– ਐਮ.ਪੀ. ਕੰਗ ਨੇ ਮੌਕੇ ‘ਤੇ ਹੀ ਮਸਲਾ ਜਲ ਸਰੋਤ ਮੰਤਰੀ ਕੋਲ ਚੁੱਕਿਆ; ਦੇਸ਼ ਆਜ਼ਾਦ ਹੋਣ ਤੋਂ ਬਾਅਦ ਚੱਲੀ ਆ ਰਹੀ ਲੰਬੇ ਸਮੇਂ ਦੀ ਮੰਗ ਜਲਦੀ ਪੂਰੀ ਹੋਣ ਦੀ ਬੱਝੀ ਉਮੀਦ
ਬਲਾਚੌਰ , (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਤਹਿਸੀਲ ਬਲਾਚੌਰ ਦੇ ਪਿੰਡ ਬਣਾਂ ਦੀ ਪੂਰੀ ਪੰਚਾਇਤ, ਸਮੂਹ ਨਿਵਾਸੀਆਂ ਅਤੇ ਕਿਸਾਨਾਂ ਵਲੋਂ ਇੱਕ ਵਫ਼ਦ ਦੇ ਰੂਪ ਵਿੱਚ ਮੈਂਬਰ ਪਾਰਲੀਮੈਂਟ (ਐਮ.ਪੀ.) ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਸਾਲਾਂ ਪੁਰਾਣੀ ਸਿੰਚਾਈ ਸੰਬੰਧੀ ਇੱਕ ਅਹਿਮ ਅਤੇ ਗੰਭੀਰ ਸਮੱਸਿਆ ਨੂੰ ਐਮ.ਪੀ. ਸਾਹਿਬ ਦੇ ਸਾਹਮਣੇ ਰੱਖਿਆ। – ਸਿੰਚਾਈ ਸਾਧਨਾਂ ਦੀ ਕਮੀ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਖਸਤਾ ਐਮ.ਪੀ. ਮਲਵਿੰਦਰ ਸਿੰਘ ਕੰਗ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਪਿੰਡ ਬਣਾਂ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਕੰਡੀ ਇਲਾਕੇ ਅਤੇ ਪੱਛੜੇ ਖੇਤਰ ਵਿੱਚ ਆਉਂਦਾ ਹੈ, ਜਿਸ ਕਾਰਨ ਇੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਆਰਥਿਕਤਾ ਅਤੇ ਰੋਜ਼ੀ-ਰੋਟੀ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਨਿਰਭਰ ਹੈ। ਪੰਚਾਇਤ ਨੇ ਦੱਸਿਆ ਕਿ ਪਿੰਡ ਦੀ ਇੱਕ ਬਹੁਤ ਵੱਡੀ ਮਾਤਰਾ ਵਿੱਚ ਖੇਤੀਯੋਗ ਜ਼ਮੀਨ ਸਿੰਚਾਈ ਦੀ ਸਹੂਲਤ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬੰਜਰ ਪਈ ਹੋਈ ਹੈ। ਸਿੰਚਾਈ ਦੇ ਢੁਕਵੇਂ ਸਾਧਨ ਨਾ ਹੋਣ ਕਾਰਨ ਖੇਤੀ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ। ਇਲਾਕੇ ਦੇ ਕਿਸਾਨ ਆਰਥਿਕ ਤੌਰ ‘ਤੇ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਆਪਣੇ ਨਿੱਜੀ ਖਰਚੇ ‘ਤੇ ਡੂੰਘਾ ਟਿਊਬਵੈੱਲ ਵੀ ਨਹੀਂ ਲਗਵਾ ਸਕਦੇ। ਪਿੰਡ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੀ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਤੋਂ ਮੰਗ ਰਹੀ ਹੈ ਕਿ ਪਿੰਡ ਵਿੱਚ ਸਿੰਚਾਈ ਲਈ ਸਰਕਾਰੀ ਟਿਊਬਵੈੱਲ ਲਗਾਇਆ ਜਾਵੇ, ਪਰ ਅਫ਼ਸੋਸ ਅੱਜ ਤੱਕ ਕਿਸੇ ਵੀ ਪਿਛਲੀ ਸਰਕਾਰ ਨੇ ਉਨ੍ਹਾਂ ਦੀ ਇਸ ਹੱਕੀ ਮੰਗ ਵੱਲ ਧਿਆਨ ਨਹੀਂ ਦਿੱਤਾ ਅਤੇ ਇਹ ਮੰਗ ਅਧੂਰੀ ਹੀ ਰਹੀ। ਹੁਣ ਪਿੰਡ ਦੇ ਕਿਸਾਨਾਂ ਅਤੇ ਨਿਵਾਸੀਆਂ ਵੱਲੋਂ ਪੰਚਾਇਤ ਅਤੇ ਹਲਕਾ ਐਮ.ਐਲ.ਏ. ਸਾਹਿਬ ਦੀ ਸਿਫ਼ਾਰਿਸ਼ ਨਾਲ ਟਿਊਬਵੈੱਲ ਕਾਰਪੋਰੇਸ਼ਨ ਰੂਪਨਗਰ ਅਤੇ ਚੰਡੀਗੜ੍ਹ ਨੂੰ ਵੀ ਮੰਗ ਭੇਜੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਪੰਜਾਬ ਸਰਕਾਰ ਤੋਂ ਬਹੁਤ ਉਮੀਦ ਹੈ ਕਿ ਉਨ੍ਹਾਂ ਦੀ ਇਸ ਕਈ ਸਾਲਾਂ ਪੁਰਾਣੀ ਮੰਗ ਨੂੰ ਜਲਦੀ ਪੂਰਾ ਕਰਕੇ ਟਿਊਬਵੈੱਲ ਲਗਵਾਇਆ ਜਾਵੇਗਾ। – ਐਮ.ਪੀ. ਮਲਵਿੰਦਰ ਸਿੰਘ ਕੰਗ ਵੱਲੋਂ ਤੁਰੰਤ ਕਾਰਵਾਈ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਿੰਡ ਵਾਸੀਆਂ ਅਤੇ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਬਹੁਤ ਹੀ ਧਿਆਨ ਅਤੇ ਹਮਦਰਦੀ ਪੂਰਵਕ ਸੁਣਿਆ। ਮਾਮਲੇ ਦੀ ਲੋੜ ਨੂੰ ਦੇਖਦਿਆਂ ਐਮ.ਪੀ. ਕੰਗ ਨੇ ਦੇਰੀ ਨਾ ਕਰਦੇ ਹੋਏ ਮੌਕੇ ‘ਤੇ ਹੀ ਇਸ ਮਸਲੇ ਨੂੰ ਪੰਜਾਬ ਦੇ ਜਲ ਸਰੋਤ ਅਤੇ ਸਿੰਚਾਈ ਮੰਤਰੀ ਨਾਲ ਸਾਂਝਾ ਕਰ ਦਿੱਤਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਐਮ.ਪੀ. ਸਾਹਿਬ ਦੇ ਇਸ ਸਕਾਰਾਤਮਕ ਅਤੇ ਚੰਗੇ ਸੁਭਾਅ ਦੇ ਨਾਲ-ਨਾਲ ਲੋਕ ਮਸਲਿਆਂ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲ ਸੋਚ ਦੀ ਪਿੰਡ ਬਣਾਂ ਦੀ ਪੰਚਾਇਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪੰਚਾਇਤ ਨੇ ਆਸ ਪ੍ਰਗਟਾਈ ਕਿ ਜਲਦੀ ਹੀ ਜਲ ਸਰੋਤ ਅਤੇ ਸਿੰਚਾਈ ਵਿਭਾਗ ਵੱਲੋਂ ਪਿੰਡ ਦੀ ਇਸ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾਵੇਗਾ, ਜਿਸ ਨਾਲ ਇੱਥੋਂ ਦੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਇਸ ਅਹਿਮ ਮੁਲਾਕਾਤ ਦੌਰਾਨ ਪਿੰਡ ਬਣਾਂ ਦੇ ਸਰਪੰਚ ਸਰਬਜੀਤ ਕਸਾਨਾਂ , ਹਰੀਸ਼ ਪੰਚ, ਕ੍ਰਿਸ਼ਨ ਕੁਮਾਰ (ਰਿਟਾਇਰਡ ਇੰਸਪੈਕਟਰ), ਸ਼ਿਵ ਰਾਮ, ਤੇਲੂ ਰਾਮ, ਪਵਨ ਕੁਮਾਰ ਪੀ.ਪੀ., ਹਰੀਕ੍ਰਿਸ਼ਨ, ਪ੍ਰਵੀਨ ਫੌਜੀ, ਸੁਖਦੇਵ ਪ੍ਰਧਾਨ ਅਤੇ ਇਸ਼ਵਰ ਕੁਸ਼ਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਨਿਵਾਸੀ ਅਤੇ ਕਿਸਾਨ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





