
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਲੰਡਨ ਵਿਖੇ ਕਰਵਾਏ ਗਏ ਯਾਦਗਾਰੀ ਰੋਸ ਮਾਰਚ ਅਤੇ ਆਜ਼ਾਦੀ ਰੈਲੀ ਵਿੱਚ ਲੈਸਟਰ ਸਮੇਤ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਵੇਰ ਤੋਂ ਹੀ ਸੰਗਤਾਂ ਵਿਸ਼ੇਸ਼ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਲੰਡਨ ਲਈ ਰਵਾਨਾ ਹੋਈਆਂ ਅਤੇ ਵੱਡੀ ਗਿਣਤੀ ਵਿੱਚ ਰੋਸ ਮਾਰਚ ਦਾ ਹਿੱਸਾ ਬਣੀਆਂ। ਲੈਸਟਰ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਓਡਬੀ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀਬੋਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਲਈ ਬੱਸਾਂ ਅਤੇ ਹੋਰ ਵਾਹਨਾਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸਫ਼ਰ ਦੌਰਾਨ ਸੰਗਤਾਂ ਲਈ ਚਾਹ, ਪਾਣੀ, ਫਲਾਂ ਅਤੇ ਲੰਗਰ ਦੀ ਵੀ ਵਿਸ਼ੇਸ਼ ਸੇਵਾ ਕੀਤੀ ਗਈ।ਇਸੇ ਤਰ੍ਹਾਂ ਬਰਮਿੰਘਮ, ਵੁਲਵਰਹੈਂਪਟਨ, ਕੋਵੈਂਟਰੀ, ਡਰਬੀ, ਨਾਟਿੰਘਮ, ਮੈਨਚੈਸਟਰ, ਲੀਡਜ਼, ਸਮੇਤ ਹੋਰਨਾਂ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਸੰਗਤਾਂ ਲਈ ਆਵਾਜਾਈ ਅਤੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਹ ਰੋਸ ਮਾਰਚ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨਜ਼ (ਐੱਫ.ਐੱਸ.ਓ.) ਵੱਲੋਂ ਉਲੀਕਿਆ ਗਿਆ ਸੀ, ਜਿਸ ਨੂੰ ਬਰਤਾਨੀਆ ਭਰ ਦੀਆਂ ਕਈ ਸਿੱਖ ਧਾਰਮਿਕ, ਸਮਾਜਿਕ ਅਤੇ ਪੰਥਕ ਸੰਸਥਾਵਾਂ ਦਾ ਸਹਿਯੋਗ ਪ੍ਰਾਪਤ ਸੀ। ਮਾਰਚ ਵਿੱਚ ਸ਼ਾਮਲ ਸੰਗਤਾਂ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਾਂਤੀਪੂਰਨ ਢੰਗ ਨਾਲ ਆਪਣੀ ਹਾਜ਼ਰੀ ਦਰਜ ਕਰਵਾਈ। ਪ੍ਰਬੰਧਕਾਂ ਨੇ ਵੱਖ-ਵੱਖ ਸ਼ਹਿਰਾਂ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰੀ ਗਿਣਤੀ ਵਿੱਚ ਹੋਈ ਸ਼ਮੂਲੀਅਤ ਨੇ ਸਮਾਗਮ ਨੂੰ ਯਾਦਗਾਰੀ ਅਤੇ ਸਫ਼ਲ ਬਣਾਇਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


