ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਚੌਧਰੀ ਦੁਰਗੇਸ਼ ਜੰਡੀ ਨੇ ਕਾਠਗੜ੍ਹ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ‘ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਦੁਰਗੇਸ਼ ਜੰਡੀ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਵਲੋਂ ਸਰਕਾਰੀ ਹਸਪਤਾਲ ਕਾਠਗੜ੍ਹ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰੇ ਦੌਰਾਨ ਕਾਂਗਰਸੀ ਆਗੂਆਂ ਵਲੋਂ ਬਿਆਨਬਾਜ਼ੀ ਕੀਤੀ ਗਈ ਸੀ ਕਿ ਇਹ ਸਰਕਾਰੀ ਹਸਪਤਾਲ ਖੁਦ ਵੈਂਟੀਲੇਟਰ ‘ਤੇ ਹੈ ਅਤੇ ਪੰਜਾਬ ਸਰਕਾਰ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਕਾਂਗਰਸ ਦੀ ਇਸ ਬਿਆਨਬਾਜ਼ੀ ਦਾ ਕਰਾਰਾ ਜਵਾਬ ਦਿੰਦਿਆਂ ਦੁਰਗੇਸ਼ ਜੰਡੀ ਨੇ ਕਿਹਾ ਕਿ ਅੱਜ ਹਸਪਤਾਲ ਦੀ ਜੋ ਖਸਤਾ ਹਾਲਤ ਹੈ, ਉਸ ਲਈ ਮੌਜੂਦਾ ਸਰਕਾਰ ਦੇ ਨਾਲ-ਨਾਲ ਪਿਛਲੀ ਕਾਂਗਰਸ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਉਨ੍ਹਾਂ ਰਾਜਾ ਵੜਿੰਗ ਅਤੇ ਕਾਂਗਰਸੀ ਲੀਡਰਸ਼ਿਪ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਉਕਤ ਲੀਡਰਾਂ ਕੋਲੋਂ ਜਾਣਕਾਰੀ ਲੈਣਾ ਚਾਹੁੰਦੇ ਹਨ ਕਿ ਕਰੀਬ ਚਾਰ ਸਾਲ ਪਹਿਲਾਂ ਪੰਜਾਬ ਵਿੱਚ ਉਨ੍ਹਾਂ ਦੀ ਆਪਣੀ ਕਾਂਗਰਸ ਸਰਕਾਰ ਸੀ। ਉਸ ਸਮੇਂ ਕਾਂਗਰਸ ਦੇ ਤਤਕਾਲੀ ਵਿਧਾਇਕ ਚੌਧਰੀ ਦਰਸ਼ਨ ਲਾਲ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ ਕਿ ਸਰਕਾਰੀ ਹਸਪਤਾਲ ਕਾਠਗੜ੍ਹ ਦੀ ਬਿਲਡਿੰਗ 25 ਬੈੱਡਾਂ ਦੇ ਕਮਿਊਨਿਟੀ ਹੈਲਥ ਸੈਂਟਰ ਦੀ ਹੈ, ਪਰ ਇੱਥੇ ਡਾਕਟਰਾਂ ਦੀਆਂ ਸਿਰਫ਼ ਦੋ ਪੋਸਟਾਂ ਹੀ ਚੱਲ ਰਹੀਆਂ ਹਨ। ਚੌਧਰੀ ਦਰਸ਼ਨ ਲਾਲ ਨੂੰ ਵਾਰ-ਵਾਰ ਕਿਹਾ ਗਿਆ ਸੀ ਕਿ ਉਹ ਮੁੱਖ ਮੰਤਰੀ ਜਾਂ ਸਿਹਤ ਮੰਤਰੀ ਨੂੰ ਕਹਿ ਕੇ ਹਸਪਤਾਲ ਲਈ ਮਨਜ਼ੂਰਸ਼ੁਦਾ ਪੂਰਾ ਸਟਾਫ਼ ਲੈ ਕੇ ਆਉਣ, ਜਿਸ ਵਿੱਚ ਪੰਜ ਡਾਕਟਰ, ਪੰਜ ਸਟਾਫ਼ ਨਰਸਾਂ, ਇੱਕ ਫਾਰਮਾਸਿਸਟ, ਇੱਕ ਅੱਖਾਂ ਚੈੱਕ ਕਰਨ ਵਾਲਾ, ਇੱਕ ਕਲਰਕ, ਇੱਕ ਸਟੈਨੋ, ਇੱਕ ਡਰਾਈਵਰ, ਤਿੰਨ ਸਵੀਪਰ ਅਤੇ ਚਾਰ ਵਾਰਡ ਅਟੈਂਡੈਂਟ ਸ਼ਾਮਲ ਹੁੰਦੇ ਹਨ। ਪਰ ਅਫ਼ਸੋਸ ਕਿ ਕਾਂਗਰਸ ਸਰਕਾਰ ਦੇ ਸਮੇਂ ਇਨ੍ਹਾਂ ਵਿੱਚੋਂ ਕੋਈ ਵੀ ਪੋਸਟ ਨਹੀਂ ਭਰੀ ਗਈ ਅਤੇ ਹੁਣ ਉਹੀ ਕਾਂਗਰਸੀ ਆਗੂ ਹਸਪਤਾਲ ਵਿੱਚ ਫੋਟੋਆਂ ਖਿਚਵਾ ਕੇ ਮਹਿਜ਼ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਕਾਂਗਰਸੀਆਂ ਦੀ ਇਸ ਫੋਕੀ ਸ਼ੋਹਰਤ ਅਤੇ ਨਾਟਕਬਾਜ਼ੀ ਨੂੰ ਭਲੀ-ਭਾਂਤ ਜਾਣਦੇ ਹਨ। ਦੁਰਗੇਸ਼ ਜੰਡੀ ਨੇ ਆਪਣੇ ਸੰਘਰਸ਼ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਇਸ ਹਸਪਤਾਲ ਨੂੰ ਬਣਵਾਉਣ ਲਈ ਸਾਲ 2007 ਤੋਂ ਲਗਾਤਾਰ ਮਿਹਨਤ ਕਰ ਰਹੇ ਹਨ। ਸਾਲ 2012 ਵਿੱਚ ਜਦੋਂ ਹਸਪਤਾਲ ਨਾ ਬਣਨ ਕਾਰਨ ਕੰਮ ਲਟਕ ਰਿਹਾ ਸੀ, ਤਾਂ ਉਨ੍ਹਾਂ ਨੇ ਉਸ ਸਮੇਂ ਦੇ ਵਿਧਾਇਕ ਚੌਧਰੀ ਚੋਧਰੀ ਨੰਦ ਲਾਲ ਦਾ ਡੱਟ ਕੇ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਸਾਲ 2012 ਵਿੱਚ ਹੀ ਉਨ੍ਹਾਂ ਨੇ ਇਲਾਕੇ ਦੀਆਂ ਕਰੀਬ 20 ਪੰਚਾਇਤਾਂ ਤੋਂ ਦਸਤਖਤ ਕਰਵਾ ਕੇ ਤਤਕਾਲੀ ਵਿਧਾਇਕ ਚੌਧਰੀ ਨੰਦ ਲਾਲ ਨੂੰ ਇੱਕ ਮੈਮੋਰੰਡਮ ਸੌਂਪਿਆਂ ਸੀ। ਇਸ ਮੈਮੋਰੰਡਮ ਦੀ ਇੱਕ ਕਾਪੀ ਉਸ ਵੇਲੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਪ੍ਰਿੰਸੀਪਲ ਸੈਕਟਰੀ ਹੈਲਥ ਵੀ. ਹੁਸਨ ਲਾਲ ਆਈਏਐਸ ਨੂੰ ਵੀ ਦਿੱਤੀ ਗਈ ਸੀ ਅਤੇ ਉਨ੍ਹਾਂ ਅੱਗੇ ਹਸਪਤਾਲ ਚਾਲੂ ਕਰਨ ਦੀ ਬੇਨਤੀ ਕੀਤੀ ਗਈ ਸੀ। ਇਨ੍ਹਾਂ ਪ੍ਰਯਤਨਾਂ ਸਦਕਾ ਹੀ ਇਸ ਹਸਪਤਾਲ ਦਾ ਉਦਘਾਟਨ 5 ਅਗਸਤ 2014 ਨੂੰ ਹੋ ਸਕਿਆ ਸੀ। ਦੁਰਗੇਸ਼ ਜੰਡੀ ਨੇ ਕਾਂਗਰਸ ਦੀ ਇੱਕ ਹੋਰ ਨਾਕਾਮੀ ਉਜਾਗਰ ਕਰਦਿਆਂ ਦੱਸਿਆ ਕਿ ਜਦੋਂ 2014 ਵਿੱਚ ਹਸਪਤਾਲ ਸ਼ੁਰੂ ਹੋਇਆ, ਤਾਂ ਪੱਕੇ ਡਾਕਟਰਾਂ ਤੋਂ ਇਲਾਵਾ ਬਾਕੀ ਦਾ ਜੋ ਸਟਾਫ਼ ਸੀ, ਉਹ ਆਊਟਸੋਰਸ ਰਾਹੀਂ ਰੱਖਿਆ ਹੋਇਆ ਸੀ। ਪਰ ਜਿਉਂ ਹੀ 2017 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਈ, ਤਾਂ ਉਨ੍ਹਾਂ ਨੇ ਉਸ ਚੱਲ ਰਹੇ ਆਊਟਸੋਰਸ ਸਟਾਫ਼ ਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਹਸਪਤਾਲ ਇਲਾਕੇ ਦੇ ਕਰੀਬ 60-70 ਪਿੰਡਾਂ ਦੀ ਸਿਹਤ ਲੋੜਾਂ ਦਾ ਮੁੱਖ ਕੇਂਦਰ ਹੈ, ਇਸ ਲਈ ਉਹ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਇਲਾਕੇ ਦੇ ਲੋਕਾਂ ਦੀ ਇਸ ਬਹੁਤ ਹੀ ਲੰਬੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ, ਇਸ 25 ਬਿਸਤਰਿਆਂ ਦੇ ਕਮਿਊਨਿਟੀ ਸਿਹਤ ਕੇਂਦਰ ਦਾ ਸਾਰੇ ਮਨਜ਼ੂਰਸ਼ੁਦਾ ਸਟਾਫ਼ ਮੁੱਖ ਮੰਤਰੀ ਨੂੰ ਕਹਿ ਕੇ ਤੁਰੰਤ ਪੂਰਾ ਕਰਵਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਢੰਗ ਨਾਲ ਮਿਲ ਸਕਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



