HOME ਪੰਜਾਬ ਵਿੱਚ ਬੂਥ ਤੱਕ ਬਸਪਾ ਨੂੰ ਕੀਤਾ ਜਾਵੇਗਾ ਮਜ਼ਬੂਤ : ਰਾਮਜੀ ਗੌਤਮ

ਪੰਜਾਬ ਵਿੱਚ ਬੂਥ ਤੱਕ ਬਸਪਾ ਨੂੰ ਕੀਤਾ ਜਾਵੇਗਾ ਮਜ਼ਬੂਤ : ਰਾਮਜੀ ਗੌਤਮ

3

ਵਿਪੁਲ ਕੁਮਾਰ ਨੇ ਬਸਪਾ ਕੇਡਰ ਵਿੱਚ ਉਤਸ਼ਾਹ ਭਰਿਆ

ਹਰ ਵਰਗ ਨੂੰ ਨਾਲ ਜੋੜੇਗੀ ਬਸਪਾ : ਡਾ. ਅਵਤਾਰ ਸਿੰਘ ਕਰੀਮਪੁਰੀ

ਜਲੰਧਰ   (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਲਗਾਏ ਗਏ ਮੁੱਖ ਕੇਂਦਰੀ ਇੰਚਾਰਜ ਤੇ ਰਾਜਸਭਾ ਮੈਂਬਰ ਇੰਜ. ਰਾਮਜੀ ਗੌਤਮ ਨੇ ਕਿਹਾ ਕਿ ਉਹ ਪੰਜਾਬ ਭਰ ਵਿੱਚ ਬਸਪਾ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਕੰਮ ਕਰਨਗੇ, ਤਾਂ ਕਿ ਬਸਪਾ ਨੂੰ ਸੂਬੇ ਦੀ ਸੱਤਾ ਵਿੱਚ ਲਿਆਇਆ ਜਾ ਸਕੇ। ਉਹ ਅੱਜ ਵੀਰਵਾਰ ਨੂੰ ਬਸਪਾ ਦੇ ਜਲੰਧਰ ਵਿਖੇ ਸੂਬਾ ਦਫ਼ਤਰ ਵਿੱਚ ਪਾਰਟੀ ਆਗੂਆਂ ਨੂੰ ਸੰਬੋਧਿਤ ਕਰ ਰਹੇ ਸਨ। ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਬੀਤੇ ਦਿਨੀਂ ਰਾਮਜੀ ਗੌਤਮ ਨੂੰ ਰਣਧੀਰ ਸਿੰਘ ਬੈਣੀਵਾਲ ਦੀ ਜਗ੍ਹਾ ‘ਤੇ ਸੂਬੇ ਦਾ ਮੁੱਖ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨਾਲ ਵਿਪੁਲ ਕੁਮਾਰ ਨੂੰ ਵੀ ਪੰਜਾਬ ਦਾ ਕੇਂਦਰੀ ਇੰਚਾਰਜ ਲਗਾਇਆ ਗਿਆ ਹੈ। ਸੂਬਾ ਦਫ਼ਤਰ ਵਿਖੇ ਮੀਟਿੰਗ ਵਿੱਚ ਪਹੁੰਚਣ ਤੋਂ ਪਹਿਲਾਂ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਬਸਪਾ ਵਿਧਾਇਕ ਡਾ. ਨਛੱਤਰ ਪਾਲ ਤੇ ਪਾਰਟੀ ਵਰਕਰਾਂ ਨੇ ਦੋਵੇਂ ਸੂਬਾ ਇੰਚਾਰਜਾਂ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ। ਸੂਬਾ ਦਫ਼ਤਰ ਵਿਖੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਇੰਜ. ਰਾਮਜੀ ਗੌਤਮ ਮੈਂਬਰ ਰਾਜਸਭਾ ਨੇ ਕਿਹਾ ਕਿ ਪੰਜਾਬ ਵਿੱਚ ਬਸਪਾ ਲੀਡਰਸ਼ਿਪ ਤੇ ਸੰਗਠਨ ਸੂਬੇ ਦੀ ਅਗਵਾਈ ਲਈ ਸਮਰੱਥ ਹੈ। ਬਸਪਾ ਨੂੰ ਸੱਤਾ ਵਿੱਚ ਲਿਆ ਕੇ ਪੰਜਾਬ ਦੀਆਂ ਦਰਵੇਸ਼ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ ਤੇ ਸੂਬੇ ਦੇ ਲੋਕਾਂ ਨੂੰ ਖੁਸ਼ਹਾਲੀ ਵੱਲ ਲਿਜਾਇਆ ਜਾਵੇਗਾ। ਕੇਂਦਰੀ ਇੰਚਾਰਜ ਵਿਪੁਲ ਕੁਮਾਰ ਨੇ ਵੀ ਸੂਬੇ ਵਿੱਚ ਸੱਤਾ ਪ੍ਰਾਪਤੀ ਦੇ ਟੀਚੇ ਨੂੰ ਪੂਰਾ ਕਰਨ ਲਈ ਪਾਰਟੀ ਕੇਡਰ ਨੂੰ ਉਤਸ਼ਾਹਿਤ ਕੀਤਾ। ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਵੀ ਸੂਬਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਨੇ ਵੀ ਭੈਣ ਕੁਮਾਰੀ ਮਾਇਆਵਤੀ ਦਾ ਆਪਣੀ ਨਿਯੁਕਤੀ ਲਈ ਧੰਨਵਾਦ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਨਵੇਂ ਇੰਚਾਰਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਸਾਰੇ ਵਰਗਾਂ ਤੱਕ ਪਹੁੰਚ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ, ਤਾਂ ਕਿ ਸੱਤਾ ਹਾਸਿਲ ਕਰਕੇ ਪੰਜਾਬ ਨੂੰ ਸਾਰੇ ਪੰਜਾਬੀਆਂ ਦੇ ਸਹਿਯੋਗ ਨਾਲ ਖੁਸ਼ਹਾਲੀ ਵੱਲ ਲੈ ਜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਇਸ ਮਹੀਨੇ ਬਠਿੰਡਾ ਵਿੱਚ ਕਿਸਾਨ ਕਿਰਤੀ ਏਕਤਾ ਸੰਮੇਲਨ ਵੀ ਕਰਾਇਆ ਜਾਵੇਗਾ। ਇਸ ਮੌਕੇ ‘ਤੇ ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਕੇਂਦਰੀ ਇੰਚਾਰਜ ਦਾ ਸਵਾਗਤ ਕੀਤਾ। ਇਸ ਦੌਰਾਨ ਬਸਪਾ ਦੇ ਜ਼ੋਨ ਇੰਚਾਰਜ ਗੁਰਨਾਮ ਚੌਧਰੀ, ਤੀਰਥ ਰਾਜਪੁਰਾ, ਬਲਵਿੰਦਰ ਕੁਮਾਰ ਐਡਵੋਕੇਟ, ਲਾਲ ਸਿੰਘ ਸੁਲਹਾਣੀ, ਹਰਭਜਨ ਸਿੰਘ ਬਜਹੇੜੀ, ਬਲਜੀਤ ਸਿੰਘ ਸਲਾਣਾ, ਇੰਜ. ਜਸਵੰਤ ਰਾਏ, ਰਾਜਾ ਰਾਜਿੰਦਰ ਨਨਹੇੜੀਆ, ਬ੍ਰਿਜਪਾਲ ਚੰਡੀਗੜ੍ਹ, ਡਾ. ਮੱਖਣ ਸਿੰਘ, ਪ੍ਰਵੀਨ ਬੰਗਾ, ਤਰਸੇਮ ਥਾਪਰ, ਗੁਰਬਖਸ਼ ਸਿੰਘ, ਅਮਰਜੀਤ ਝਲੂਰ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾ. ਅੰਬੇਡਕਰ ਬੁੱਧਿਸਟ ਆਰਗੇਨਾਈਜੇਸ਼ਨ ਬ੍ਰਮਿੰਘਮ ਯੂਕੇ ਵਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮਦਿਨ ਮਨਾਇਆ ਗਿਆ
Next articleਡਾ. ਭੁਪਿੰਦਰ ਸਾਥੀਆਂ ਸਮੇਤ ਭਾਜਪਾ ਛੱਡ ਕੇ ਬਸਪਾ ਵਿੱਚ ਹੋਏ ਸ਼ਾਮਿਲ