HOME “ਨਿੱਕੀ ਜ਼ਿੰਦਗੀ”

“ਨਿੱਕੀ ਜ਼ਿੰਦਗੀ”

2
ਸੰਦੀਪ ਸਿੰਘ 'ਬਖੋਪੀਰ'

  (ਸਮਾਜ ਵੀਕਲੀ) 

ਨਿੱਕੀ ਜ਼ਿੰਦਗੀ ਸਫਰ ਲੰਮੇਰੇ,
ਯਾਦਾਂ ਘੁੰਮਣ ਚਾਰ ਚੁਫ਼ੇਰੇ।
ਜਿੰਨਾਂ ਹੁੰਦਾ ਸਾਥ ਨਿਭਾਇਆ,
ਭੁੱਲਦੇ ਨਾ ਉਹ ਆਪਣੇ ਚਿਹਰੇ।
ਪਿੱਠ ਪਿੱਛੇ ਜਿਨਾਂ ਨਿੰਦਿਆ ਹੁੰਦਾ,
ਉਹ ਵੀ ਦਿੰਦੇ ਸਬਕ ਵਧੇਰੇ।
ਦਰਦਾਂ ਤੇ ਉਹ ਮੱਲ੍ਹਮ ਲਾਉਂਦੇ,
ਮਿਲੇ ਜੋ ਲੈਕੇ ਹੱਸਦੇ ਚਿਹਰੇ।
ਯਾਦਾਂ ਦੇ ਫੁੱਲ ਜ਼ਿੰਦਗੀ ਅੰਦਰ,
ਖਿੜੇ ਰਹਿੰਦੇ ਨੇ, ਚੱਤੋਂ ਪਹਿਰੇ।
ਅਕਸਰ ਵਿਛੜੇ ਮਿਲ ਜਾਂਦੇ ਨੇ,
ਜ਼ਿੰਦਗੀ ਵਾਲੇ ਗੋਲ ਨੇ ਘੇਰੇ।
ਆਪਣਿਆਂ ਉੱਤੋਂ, ਸਦਕੇ ਜਾਈਏ,
ਘੱਟ ਮਿਲਦੇ ਇੱਥੇ, ਆਪਣੇ ਚਿਹਰੇ।
ਜ਼ਿੰਦਗੀ ਹੁੰਦੀ, ਪੰਡ ਯਾਦਾਂ ਦੀ,
ਰਸਤੇ ਲੰਮੇ, ਦਰਦ ਬਥੇਰੇ।
ਦਿਲ ਤੋਂ ਜਿਹੜੇ ਮਿਲੇ ਹੁੰਦੇ ਨੇ,
ਭੁੱਲਦੇ ਨਹੀਓ,ਅਕਸਰ ਚਿਹਰੇ।
ਦੋ ਪਲ ਕਿਸੇ ਨੂੰ ਮਿਲਣ, ਜੇ ਜਾਓ,
ਮਿਲੋ ਨਾ ਲੈ ਕੇ ਰੋਂਦੇ ਚਿਹਰੇ।
ਹੱਸਦਿਆਂ ਦੇ ਘਰ ਵਸਦੇ ਹੁੰਦੇ,
ਪਸੰਦ ਲੋਕਾਂ ਨੂੰ ਹੱਸਦੇ ਚਿਹਰੇ।
ਖੱਟੀਆਂ ਮਿੱਠੀਆਂ ਯਾਦਾਂ ਜ਼ਿੰਦਗੀ,
ਇੱਕ ਛੱਡੀਏ ਹੋਰ, ਪੰਧ ਬਥੇਰੇ।
ਨਵੇਂ ਰਾਹਾਂ ਤੇ ਤੁਰੀਏ ਹੱਸ ਕੇ,
ਸੱਜਣ ਸਾਥੀ ਹੋਰ ਵਧੇਰੇ।
ਆਸ ਦਾ ਸੂਰਜ ਨਿਕਲ ਆਉਂਦਾ,
ਹੋਵਣ ਭਾਵੇਂ ਲੱਖ ਹਨ੍ਹੇਰੇ।
ਬੰਦਾ ਜ਼ਿੰਦਗੀ ਜਿੱਤ ਜਾਂਦਾ ਹੈ,
ਸੋਚ ਚੰਗੀ ਨਾਲ, ਨਾਲ਼ ਵੱਡੇ ਜਿਹਰੇ।
ਸੰਦੀਪ ਉਹ ਸੱਜਣ, ਸਾਹਾਂ ਵਰਗੇ,
ਦੁੱਖ ‘ਚੁ ਜਿੰਨਾਂ ਨੇ ਮੂੰਹ ਨਾ ਫੇਰੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 98153 21017

Previous articleਕਾਂਗਰਸੀ ਉਮੀਦਵਾਰ ਨਾਨਕ ਸਿੰਘ ਜੰਡੀ ਬਣੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ-  ਮੈ ਲੋਕਾਂ ਦਾ ਹਮੇਸ਼ਾ ਰਿਣੀ ਰਹਾਂਗਾ :ਚੇਅਰਮੈਨ ਜੰਡੀ 
Next articleਪਹਿਲੀ ਵੰਦੇ ਭਾਰਤ ਟ੍ਰੇਨ ਦਾ ਰੇਲ ਕੋਚ ਫੈਕਟਰੀ ਵਿੱਚ ਸਫਲ ਨਿਰਮਾਣ, 16 ਕੋਚਾਂ ਵਾਲਾ ਰੈਕ ਅੰਤਿਮ ਚਰਨ ਵਿੱਚ