ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਅੱਪਰਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਸਾਬਕਾ ਪ੍ਰਧਾਨ ਜ਼ਿਲ੍ਹਾ ਜਲੰਧਰ (ਦਿਹਾਤੀ) ਕਾਂਗਰਸ ਪਾਰਟੀ ਨੇ ਕਿਹਾ ਕਿ ਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਦੇ ਆਦੇਸ਼ ‘ਤੇ ਸਮੂਹ ਸਿੱਖ ਸੰਗਤਾਂ ਨੂੰ ਮਾਣ ਹੈ, ਕਿਉਂਕਿ ਉਨਾਂ ਨੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਅਦਬੀ ਕਾਨੂੰਨ ਬਾਰੇ ਦੁਬਾਰਾ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਹਨ ਤੇ ਇੱਕ ਮਹੀਨੇ ਲਈ ਕਾਨੂੰਨ ਨੂੰ ਹੋਲਡ ਕਰਨ ਲਈ ਵੀ ਕਿਹਾ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਬੇਅਦਬੀ ਕਾਨੂੰਨ ਮੁੱਦੇ ਤੇ ਬਿਲਕੁਲ ਨਾਕਾਮ ਤੇ ਫੇਲ ਸਾਬਤ ਹੋਈ ਤੇ ਸਰਕਾਰ ਆਪਣੀ ਇਸ ਨਾਕਾਮੀ ਨੂੰ ਲੁਕਾਉਣ ਲਈ ਤਰਾਂ ਤਰਾਂ ਦੇ ਢਕਵੰਜ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਦੇ ਵਿਧਾਇਕਾਂ ਨੇ ਵੀ ਸਿੰਘ ਸਾਹਿਬਾਨ ਜੀ ਦੇ ਅੱਗੇ ਮੰਨਿਆ ਕਿ ਉਨਾਂ ਨੇ ਪੂਰੇ ਕਾਨੂੰਨ ਨੂੰ ਪੜੇ ਬਿਨਾਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਕਈ ਮਦਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਸਰਕਾਰ ਵੀ ਸਪੱਸ਼ਟ ਨਹੀਂ ਹੈ। ਸਿੰਘ ਸਾਹਿਬਾਨ ਜੀ ਵਲੋਂ ਸਰਕਾਰ ਨੂੰ ਇਹ ਆਦੇਸ਼ ਦੇਣਾ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਕਾਨੂੰਨ ਵਿੱਚ ਸੋਧ ਕੀਤੀ ਜਾਵੇ, ਸਰਕਾਰ ਦੀ ਵੱਡੀ ਨਾਕਾਮੀ ਨੂੰ ਸਾਬਤ ਕਰਦਾ ਹੈ। ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵੳੱਚ ਹਨ ਤੇ ਹਮੇਸ਼ਾ ਹੀ ਰਹਿਣਗੇ। ਪੂਰੀ ਦੁਨੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਲਦਬਾਜ਼ੀ ਵਿੱਚ ਬੇਅਦਬੀ ਸਬੰਧੀ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਲਾਹ ਲਏ ਤੇ ਬਿਨਾਂ ਸਿੱਖ ਜਥੇਬੰਦੀਆਂ ਦੀ ਸਲਾਹ ਲਏ ਕਾਨੂੰਨ ਬਣਾਉਣਾ ਗਲਤ ਹੈ। ਇਸ ਲਈ ਸਰਕਾਰ ਨੂੰ ਪੰਜ ਸਿੰਘ ਸਾਹਿਬਾਨ ਜੀ ਵਲੋਂ ਦਿੱਤੇ ਗਏ ਆਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





