕਰਦੀ ਹੈ।” ਉਹ ਬਜ਼ੁਰਗ ਸਾਰੀਆਂ ਕਿਤਾਬਾਂ ਉਸ ਨੌਜੁਆਨ ਨੂੰ ਦੇ ਕੇ ਅਲਵਿਦਾ ਆਖ ਜਾਂਦਾ ਹੈ।
ਇਹ ਇੱਕ ਵਾਰ ਪੜ੍ਹ ਕੇ ਲਾਂਭੇ ਰੱਖਣ ਵਾਲੀ ਕਿਤਾਬ ਨਹੀਂ ਹੈ, ਸਗੋਂ ਵਾਰ-ਵਾਰ ਜਿਊਣ ਵਾਲੀ ਕਿਤਾਬ ਹੈ। ਦਰਵੇਸ਼ ਵਿਦਵਾਨ ਮਿਖਾਇਲ ਨਈਮੀ ਦੀ ਇਹ ਅਦਭੁਤ ਦੇਣ ਅਜੋਕੇ ਭਟਕੇ ਹੋਏ ਸਮਾਜ ਲਈ ਇੱਕ ਚਾਨਣ ਮੁਨਾਰਾ ਹੈ। ਜੇਕਰ ਅਜੋਕਾ ਇਨਸਾਨ, ਖ਼ਾਸ ਕਰਕੇ ਨੌਜਵਾਨ ਵਰਗ, ਇਸ ਕਿਤਾਬ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਲਵੇ, ਤਾਂ ਇੱਕ ਬੇਹੱਦ ਖ਼ੂਬਸੂਰਤ, ਸ਼ਾਂਤਮਈ ਅਤੇ ਪ੍ਰੇਮ-ਭਰਪੂਰ ਸੰਸਾਰ ਸਿਰਜਿਆ ਜਾ ਸਕਦਾ ਹੈ। ਅੱਜ ਜਦੋਂ ਮਨੁੱਖਤਾ ਬਾਹਰੀ ਤਰੱਕੀ ਦੇ ਬਾਵਜੂਦ ਅੰਦਰੂਨੀ ਸੰਕਟਾਂ ਨਾਲ ਜੂਝ ਰਹੀ ਹੈ, ਤਦ ਮਿਖਾਇਲ ਨਈਮੀ ਦੀ ਇਹ ਰਚਨਾ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਬਣ ਜਾਂਦੀ ਹੈ। ਸੋ, ਜਿਹੜੇ ਪਾਠਕ ਅਧਿਆਤਮਕ ਖੋਜੀ ਹਨ, ਧਿਆਨ ਵਿਚ ਰੁਚੀ ਰੱਖਦੇ ਹਨ ਜਾਂ ਜੀਵਨ ਦੇ ਡੂੰਘੇ ਸੱਚ ਨੂੰ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕਿਤਾਬ ਅਜੋਕੇ ਸਮੇਂ ਦਾ ਰੁਹਾਨੀ ਦਸਤਾਵੇਜ਼ ਹੈ।





