HOME ” ਆਹੋ ” (ਕਾਵਿ-ਸੰਗ੍ਰਹਿ)- ਰਾਣਾ ਰਣਬੀਰ ਚੇਤਨਾ ਪ੍ਰਕਾਸ਼ਨ...

” ਆਹੋ ” (ਕਾਵਿ-ਸੰਗ੍ਰਹਿ)- ਰਾਣਾ ਰਣਬੀਰ ਚੇਤਨਾ ਪ੍ਰਕਾਸ਼ਨ ਲੁਧਿਆਣਾ ਪੰਨੇ-144, ਮੁੱਲ-325

18
ਰਾਣਾ ਰਣਬੀਰ

    (ਸਮਾਜ ਵੀਕਲੀ)   ਰਾਣਾ ਰਣਬੀਰ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ।ਟੀ.ਵੀ. ਤੇ ਸਿਨੇਮੇ ਤੋਂ ਇਲਾਵਾ ਉਸਨੇ ਸਹਿਤ ਦੇ ਖੇਤਰ ਵਿੱਚ ਵੀ ਚੰਗਾ ਨਾਮਣਾ ਖੱਟਿਆ ਹੈ। ਹਾਲਾ ਹੀ ਉਸਦਾ ਨਵਾਂ ਕਾਵਿ-ਸੰਗ੍ਰਹਿ “ਆਹੋ” ਪ੍ਰਕਾਸ਼ਿਤ ਹੋਇਆ ਹੈ। ਇਸ ਤੋਂ ਪਹਿਲਾਂ ਵੀ ਉਹ ਦੇ” ਕਿਣ ਮਿਣ ਤਿੱਪ ਚਿੱਪ” ਅਤੇ “ਦੀਵਾ” ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਦੋ ਵਾਰਤਕ ਦੀਆਂ ਪੁਸਤਕਾਂ ਵੀ ਛਪ ਚੁੱਕੀਆਂ ਹਨ। “ਆਹੋ” ਕਾਵਿ-ਸੰਗ੍ਰਹਿ ਵਿੱਚ ਨਿੱਕੇ ਨਿੱਕੇ ਸੂਖਮ ਅਹਿਸਾਸ ਹਨ ,ਜੋ ਬੰਦੇ ਨੂੰ ਜਿਉਂਣ ਯੋਗਰਾ ਕਰੀ ਰੱਖਦੇ ਹਨ। ਇਹਨਾਂ ਕਵਿਤਾਵਾਂ ਵਿੱਚ ਪਿਆਰ ਮੁਹੱਬਤ, ਅਸੀਸਾਂ, ਖੁਸ਼ੀਆਂ ਦਾ ਪ੍ਰਗਟਾ ਹੈ, ਜੋ ਪਰਿਵਾਰਾਂ ਨੂੰ ਹੱਸਣ-ਖੇਡਣ ਦਾ ਵਰਦਾਨ ਦਿੰਦੀਆਂ ਹਨ। ਇਹ ਕਵਿਤਾਵਾਂ ਮਨੁੱਖ ਨੂੰ ਚੰਗਾ ਇਨਸਾਨ ਬਣਨ ਦੀ ਪ੍ਰੇਰ ਦੀਆਂ ਹਨ। ਦਾਰਸ਼ਨਿਕਤਾ  ਇਸ ਕਵਿਤਾ ਦਾ ਵੱਡਾ ਹਾਸਲ ਬਣਿਆ ਹੈ। ਕਵੀ ਰਾਹ ਤੋਂ ਖਿੜਕੇ ਮਨੁੱਖ ਨੂੰ ਚੰਗੇ ਅਮਲ ਕਮਾਉਂਦਿਆਂ, ਨੁਕਤਾਚੀਨੀ ਅਤੇ ਵੈਰ-ਵਿਰੋਧ ਤੋਂ ਦੂਰ ਰਹਿਣ ਲਈ ਕਹਿੰਦਾ ਹੈ-

ਬੰਦੇ ਬਣਿਆ ਸੁਰਤੀ ਆਓ

ਬੰਦੇ ਬਣਿਆ ਫਤਿਹ ਥਿਆਈ।

ਅਜੋਕੇ ਮਨੁੱਖ ਦਾ ਸਬਰ ਮੁੱਕ ਚੁੱਕਾ ਹੈ। ਮਨੁੱਖ ਸਹਿਜ ਨਾਲੋਂ ਆਪਣਾ ਨਾਤਾ ਤੋੜ ਰਿਹਾ ਹੈ। ਖ਼ੁਦਗਰਜੀ ਦੇ ਘੋੜੇ ਤੇ ਸਵਾਰ ਹੋਇਆ ਮਨੁੱਖ, ਮਨੁੱਖ ਦਾ ਹੀ ਦੁਸ਼ਮਣ ਬਣ ਬੈਠਾ ਹੈ। ਕੁਦਰਤੀ ਜੀਵਨ ਜਾਚ ਤੋਂ ਦਰ ਕਿਨਾਰ ਹੋਇਆ ਮਨੁੱਖ, ਪਦਾਰਥਵਾਦੀ ਰੁਚੀਆਂ ਦਾ ਧਾਰਨੀ ਬਣ ਗਿਆ ਹੈ‌ । ਇਹ ਕਵਿਤਾ  ਮਨੁੱਖ ਦੇ ਜੀਵਨ ਦੀਆਂ ਵੱਧਦੀਆਂ ਜਟਿਲਤਾਵਾਂ ਨੂੰ ਦਰਸਾਉਂਦੀ ਹੀ ਨਹੀਂ, ਸਗੋਂ ਹੱਲ ਵੀ ਦੱਸਦੀ ਹੈ-

ਰੁਤ ਬਹਾਰਾਂ ਵਾਲੀ ਆਉਂਦੀ

ਜਦੋਂ ਜਿੰਦੜੀ ਸ਼ਬਦਾ ਗਾਉਂਦੀ।

ਇਹ ਕਵਿਤਾ ਬਾਰ ਬਾਰ ਇੱਕੋ ਗੱਲ ਤੇ ਜੋਰ ਦਿੰਦੀ ਹੈ ਕਿ ਵੱਸਦੀ ਦੁਨੀਆ ਤੇ ਕੋਈ ਬੇਗਾਨਾ ਨਹੀਂ ਸਭ ਆਪਣੇ ਹਨ। ਸਾਂਝੀਵਾਲਤਾ ਜਿੰਦਗੀ ਸਕੂਨ ਨਾਲ਼ ਜਿਉਣ ਦਾ ਮੂਲ ਮੰਤਰ ਹੈ। ਇਹ ਕਵਿਤਾ ਵਿੱਚ ਇੱਕ ਫਲਸਫਾਨਾ ਰਹੱਸ ਹੈ, ਜਿਸ ਦੇ ਅੰਦਰ ਬੜੀ ਸੂਖਮਤਾ ਨਾਲ਼ ਮਨੁੱਖ ਦੀ ਭਲਾਈ ਲਈ ਅਰਜ਼ ਗੁਜਾਰੀ ਕੀਤੀ ਗਈ ਹੈ। ਕਵੀ ਕਿਰਤ ਦਾ ਸੱਚਾ ਪਹਿਰੇਦਾਰ ਹੈ। ਉਹ ਕਿਰਤ ਵਿੱਚੋਂ ਮਨੁੱਖ ਦੇ ਕਰਮ ਦੇਖਦਾ ਹੈ ਅਤੇ ਕਰਮ ਵਿੱਚੋਂ ਹੀ ਮਨੁੱਖੀ ਜੀਵਨ ਵਿੱਚ ਬਣਨ ਵਾਲੀਆਂ ਤਸਵੀਹਾਂ ਦੇਖਦਾ ਹੈ-

ਵਿਹਲੜ ਕੋਲ਼ ਨੇ ਸ਼ਿਕਵੇ ਬਾਹਲੇ

ਕਿਰਤੀ ਕੋਲ਼ੇ ਤਾਹਨਾ ਨਹੀਂ

ਜਿਸ ਨੇ ਨਾਨਕ ਬਾਣੀ ਸਮਝੀ

ਉਸ ਲਈ ਕੁਝ ਬੇਗਾਨਾ ਨਹੀਂ।

ਇਸ ਕਵਿਤਾ ਵਿੱਚ ਪਿੰਡ ਪ੍ਰਤੀ ਮੋਹ ਹੈ‌ ਕਵੀ ਪਿੰਡੇ ਦੀ ਮਿੱਟੀ ਨੂੰ ਪਿੰਡ ਦਾ ਸਰੂਪ ਮੰਨਦਾ ਹੈ। ਇਹ ਉਹ ਪਿੰਡ ਦੀ ਹਵਾ ਹੈ, ਜਿੱਥੇ ਉਹ ਪੰਛੀ ਬਣ ਕੇ ਉੱਡਦਾ ਰਿਹਾ ,ਜਿੱਥੇ ਇਲਤਾਂ ਕੀਤੀਆਂ, ਹਿੰਡਾਂ ਪੁਗਾਈਆਂ। ਪਿੰਡ ਰਹਿੰਦੇ ਆੜੀਆਂ ਨੇ ਤੇ ਪਿੰਡ ਨੇ ਉਸਨੂੰ ਬਹੁਤ ਕੁਝ ਸਿਖਾਇਆ ਹੈ । ਕਵੀ ਪਿੰਡ ਨੂੰ ਆਪਣਾ ਉਸਤਾਦ ਮੰਨਦਾ ਹੈ। ਪਿੰਡ ਨੇ ਹੀ ਉਸ ਨੂੰ ਸਿੱਖਿਆ ਦਿੱਤੀ ਹੈ ਕਿ ਦਰਵੇਸ਼ ਲੋਕ ਕਿਤੇ ਰੁਕਦੇ ਨਹੀਂ। ਹਵਾਵਾਂ ਵਾਂਗ ਹਰ ਇੱਕ ਦੇ ਤਨ ਨੂੰ ਠੰਡਾ ਬੁੱਲਾ ਦੇਣ ਲਈ ਅੱਗੇ ਵਧਦੇ ਰਹਿੰਦੇ ਹਨ। ਇਸੇ ਤਰ੍ਹਾਂ ਕਵੀ ਰਿਸ਼ਤਿਆਂ ਦੀ ਧਰਾਤਲ ‘ਤੇ ਰਹਿੰਦਿਆਂ, ਰਿਸ਼ਤਿਆਂ ਦੀ ਆਪਸੀ ਸਾਂਝ ਦਾ ਖ਼ੂਬਸੂਰਤ ਚਿਤਰਨ ਕਰਦਾ ਹੈ-

ਆਓ ਭੈਣਾਂ ਪੇਕੜੇ

ਮੈਂ ਹੀ ਬਾਬਲ ਵੀਰ।

ਇੱਕੋ ਕੁੱਖ ਚੋਂ ਜੰਮਣਾ

ਸਭ ਤੋਂ ਸੋਹਣਾ ਸੀਰ‌।

ਕਵੀ ਆਪਣੀ ਹਰ ਕਵਿਤਾ ਵਿੱਚ ਮਨੁੱਖ ਨੂੰ ਉਸਦੇ ਫਰਜਾਂ ਪ੍ਰਤੀ ਸੁਚੇਤ ਕਰਦਾ ਨਜ਼ਰ ਆਉਂਦਾ ਹੈ। ਉਹ ਗੁਰੂ ਨੂੰ ਵਡਿਆਉਂਦਾ ਹੈ। ਮੁਹੱਬਤ ਦੀ ਵਰਖਾ ਦੀਆਂ ਬੂੰਦਾਂ ਨੂੰ ਸਵਾਤੀ ਬੂੰਦਾਂ ਸਮਝਦਾ ਹੈ। ਮਨੁੱਖ ਨੂੰ ਆਪਣੇ ਅੰਦਰਲੇ ਈਰਖਾ ਤੇ ਸਾੜੇ ਨੂੰ ਤਿਆਗ ਪਿਆਰ, ਸਾਂਝੀਵਾਲਤਾ ,ਇੱਕ ਦੂਜੇ ਲਈ ਜਿਉਣ ਦਾ ਸਬਕ ਸਿੱਖਣ ਲਈ ਕਹਿੰਦਾ ਹੈ। ਇਹ ਪੁਸਤਕ ਦੀਆਂ  ਸਾਰੀਆਂ ਹੀ ਕਵਿਤਾਵਾਂ ਬਹੁਤ  ਖੂਬਸੂਰਤ ਤੇ ਫੁੱਲਾਂ ਦੀ ਸੁਗੰਧੀ ਨਾਲ਼ ਭਰਪੂਰ ਹਨ। ਖੂਬਸੂਰਤ ਕਾਵਿ ਸਿਰਜਣਾ ਵਾਲੇ ਕਾਵਿ ਸੰਗ੍ਰਹਿ ਦਾ ਭਰਪੂਰ ਸਵਾਗਤ ਤੇ ਮੁਬਾਰਕਬਾਦ।

 ਰਾਮਪਾਲ ਸ਼ਾਹਪੁਰੀ (ਡਾ.

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਵੱਲੋਂ ਕਨਵੈਨਸ਼ਨ ਅੱਜ
Next articleਸ਼ਾਨਦਾਰ ਨਤੀਜੇ ਹਾਸਿਲ ਕਰਨ ‘ਤੇ ਖਾਲਸਾ ਕਾਲਜ ਮਾਹਿਲਪੁਰ ਦੇ ਐਮ ਐਸ ਸੀ ( ਆਈ ਟੀ) ਕੋਰਸ ਦੀਆਂ ਵਿਦਿਆਰਥਣਾਂ ਸਨਮਾਨਿਤ