ਪੁਸਤਕ ਦਾ ਨਾਂ – ਚਾਨਣ ਵੰਡਦੀ ਕਹਿਕਸ਼ਾਂ
ਕਵਿੱਤਰੀ – ਡਾ.ਗੁਰਚਰਨ ਕੌਰ ਕੋਚਰ
ਪੰਨੇ 126 ਕੀਮਤ – 225/- ਰੁਪਏ
ਪ੍ਰਕਾਸ਼ਕ – ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਕਾਵਿ ਵਿਧਾ ਸਹਿਤ ਦੀ ਬਹੁਤ ਹੀ ਸੂਖਮ ਕਿਸਮ ਹੈ ਜਿਸ ਵਿਚ ਅਨੇਕਾਂ ਉਪ ਵਿਧਾਵਾਂ ਸ਼ਾਮਲ ਹਨ ਜਿਵੇਂ ਗੀਤ, ਗ਼ਜ਼ਲ, ਕਵਿਤਾ, ਕਵੀਸ਼ਰੀ ਆਦਿ। ਜੇਕਰ ਇਹ ਕਹਿ ਲਿਆ ਜਾਵੇ ਕਿ ਹਰ ਲੇਖਕ ਦੀ ਸਾਹਿਤ ਵਿਚ ਪਰਵੇਸ਼ ਕਰਨ ਦੀ ਪਹਿਲੀ ਪੌੜੀ ਹੁੰਦੀਂ ਹੈ ਕਵਿਤਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਲੇਖਕਾਂ ਦੀ ਬਹੁਤਾਤ ਇਸ ਵਿਧਾ ਤੋਂ ਹੀ ਸ਼ੁਰੂ ਹੁੰਦੀ ਹੈ। ਫਿਰ ਅਗਲਾ ਡੰਡਾ ਉਹ ਤਹਿ ਕਰਦਾ ਹੈ ਕਿ ਉਸ ਨੇ ਕਾਵਿ ਵਿਧਾ ਦੇ ਖੇਤਰ ਵਿੱਚ ਹੀ ਰਹਿਣਾ ਹੈ ਜਾਂ ਵਾਰਤਕ ਦੇ ਖੇਤਰ ਭਾਵ ਕਹਾਣੀ, ਨਾਵਲ ਆਦਿ ਵਿੱਚ ਜਾਣਾ ਹੈ।
ਡਾ. ਗੁਰਚਰਨ ਕੌਰ ਕੋਚਰ ਨੇ ਭਾਵੇਂ ਨਿਬੰਧ, ਅਨੁਵਾਦ, ਰਿਵਿਊ, ਮੁੱਖ ਬੰਦ ਅਤੇ ਖੋਜ ਪੇਪਰਾਂ ਦੇ ਨਾਲ ਸੰਪਾਦਨਾ ਵੀ ਕੀਤੀ ਹੈ ਪਰ ਮੂਲ ਰੂਪ ਵਿੱਚ ਉਹ ਇੱਕ ਗ਼ਜ਼ਲਗੋ ਹੈ। ਕਾਵਿ ਵਿਧਾ ਵਿਚ ਗ਼ਜ਼ਲ ਨੂੰ ਸਭ ਤੋਂ ਸੂਖਮ ਮੰਨਿਆਂ ਗਿਆ ਹੈ। ਜਿਵੇਂ ਗੁਲਾਬ ਦੇ ਫੁੱਲ ਦੁਆਲੇ ਕੰਡੇ ਹੁੰਦੇ ਹਨ ਇਵੇਂ ਹੀ ਗ਼ਜ਼ਲ ਦੇ ਦੁਆਲੇ ਬਹੁਤ ਸਾਰੀਆਂ ਬੰਦਸ਼ਾਂ, ਸ਼ਰਤਾਂ ਅਤੇ ਨਿਯਮ ਹੁੰਦੇ ਹਨ। ਜਿਨ੍ਹਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਡਾ. ਕੋਚਰ ਗ਼ਜ਼ਲਗੋ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਹੈ। ਕੋਚਰ ਦੀ ਚਾਨਣ ਵੰਡਦੀ ਕਹਿਕਸ਼ਾਂ ਸਤਾਰਵੀਂ ਕਾਵਿ ਪੁਸਤਕ ਹੈ। ਇਸ ਪੁਸਤਕ ਵਿਚ ਉਸਨੇ ਸੰਤਾਲੀ ਗ਼ਜ਼ਲਾਂ, ਸੋਲਾਂ ਗੀਤ ਅਤੇ ਅੱਠ ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਪੁਸਤਕ ਆਪਣੇ ਜੀਵਨ ਸਾਥੀ ਸਵ. ਜੇ. ਬੀ. ਕੋਚਰ ਨੂੰ ਸਮਰਪਤ ਕੀਤੀ ਹੈ।
ਇਸ ਪੁਸਤਕ ਦਾ ਨਿੱਠ ਕੇ ਪਾਠ ਕਰਦਿਆਂ ਇੰਝ ਲੱਗਿਆ ਜਿਵੇਂ ਉਹ ਆਪਣੇ ਅੰਤਰੀਵ ਮਨ ਵਿਚ ਸਮਾਜ, ਸਿਆਸਤ ਵਿਚਲੀਆਂ ਵਿਸੰਗਤੀਆਂ ਬਾਰੇ ਬਹੁਤ ਕੁਝ ਸਮੋਈ ਬੈਠੀ ਹੈ। ਉਸ ਦੀ ਪੁਸਤਕ ਬਾਰੇ ਸਵ. ਗ਼ਜ਼ਲਗੋ ਸਿਰੀ ਰਾਮ ਅਰਸ਼ ਨੇ ਲਿਖਿਆ ਹੈ ਕਿ ਸ਼ਾਇਰਾ ਗਰੀਬਾਂ, ਨਿਮਾਣਿਆਂ, ਨਿਤਾਣਿਆ, ਮਜ਼ਲੂਮਾਂ ਅਤੇ ਹਾਸ਼ੀਏ ਵੱਲ ਧਕੇਲੇ ਗਏ ਲੋਕਾਂ ਦੀ ਧਿਰ ਨਾਲ ਡੱਟ ਕੇ ਖੜ੍ਹੀ ਹੋਈ ਹੈ। ਪੁਸਤਕ ਵਿੱਚੋ ਲੰਘਦਿਆਂ ਉਸ ਦੀਆਂ ਗ਼ਜ਼ਲਾਂ ਵਿਚ ਖ਼ੁਸ਼ੀਆਂ ਦੀ ਕਾਮਨਾ, ਉੱਚ ਨੀਚ ਦਾ ਫ਼ਰਕ, ਹੱਕ ਸੱਚ ਲਈ ਇਨਸਾਫ, ਬੇਵਫਾਈਆਂ, ਜਾਤ ਪਾਤ, ਵਸਲ, ਮਾਂ ਬੋਲੀ ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਵਰਗੇ ਵਿਸ਼ਿਆਂ ਨੂੰ ਬਾਖੂਬੀ ਪੇਸ਼ ਹੁੰਦੀ ਹੈ।
” ਮੈ ਰਿਸ਼ਤਾ ਜੋ ਬਣਾਇਆ, ਉਹ ਨਿਭਾਇਆ ਹੈ ਉਮਰ ਸਾਰੀ, ਕਦੇ ਨਾ ਰਿਸ਼ਤਿਆਂ ਅੰਦਰ ਖੜੀ ਦੀਵਾਰ ਕਰਦੀ ਹਾਂ।” (ਪੰਨਾ 54)
ਅੱਜ ਦੇ ਸਮੇਂ ਜਿਹੜੀਆਂ ਰਿਸ਼ਤਿਆਂ ਵਿਚ ਦੂਰੀਆਂ ਵੱਧ ਰਹੀਆਂ ਹਨ ਉਹਨਾਂ ਦੇ ਸੰਦਰਭ ਵਿੱਚ ਗ਼ਜ਼ਲ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਗੱਲ ਕਰਦੀ ਹੈ। ਹਰ ਰਿਸ਼ਤਾ ਨਿਭਾਉਣਾ ਚਾਹੀਦਾ ਹੈ। ਰਿਸ਼ਤਿਆਂ ਨੂੰ ਤੋੜਨਾ ਜਾਂ ਉਹਨਾਂ ਵਿੱਚ ਦੀਵਾਰ ਬਣਨਾ ਸਾਡੇ ਸਮਾਜ ਵਿਚਲੀ ਤ੍ਰਾਸਦੀ ਬਣ ਚੁੱਕੀ ਹੈ। ਉਹ ਆਪਣੇ ਦਮ ਤੇ ਮੰਜਿਲਾਂ ਸਰ ਕਰਨਾ ਚਾਹੁੰਦੀ ਹੈ। ਸਮਾਜ ਵਿਚਲੀਆਂ ਹੋਰ ਵਿਸੰਗਤੀਆਂ ਦੀ ਗੱਲ ਵੀ ਗ਼ਜ਼ਲਾਂ ਵਿਚ ਦ੍ਰਿਸ਼ਟੀਮਾਨ ਹੁੰਦੀ ਹੈ। ਸਮਾਜ ਵਿਚਲੇ ਗੈਂਗਸਟਰ ਕਲਚਰ, ਧੀਆਂ, ਭੈਣਾਂ ਤੇ ਮੈਲੀ ਨਜ਼ਰ ਰਖਣੀ ਵੀ ਉਸ ਨੂੰ ਚਿੰਤਤ ਕਰਦੀ ਹੈ। ਔਰਤ ਲਈ ਇਕ ਪੇਕਾ ਘਰ ਤੇ ਦੂਜਾ ਸਹੁਰਾ ਘਰ ਹੀ ਹਿੱਸੇ ਆਉਂਦਾ ਹੈ। ਉਹ ਆਪਣੇ ਘਰ ਦੀ ਕਾਮਨਾ ਕਰਦਿਆਂ ਸ਼ਿਅਰ ਸਿਰਜਦੀ ਹੈ –
” ਹੈ ਮੇਰਾ ਪੇਕਾ ਤੇ ਸਹੁਰਾ ਘਰ ਸਦਾ ਸੁਣਦੀ ਰਹੀ,
ਆਪਣਾ ਘਰ ਕਹਿ ਸਕਾਂ ਜਿਸ ਨੂੰ ਤੂੰ ਉਹ ਘਰ ਮੋੜ ਦੇ। ” (ਪੰਨਾ 31)
ਬਚਪਨ ਦੇ ਦਿਨਾਂ ਨੂੰ ਯਾਦ ਕਰਦੀ ਤੇ ਉਹਨਾਂ ਹਾਲਾਤਾਂ ਦਾ ਜ਼ਿਕਰ ਕਰਦੀ ਹੋਈ ਪਰਿਵਾਰਾਂ ਦਾ ਇਕੱਠੇ ਰਹਿਣਾ, ਖੁਸ਼ਹਾਲੀ, ਬੇਫਿਕਰੀ ਅਤੇ ਨਾਲ ਖੇਡਦੇ ਬਾਲਾਂ ਬਾਰੇ ਗ਼ਜ਼ਲ ਵਿਚ ਲਿਖਦੀ ਹੈ ਕਿ –
” ਬੜੇ ਹੀ ਖੂਬਸੂਰਤ ਸਨ ਉਦੋਂ ਸਭ ਸਾਲ ਬਚਪਨ ਵਿੱਚ,
ਅਸੀ ਰਹਿੰਦੇ ਸੀ ਜਦ ‘ ਕੱਠੇ ਬਜ਼ੁਰਗਾਂ ਨਾਲ ਬਚਪਨ ਵਿੱਚ।” (ਪੰਨਾ 45)
ਇਸੇ ਤਰ੍ਹਾਂ ਵਕਤ ਨੂੰ ਬਦਲਣ ਦੀ ਪ੍ਰਕਿਰਿਆ ਕਰਕੇ ਸਭ ਕੁਝ ਬਦਲ ਜਾਂਦਾ ਦਿਸਦਾ ਹੈ। ਮਨੁੱਖ ਦੀਆਂ ਸ਼ਕਲਾਂ ਦਾ ਬਦਲਣਾ, ਗਿਆ ਸਮਾਂ ਵਾਪਸ ਨਾ ਆਉਣਾ, ਆਪਾ ਧਾਪੀ ਦਾ ਮਚਣਾ ਸਾਰਾ ਸਮੇਂ ਦਾ ਖੇਲ ਹੈ। ਸਮਾਂ ਮਨੁੱਖ ਨੂੰ ਬਹੁਤ ਕਝ ਸਿਖਾਉਂਦਾ ਹੈ ਪਰ ਮਨੁੱਖ ਫਿਰ ਵੀ ਨਹੀਂ ਸਮਝਦਾ। ਨਾਲ ਹੀ ਮਾਂ ਬੋਲੀ ਦੀ ਚੜ੍ਹਤ ਅਤੇ ਫੈਲਾਉਣ ਦਾ ਅਹਿਦ ਕਰਦੀ ਜਾਪਦੀ ਹੈ ਜਦੋਂ ਆਖਦੀ ਹੈ –
” ਘਰ ਘਰ ਵਿਚ ਮੈ ਸਭ ਨੂੰ ਬੋਲਣ ਲਾਵਾਂਗੀ।
ਮਾਂ ਬੋਲੀ ਨੂੰ ਬਣਦਾ ਮਾਣ ਦੀਵਾਵਾਂਗੀ।” (ਪੰਨਾ 74)
ਜਦੋਂ ਪੁਸਤਕ ਦੇ ਗੀਤਾਂ ਦਾ ਅਧਿਐਨ ਕਰੀਏ ਤਾਂ ਪੁਸਤਕ ਵਿਚ ਸੋਲਾਂ ਗੀਤ ਹਨ ਜਿਨ੍ਹਾਂ ਵਿੱਚ ਮਾਂ ਪਿਓ ਦਾ ਰੁਤਬਾ, ਧੀਆਂ ਦੇ ਦੁੱਖ, ਭਰੂਣ ਹੱਤਿਆਂ, ਕੁਦਰਤ ਵਿੱਚ ਪ੍ਰਦੂਸ਼ਣ, ਕਾਲ਼ੇ ਕਾਨੂੰਨ ਵਰਗੇ ਵਿਸ਼ਿਆਂ ਦਾ ਗਿਆਨ ਹੁੰਦਾ ਹੈ।
“ਮੰਨਿਆ ਮਾਂ ਤਾਂ ਮਾਂ ਹੁੰਦੀ ਏ, ਸੰਘਣੇ ਰੁੱਖ ਦੀ ਛਾਂ ਹੁੰਦੀ ਏ।
ਸੱਚ ਜਾਣਿਓ ਬਾਬਲ ਦੀ ਵੀ ਇਕ ਵਲਿਖਣ ਥਾਂ ਹੁੰਦੀ ਏ।” (ਪੰਨਾ 80)
ਪੁਸਤਕ ਵਿਚ ਇਕ ਮੋਟਿਵੈਸ਼ਨਲ ਦੋਗਾਣਾ ਵੀ ਹੈ ਜਿਸ ਰਾਹੀਂ ਅੱਖਾਂ ਦਾਨ ਕਰਕੇ ਚਾਨਣ ਭਰਨ ਦੀ ਗੱਲ ਕੀਤੀ ਗਈ ਹੈ। ਨਾਲ ਹੀ ਕੋਰੋਨਾ ਸਮੇਂ ਦਾ ਜਿਕਰ ਵੀ ਕੀਤਾ ਗਿਆ ਹੈ। ਪੁਸਤਕ ਦੇ ਅਗਲੇ ਭਾਗ ਵਿੱਚ ਕੇਵਲ ਅੱਠ ਕਵਿਤਾਵਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਨਸ਼ਾ, ਨਾਰੀ ਸ਼ਕਤੀਕਰਣ ਅਤੇ ਪਿਓ ਦਾ ਬਾਲੜੀ ਲਈ ਪਿਆਰ ਦੀ ਗੱਲ ਕੀਤੀ ਗਈ ਹੈ। ਬਦਲਦੇ ਹਾਲਾਤਾਂ ਨਾਲ ਕਮਜੋਰ ਵਰਗ ਦੇ ਲੋਕਾਂ ਦਾ ਤਕੜੇ ਹੋਣ ਬਾਰੇ , ਆਸਤਿਕ, ਨਾਸਤਿਕ ਦੀ ਗੱਲ ਕਰਦੀ ਹੈ। ਪੁਸਤਕ ਦੇ ਅੰਤ ਵਿੱਚ ਲੇਖਿਕਾ ਦਾ ਜੀਵਨ ਬਿਓਰਾ ਦਰਜ ਹੈ।
ਪੁਸਤਕ ਪਾਠਕਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਦੀ ਹੈ। ਕਿਉੰਕਿ ਰਚਨਾਵਾਂ ਦੀ ਭਾਸ਼ਾ ਸਰਲ ਅਤੇ ਸੌਖੀ ਹੈ। ਵਿਸ਼ਾ ਚਲੰਤ ਮਾਮਲਿਆਂ ਤੇ ਅਧਾਰਤ ਹੈ। ਤਿੰਨ ਉਪ ਵਿਧਾਵਾਂ ਸ਼ਾਮਲ ਕਰਕੇ ਬਹੁਤ ਖੂਬਸੂਰਤ ਗੁਲਦਸਤਾ ਬਣਾਇਆ ਗਿਆ ਹੈ। ਲੇਖਿਕਾ ਵਧਾਈ ਦੀ ਪਾਤਰ ਹੈ।



