ਏਹੁ ਹਮਾਰਾ ਜੀਵਣਾ ਹੈ – 103

(ਸਮਾਜ ਵੀਕਲੀ)

ਸਾਡੇ ਦੇਸ਼ ਵਿੱਚ ਸਮਾਜਿਕ ਰਿਸ਼ਤੇ ਹੋਰ ਦੇਸ਼ਾਂ ਦੇ ਮੁਕਾਬਲੇ ਵੱਧ ਅਹਿਮੀਅਤ ਰੱਖਦੇ ਹਨ।ਸਾਡੇ ਸਮਾਜਿਕ ਵਰਤਾਰੇ ਅਨੁਸਾਰ ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡੇ ਦੇਸ਼ ਵਿੱਚ ਫ਼ਰਜ਼ਾਂ ਦੀ ਲੜੀ ਵਿੱਚ ਇਹਨਾਂ ਨੂੰ ਫੁੱਲਾਂ ਵਾਂਗ ਪਰੋਇਆ ਜਾਂਦਾ ਹੈ। ਜਿੰਨੀ ਮਜ਼ਬੂਤ ਫ਼ਰਜ਼ਾਂ ਦੀ ਲੜੀ ਹੁੰਦੀ ਹੈ ਓਨੇ ਸੋਹਣੇ ਹੀ ਸਾਡੇ ਰਿਸ਼ਤਿਆਂ ਰੂਪੀ ਫੁੱਲਾਂ ਦਾ ਹਾਰ ਪਰੋਇਆ ਜਾਂਦਾ ਹੈ। ਸਾਡੇ ਸਮਾਜ ਵਿੱਚ ਜਿੱਥੇ ਰਿਸ਼ਤਿਆਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਪਰ ਉੱਥੇ ਇੱਕ ਗੱਲ ਅੱਖੋਂ ਪਰੋਖੇ ਵੀ ਨਹੀਂ ਕੀਤੀ ਜਾ ਸਕਦੀ ਕਿ ਇਹਨਾਂ ਰਿਸ਼ਤਿਆਂ ਨੂੰ ਨਿਭਾਉਣ ਵਾਲੇ ਹੀ ਆਪਸ ਵਿੱਚ ਇੱਕ ਦੂਜੇ ਪ੍ਰਤੀ ਕੜਵਾਹਟ ਭਰਦੇ ਰਹਿੰਦੇ ਹਨ। ਸਾਡੇ ਸਮਾਜ ਵਿੱਚ ਔਰਤ ਕਿਤੇ ਧੀ, ਕਿਤੇ ਮਾਂ ਤੇ ਕਿਤੇ ਸੱਸ ਜਾਂ ਫਿਰ ਨੂੰਹ ਦੀ ਭੂਮਿਕਾ ਨਿਭਾਅ ਰਹੀ ਹੁੰਦੀ ਹੈ ਪਰ ਇਹਨਾਂ ਨੂੰ ਨਿਭਾਉਂਦੇ ਨਿਭਾਉਂਦੇ ਕਿਤੇ ਨਾ ਕਿਤੇ ਉਹ ਔਰਤ ਦੀ ਦੁਸ਼ਮਣ ਬਣ ਕੇ ਵੀ ਖੜ੍ਹ ਜਾਂਦੀ ਹੈ।

ਇੱਕ ਵਾਰੀ ਮੈਂ ਕਿਤੇ ਪਬਲਿਕ ਸਥਾਨ ਤੇ ਬੈਠੀ ਸੀ ਜਿੱਥੇ ਹੋਰ ਵੀ ਬਹੁਤ ਸਾਰੀਆਂ ਔਰਤਾਂ ਬੈਠੀਆਂ ਸਨ। ਮੇਰੇ ਨਾਲ ਹੀ ਇੱਕ ਅੱਧਖੜ੍ਹ ਉਮਰ ਦੀ ਔਰਤ ਤੇ ਇੱਕ ਜਵਾਨ ਵਿਆਹੀ ਹੋਈ ਔਰਤ ਬੈਠੀਆਂ ਸਨ। ਉਹਨਾਂ ਦੀ ਆਪਸ ਵਿੱਚ ਹੋ ਰਹੀ ਗੱਲਬਾਤ ਮੇਰੇ ਕੰਨੀਂ ਵੀ ਪੈ ਰਹੀ ਸੀ। ਗੱਲਾਂ ਬਾਤਾਂ ਤੋਂ ਪਤਾ ਲੱਗਿਆ ਕਿ ਉਹ ਦੋਵੇਂ ਮਾਵਾਂ ਧੀਆਂ ਸਨ। ਮਾਂ ਧੀ ਨੂੰ ਆਖ ਰਹੀ ਸੀ ,” ਐਵੇਂ ਬੁੜੀ(ਕੁੜੀ ਦੀ ਸੱਸ) ਤੋਂ ਨਾ ਡਰਿਆ ਕਰ ਬਹੁਤਾ… ਪਹਿਲਾਂ ਹੀ ਜੇ ਤੂੰ ਦਬ ਗਈ ਤਾਂ ਤੈਨੂੰ ਹੋਰ ਦਬਾ ਕੇ ਰੱਖੂਗੀ…।”

ਕੁੜੀ ਵਿੱਚੋਂ ਹੀ ਟੋਕ ਕੇ ਬੋਲੀ,” ਹਜੇ ਬੁੜੀ(ਸੱਸ) ਤਾਂ ਮਾੜੀ ਮੋਟੀ ਠੀਕ ਆ ਪਰ ਬੁੜਾ ਬਹੁਤ ਖ਼ਰਾਬ ਆ।” ਮਾਂ ਫਿਰ ਬੋਲੀ,” ਕਮਲੀਏ, ਤੂੰ ਬੁੜੀ ਤੋਂ ਕੀ ਲੈਣਾਂ….. ਸਹੁਰੇ ਨੂੰ ਹੱਥ ਤੇ ਰੱਖੀਦਾ ਹੁੰਦਾ….. ਉਹਦੇ ਨਾਲ ਨਾ ਵਿਗਾੜੀਂ…..ਉਹਦੇ ਨਾਲ ਮਿੱਠੀ ਪਿਆਰੀ ਹੋ ਕੇ ਰਿਹਾ ਕਰ …. ਅਕਸਰ ਨੂੰ ਸਾਰੀ ਜਾਇਦਾਦ ਤਾਂ ਓਹਦੇ ਤੋਂ ਈ ਲੈਣੀ ਆ….. ਚੱਲ ਜੇ ਦੋ ਗੱਲਾਂ ਕਹਿ ਵੀ ਦੇਵੇ ਤਾਂ ਸੁਣੀ ਨੂੰ ਅਣਸੁਣਿਆ ਕਰ ਦਿਆ ਕਰ।” ਇਹ ਗੱਲਾਂ ਸੁਣ ਕੇ ਮੇਰੇ ਮਨ ਨੂੰ ਬਹੁਤ ਦੁੱਖ ਹੋਇਆ ਕਿ ਧੀ ਨੂੰ ਇਹੋ ਜਿਹੀਆਂ ਮੱਤਾਂ ਦੇਣ ਵਾਲੀਆਂ ਮਾਵਾਂ ਧੀਆਂ ਦੇ ਘਰ ਕਿਵੇਂ ਵਸਦੇ ਰਹਿਣ ਦੇ ਸਕਦੀਆਂ ਹਨ ? ਉਸ ਦੇ ਸਹੁਰੇ ਘਰ ਵਿੱਚ ਤਾਂ ਮਾਂ ਹੀ ਸਭ ਜੀਆਂ ਬਾਰੇ ਆਪਣੇ ਅਲੱਗ ਅਲੱਗ ਵਿਚਾਰ ਪੇਸ਼ ਕਰਕੇ ਉਨ੍ਹਾਂ ਦੇ ਘਰ ਵਿੱਚ ਫੁੱਟ ਪਾ ਰਹੀ ਸੀ।

ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ।ਮੇਰੀ ਜਾਣ ਪਛਾਣ ਦੇ ਇੱਕ ਘਰ ਦੀ ਨੂੰਹ ਨਾਲ ਗੱਲਬਾਤ ਹੋਈ ਤਾਂ ਉਸ ਦੀ ਮਾਂ ਦੇ ਵਿਚਾਰ ਤਾਂ ਉਸ ਤੋਂ ਬਿਲਕੁਲ ਅਲੱਗ ਸਨ। ਇੱਕ ਦਿਨ ਉਹ ਗੱਲਾਂ ਕਰਦੀ ਕਰਦੀ ਦੱਸਣ ਲੱਗੀ ਕਿ ਉਸ ਦੀ ਮਾਂ ਨੇ ਤਾਂ ਪਹਿਲਾਂ ਹੀ ਉਸ ਨੂੰ ਕਹਿ ਦਿੱਤਾ ਸੀ,”ਕੁੜੀਏ! ਹੁਣ ਓਹੀ ਤੇਰਾ ਘਰ ਆ….ਓਹੀ ਤੇਰੇ ਮਾਪੇ ….. ਜਿੰਨੀ ਸਾਡੀ ਇੱਜ਼ਤ ਕਰਦੀ ਐਂ….. ਓਦੂੰ ਵੱਧ ਉਹਨਾਂ ਦੀ ਕਰਨੀ ਆ….. ਸਾਨੂੰ ਕਦੇ ਤੇਰਾ ਉਲਾਂਭਾ ਨੀ ਆਉਣਾ ਚਾਹੀਦਾ …. ਨਾਲ਼ੇ ਔਖ ਸੌਖ ਹੋਵੇ ਤਾਂ ਅਗਲਿਆਂ ਦੀ ਭੰਡੀ ਨੀ ਪਾਈਦੀ….ਆਪਣੇ ਘਰੇ ਸਬਰ ਨਾਲ ਕੱਟਣੀ ਚਾਹੀਦੀ ਐ…… ਨਾਲ਼ੇ ਖੁਸ਼ੀ ਖੁਸ਼ੀ ਆਏਂਗੀ ਤਾਂ ਜੀ ਸਦਕੇ ਪਰ ਜੇ ਰੁੱਸ ਕੇ ਆਈ ਤਾਂ ਓਹਨੀਂ ਪੈਰੀਂ ਵਾਪਸ ਮੋੜਾਂਗੇ….!” ਉਹ ਹੱਸਦੀ ਹੋਈ ਆਪਣੀ ਮਾਂ ਦੀਆਂ ਗੱਲਾਂ ਦੱਸਦੀ ਤਾਂ ਬੜੀ ਖੁਸ਼ੀ ਮਹਿਸੂਸ ਹੋਈ। ਕਾਸ਼! ਸਾਰੇ ਘਰਾਂ ਵਿੱਚ ਇਸ ਤਰ੍ਹਾਂ ਦੀ ਆਪਸੀ ਸਮਝ ਪੈਦਾ ਹੋ ਜਾਏ।

ਇਹ ਤਾਂ ਚੱਲੋ ਮਾਵਾਂ ਜਾਂ ਪੇਕਿਆਂ ਦੀ ਮੱਤ ਅਨੁਸਾਰ ਧੀਆਂ ਦੇ ਆਪਣੇ ਸਹੁਰੇ ਪਰਿਵਾਰ ਨਾਲ ਰਿਸ਼ਤਾ ਵਧੀਆ ਬਣਨਾ ਜਾਂ ਰਿਸ਼ਤਿਆਂ ਵਿੱਚ ਵਿਗਾੜ ਪੈਣ ਦੀ ਗੱਲ ਸੀ ਪਰ ਅੱਜ ਕੱਲ੍ਹ ਤਾਂ ਕੁੜੀਆਂ ਵੀ ਪੜ੍ਹੀਆਂ ਲਿਖੀਆਂ ਹੁੰਦੀਆਂ ਹਨ , ਉਹਨਾਂ ਨੂੰ ਵੀ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ।ਇਸੇ ਸਬੰਧ ਵਿੱਚ ਮੈਂ ਆਪਣੀ ਇੱਕ ਸਹੇਲੀ ਮੁਕਤਾ ਦੀ ਗੱਲ ਦੱਸਦੀ ਹਾਂ ਜੋ ਮੇਰੇ ਦਿਲ ਨੂੰ ਅੰਦਰ ਤੱਕ ਛੂਹ ਗਈ ਸੀ ਤੇ ਅੱਗੋਂ ਮੈਂ ਕਈਆਂ ਨਾਲ ਉਸ ਦਾ ਜ਼ਿਕਰ ਕੀਤਾ।ਉਹ ਦੱਸਣ ਲੱਗੀ ਕਿ ਜਦੋਂ ਉਹ ਨਵੀਂ ਨਵੀਂ ਵਿਆਹੀ,ਦੋ ਚਾਰ ਦਿਨ ਸਹੁਰੇ ਘਰ ਰਹਿ ਕੇ ਪੇਕੇ ਮਿਲ਼ਣ ਗਈ ਤਾਂ ਪੇਕੇ ਘਰ ਵਿੱਚ ਸਾਰੇ ਰਿਸ਼ਤੇਦਾਰ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਬਾਰੇ ਪੁੱਛਣ ਲੱਗੇ ਤੇ ਆਖਣ ਲੱਗੇ ,”ਹੋਰ ਸੁਣਾਅ,ਬੁੜੀ ਦਾ ਸੁਭਾਅ ਕਿਹੋ ਜਿਹਾ….?”

ਮੁਕਤਾ ਕਹਿੰਦੀ ਕਿ ਮੈਂ ਉਸੇ ਵੇਲੇ ਉਹਨਾਂ ਨੂੰ ਟੋਕ ਕੇ ਕਹਿ ਦਿੱਤਾ,” ਖ਼ਬਰਦਾਰ! ਜੇ ਸਾਡੇ ਮੰਮੀ ਨੂੰ ਬੁੜੀ ਆਖਿਆ….ਉਹ ਸਾਡੇ ਮੰਮੀ ਹਨ ਬਿਲਕੁਲ ਇਸੇ ਤਰ੍ਹਾਂ ਜਿਵੇਂ ਇਹ ਵਾਲੇ ਮੇਰੇ ਮੰਮੀ ਹਨ….. ਅੱਜ ਤੁਸੀਂ ਗਲਤੀ ਨਾਲ ਬੁੜੀ ਆਖ ਦਿੱਤਾ, ਅੱਗੇ ਤੋਂ ਬਿਲਕੁਲ ਨਹੀਂ ਇਹ ਸ਼ਬਦ ਮੇਰੇ ਮੰਮੀ ਲਈ ਵਰਤਣੇ।” ਹੁਣ ਚਾਹੇ ਉਸ ਦੇ ਵਿਆਹ ਹੋਏ ਨੂੰ ਬਾਈ ਸਾਲ ਹੋ ਗਏ ਹਨ ਪਰ ਉਸ ਦਾ ਆਪਣੇ ਘਰ ਵਿੱਚ ਸੱਸ ਸਹੁਰੇ ਪ੍ਰਤੀ ਪਿਆਰ ਵਾਕਿਆ ਹੀ ਕਾਬਿਲੇ ਤਾਰੀਫ ਹੈ।

ਸੋ ਇਸ ਤਰ੍ਹਾਂ ਔਰਤਾਂ ਦੇ ਰਿਸ਼ਤਿਆਂ ਵਿੱਚ ਆਦਮੀਆਂ ਦੀ ਦਖਲਅੰਦਾਜ਼ੀ ਨਾਲੋਂ ਜ਼ਿਆਦਾ ਪ੍ਰਭਾਵ ਔਰਤਾਂ ਦਾ ਇੱਕ ਦੂਜੇ ਪ੍ਰਤੀ ਵਰਤਾਰਾ ਹੀ ਪਾਉਂਦਾ ਹੈ। ਜੇ ਔਰਤਾਂ ਹੀ ਇੱਕ ਦੂਜੇ ਨੂੰ ਸਹੀ ਸੇਧ,ਸਹੀ ਸਲਾਹ ਜਾਂ ਪਿਆਰ ਅਤੇ ਸਤਿਕਾਰ ਦੇਣ ਲੱਗ ਜਾਣ ਤਾਂ ਸਾਰੇ ਘਰਾਂ ਵਿੱਚ ਬਾਕੀ ਦੇ ਰਿਸ਼ਤੇ ਵੀ ਮਜ਼ਬੂਤ ਹੋ ਜਾਣ। ਔਰਤਾਂ ਦੀ ਸੂਝਬੂਝ ਨਾਲ ਜਿੱਥੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਪਿਆਰ ਬਣਿਆ ਰਹਿੰਦਾ ਹੈ ਉੱਥੇ ਹੀ ਇਸ ਦਾ ਅਸਰ ਪਰਿਵਾਰ ਦੇ ਬਾਕੀ ਜੀਆਂ ਤੇ ਵੀ ਬਹੁਤ ਪੈਂਦਾ ਹੈ।

ਬੱਚਿਆਂ ਨੂੰ ਘਰਾਂ ਅੰਦਰ ਹੀ ਇੱਕ ਤੰਦਰੁਸਤ ਅਤੇ ਖੁਸ਼ਗਵਾਰ ਮਾਹੌਲ ਮਿਲ਼ਣ ਨਾਲ ਜਿੱਥੇ ਉਹ ਸਦਾਚਾਰਕ ਕਦਰਾਂ ਕੀਮਤਾਂ ਦੇ ਧਾਰਨੀ ਬਣਦੇ ਹਨ ਉੱਥੇ ਨਾਲ ਹੀ ਉਹਨਾਂ ਦੀ ਸ਼ਖ਼ਸੀਅਤ ਵਿੱਚ ਬਹੁਪੱਖੀ ਵਿਕਾਸ ਹੁੰਦਾ ਹੈ।ਘਰ ਦੇ ਆਦਮੀਆਂ ਦਾ ਵੀ ਬਾਹਰ ਦੇ ਕੰਮਾਂਕਾਰਾਂ ਵਿੱਚ ਦਿਲ ਲੱਗਦਾ ਹੈ ਤੇ ਉਹ ਸੋਹਣੀ ਤਰ੍ਹਾਂ ਕਮਾਈ ਕਰਕੇ ਘਰ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਂਦੇ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਔਰਤਾਂ ਦੇ ਆਪਸੀ ਵਿਵਹਾਰ ਦਾ ਘਰਾਂ ਦੇ ਨਾਲ ਨਾਲ ਸਮਾਜ ਉੱਪਰ ਵੀ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਜੇ ਸਾਡੇ ਘਰ ਖ਼ੁਸ਼ਹਾਲ ਹੋਣਗੇ ਤਾਂ ਹੀ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਵੀ ਪਿਆਰ ਅਤੇ ਮਜ਼ਬੂਤੀ ਆ ਸਕਦੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੇਤੂ
Next articleਸਿਹਤ ਵਿਭਾਗ ਵੱਲੋਂ ਦਿਲ ਦੀ ਜਮਾਂਦਰੂ ਬਿਮਾਰੀ ਵਾਲੇ ਬੱਚਿਆਂ ਦੀ ਸਫਲ ਸਰਜਰੀ