
ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਹੋਰਨਾਂ ਨੇ ਖਾਲਸਾ ਰਾਜ ਦੀ ਇਤਿਹਾਸਕ ਵਿਰਾਸਤ ਸੰਭਾਲਣ ਦਾ ਦਿੱਤਾ ਸੱਦਾ

ਬਲਾਚੌਰ, (ਸਮਾਜ ਵੀਕਲੀ) -(ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀਆਂ ਪੰਥਕ ਜੱਥੇਬੰਦੀਆਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 188ਵੀਂ ਬਰਸੀ ਅੱਜ ਆਂਸਰੋਂ ਵਿੱਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਪਿੰਡ ਆਂਸਰੋ ਵਿੱਖੇ ਚੌਂਕੀ ਸਰਕਾਰ-ਏ-ਖਾਲਸਾ ਵਿਖੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਅਰਦਾਸ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਵਿਸ਼ਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਸ. ਈਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਸੰਬੋਧਨ ਕਰਦਿਆ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਕਾਇਮ ਕੀਤਾ ਗਿਆ ਸਰਕਾਰ-ਏ-ਖਾਲਸਾ ਕੇਵਲ ਇੱਕ ਵਿਸ਼ਾਲ ਰਾਜ ਨਹੀਂ ਸੀ, ਸਗੋਂ ਨਿਆਂ, ਧਾਰਮਿਕ ਆਜ਼ਾਦੀ, ਸਰਬ-ਸਾਂਝੀਵਾਲਤਾ ਅਤੇ ਪੰਜਾਬ ਦੀ ਖੁਦਮੁਖਤਿਆਰੀ ਦੀ ਵਿਲੱਖਣ ਮਿਸਾਲ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਸਾਹਿਬ ਦੇ ਰਾਜ ਦੌਰਾਨ ਹਰ ਧਰਮ ਅਤੇ ਵਰਗ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਤੇ ਸੁਰੱਖਿਆ ਪ੍ਰਾਪਤ ਸੀ।ਇਮਾਨ ਸਿੰਘ ਮਾਨ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਰਾਜ ਦੇ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਜੀ ਦੀ ਦੂਰਅੰਦੇਸ਼ੀ ਅਤੇ ਪੰਜਾਬ ਦੀ ਪ੍ਰਭੂਸੱਤਾ ਨਾਲ ਜੁੜੀਆਂ ਨਿਸ਼ਾਨੀਆਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਚੌਂਕੀ ਸਰਕਾਰ-ਏ-ਖਾਲਸਾ ਵਰਗੀਆਂ ਇਤਿਹਾਸਕ ਨਿਸ਼ਾਨੀਆਂ ਸਾਡੀ ਕੌਮੀ ਪਛਾਣ, ਸਵੈਮਾਣ ਅਤੇ ਰਾਜਸੀ ਵਿਰਾਸਤ ਦੀਆਂ ਜੀਵੰਤ ਗਵਾਹ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸ. ਕੁਸ਼ਲਪਾਲ ਸਿੰਘ ਮਾਨ ਨੇ ਸੰਗਤਾਂ ਨੂੰ ਚੌਂਕੀ ਸਰਕਾਰ-ਏ-ਖਾਲਸਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1809 ਦੀ ਅੰਮ੍ਰਿਤਸਰ ਸੰਧੀ ਤੋਂ ਬਾਅਦ ਸਤਲੁਜ ਦਰਿਆ ਖਾਲਸਾ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਪ੍ਰਭਾਵ ਵਾਲੇ ਇਲਾਕਿਆਂ ਦਰਮਿਆਨ ਰਣਨੀਤਕ ਹੱਦ ਵਜੋਂ ਮਹੱਤਵਪੂਰਨ ਬਣਿਆ। 26 ਅਕਤੂਬਰ 1831 ਨੂੰ ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਪਿੱਪਲ ਦੇ ਦਰੱਖਤ ਹੇਠ ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਕ ਮੁਲਾਕਾਤ ਹੋਈ ਸੀ, ਜਿਸ ਦੌਰਾਨ ਸਰਹੱਦੀ ਅਤੇ ਰਾਜਸੀ ਮਸਲਿਆਂ ਉੱਤੇ ਵਿਚਾਰ-ਵਟਾਂਦਰਾ ਹੋਇਆ। ਚੌਂਕੀ ਸਰਕਾਰ-ਏ-ਖਾਲਸਾ ਨੂੰ ਉਸੇ ਸਰਹੱਦੀ, ਫ਼ੌਜੀ ਅਤੇ ਰਾਜਸੀ ਵਿਰਾਸਤ ਨਾਲ ਜੁੜੀ ਖਾਲਸਾ ਰਾਜ ਦੀ ਨਿਗਰਾਨ ਚੌਂਕੀ ਅਤੇ ਇਤਿਹਾਸਕ ਨਿਸ਼ਾਨੀ ਵਜੋਂ ਯਾਦ ਕੀਤਾ ਜਾਂਦਾ ਹੈ। ਕੁਸ਼ਲਪਾਲ ਸਿੰਘ ਮਾਨ ਨੇ ਕਿਹਾ ਕਿ ਇਹ ਸਥਾਨ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਇੱਕ ਆਜ਼ਾਦ, ਸ਼ਕਤੀਸ਼ਾਲੀ ਅਤੇ ਖੁਸ਼ਹਾਲ ਰਾਜ ਸੀ ਅਤੇ ਅੰਗਰੇਜ਼ ਹਕੂਮਤ ਵੀ ਖਾਲਸਾ ਰਾਜ ਨਾਲ ਬਰਾਬਰੀ ਦੇ ਪੱਧਰ ਉੱਤੇ ਗੱਲਬਾਤ ਕਰਨ ਲਈ ਮਜਬੂਰ ਸੀ। ਉਨ੍ਹਾਂ ਸਮੂਹ ਸਿੱਖ ਸੰਗਤ ਅਤੇ ਪੰਜਾਬੀਆਂ ਨੂੰ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ।
https://play.google.com/store/apps/details?id=in.yourhost.samajweekly




