HOME ਮਹਿਲ ਕਲਾਂ ਵੱਲ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਉੱਠੇ ਸਵਾਲ, ਲੋਕਾਂ...

ਮਹਿਲ ਕਲਾਂ ਵੱਲ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਉੱਠੇ ਸਵਾਲ, ਲੋਕਾਂ ਨੇ ਕਿਹਾ ਐਲਾਨ ਨਹੀਂ, ਹੁਣ ਹੱਲ ਚਾਹੀਦਾ

1

ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਸਬ-ਡਵੀਜ਼ਨ ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਨੂੰ ਲੈ ਕੇ ਹੈ।

ਮਹਿਲ ਕਲਾਂ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ  :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਦੌਰੇ ‘ਤੇ ਪਹੁੰਚ ਰਹੇ ਹਨ। ਇਸ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਇਲਾਕੇ ਦੇ ਲੋਕਾਂ ਵਿੱਚ ਉਮੀਦਾਂ ਦੇ ਨਾਲ-ਨਾਲ ਕਈ ਸਵਾਲ ਵੀ ਉੱਠਣ ਲੱਗੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਲੰਮੇ ਕਾਰਜਕਾਲ ਦੌਰਾਨ ਹਲਕੇ ਦੀਆਂ ਕਈ ਅਹਿਮ ਅਤੇ ਬੁਨਿਆਦੀ ਸਮੱਸਿਆਵਾਂ ਅਜੇ ਵੀ ਜਿਉਂ ਦੀ ਤਿਉਂ ਖੜ੍ਹੀਆਂ ਹਨ। ਲੋਕਾਂ ਦਾ ਦੋਸ਼ ਹੈ ਕਿ ਵਿਕਾਸ ਦੇ ਵੱਡੇ ਵਾਅਦੇ ਤਾਂ ਹੋਏ, ਪਰ ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵੱਲ ਲੋੜੀਂਦੀ ਤਵੱਜੋ ਨਹੀਂ ਦਿੱਤੀ ਗਈ। ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਸਬ-ਡਵੀਜ਼ਨ ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਨੂੰ ਲੈ ਕੇ ਹੈ। ਮਹਿਲ ਕਲਾਂ ਨੂੰ ਸਬ-ਡਵੀਜ਼ਨ ਦਾ ਦਰਜਾ ਮਿਲਣ ਤੋਂ ਬਾਅਦ ਪਿੰਡ ਗੰਗੋਹਰ ਦੀ ਪੰਚਾਇਤ ਵੱਲੋਂ ਪ੍ਰਬੰਧਕੀ ਕੰਪਲੈਕਸ ਲਈ ਜ਼ਮੀਨ ਵੀ ਦਿੱਤੀ ਗਈ ਸੀ, ਪਰ ਕਈ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਸ ਪ੍ਰਾਜੈਕਟ ‘ਤੇ ਕੋਈ ਵੱਡੀ ਤਰੱਕੀ ਨਹੀਂ ਹੋ ਸਕੀ। ਇਸ ਕਾਰਨ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਮਹਿਲ ਕਲਾਂ, ਚੰਨਣਵਾਲ ਅਤੇ ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਜਾਂ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਨਾਲ ਆਰਥਿਕ ਬੋਝ ਵੀ ਵਧਦਾ ਹੈ।ਸਿੱਖਿਆ ਖੇਤਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਹਲਕੇ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਅਧਿਆਪਕਾਂ ਦੀ ਕਮੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ।ਇਸ ਤੋਂ ਇਲਾਵਾ ਪਿੰਡ ਠੀਕਰੀਵਾਲਾ ਵਿੱਚ ਲੜਕੀਆਂ ਲਈ ਸਰਕਾਰੀ ਨਰਸਿੰਗ ਕਾਲਜ ਬਣਾਉਣ ਦਾ ਕੀਤਾ ਗਿਆ ਐਲਾਨ ਵੀ ਅਜੇ ਤੱਕ ਅਮਲੀ ਰੂਪ ਨਹੀਂ ਲੈ ਸਕਿਆ। ਦੋ ਸਾਲ ਬੀਤਣ ਦੇ ਬਾਵਜੂਦ ਪ੍ਰਾਜੈਕਟ ਦੀ ਕੋਈ ਵੱਡੀ ਤਰੱਕੀ ਸਾਹਮਣੇ ਨਹੀਂ ਆਈ। ਮੁੱਖ ਮੰਤਰੀ ਦੇ ਇਸ ਦੌਰੇ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਇਸ ਵਾਰ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕੋਈ ਠੋਸ ਫ਼ੈਸਲੇ ਜਾਂ ਨਵੇਂ ਐਲਾਨ ਹੁੰਦੇ ਹਨ ਜਾਂ ਫਿਰ ਇਹ ਦੌਰਾ ਵੀ ਸਿਰਫ਼ ਸਿਆਸੀ ਗਤੀਵਿਧੀ ਤੱਕ ਸੀਮਤ ਰਹਿ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਧਾਨਕ ਸਮਾਜ ਮਹਾਸੰਘ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 629ਵਾਂ ਪਾਵਨ ਪ੍ਰਕਾਸ਼ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Next articleਅਣਪਛਾਤੀ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰਕੇ ਮੌਕੇ ਤੋਂ ਫਰਾਰ,ਹਾਦਸੇ ‘ਚ ਦੋਨੋਂ ਮੋਟਰਸਾਈਕਲ ਸਵਾਰ ਗੰਭੀਰ ਜਖਮੀ, ਜਾਨੀ ਨੁਕਸਾਨ ਦਾ ਬਚਾਅ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ